ਲੁਧਿਆਣਾ (ਰਾਜ)- ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਓਰੀਸਨ ਹਸਪਤਾਲ ’ਚ ਬਜ਼ੁਰਗ ਔਰਤ ਦੀ ਲਾਸ਼ ਬਦਲੇ ਜਾਣ ਦਾ ਗੰਭੀਰ ਮਾਮਲਾ ਹੁਣ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪੁੱਜ ਗਿਆ ਹੈ। ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੇ ਜਾਣ ਅਤੇ ਧਰਨਾ ਖਤਮ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਿਸ਼ਨ ਨੇ ਪੁਲਸ ਦੇ ਨਾਲ-ਨਾਲ ਹਸਪਤਾਲ ਪ੍ਰਬੰਧਕਾਂ ਨੂੰ ਵੀ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।
ਪਰਿਵਾਰ ਵਾਲਿਆਂ ਨੇ ਪੁਲਸ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ ਹਨ। ਦੋਸ਼ ਹੈ ਕਿ ਮਾਮਲਾ ਹਸਪਤਾਲ ਦੇ ਅਣਪਛਾਤੇ ਸਟਾਫ ’ਤੇ ਦਰਜ ਕਰ ਕੇ ਪੁਲਸ ਜਾਣਬੁੱਝ ਕੇ ਪ੍ਰਬੰਧਕਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਪਰਿਵਾਰ ਨੇ ਕਿਹਾ ਕਿ ਪੁਲਸ ਇਹ ਪਤਾ ਲਗਾਉਣ ’ਚ ਨਾਕਾਮ ਰਹੀ ਕਿ ਜਸਬੀਰ ਕੌਰ ਦੀ ਲਾਸ਼ ਹਸਪਤਾਲ ਤੋਂ ਬਾਹਰ ਕਿਵੇਂ ਗਈ। ਕਈ ਵਾਰ ਸੀ. ਸੀ. ਟੀ. ਵੀ. ਫੁਟੇਜ ਦਿਖਾਉਣ ਦੀ ਮੰਗ ਕੀਤੀ ਗਈ ਪਰ ਪੁਲਸ ਕੋਈ ਵੀਡੀਓ ਉਪਲਬਧ ਨਹੀਂ ਕਰਵਾ ਸਕੀ। ਪੀੜਤ ਪਰਿਵਾਰ ਦੀ ਮੰਗ ਹੈ ਕਿ ਜਸਵੀਰ ਕੌਰ ਦੀ ਅਸਲੀ ਲਾਸ਼ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਲਾਸ਼ ਚੋਰੀ ਦੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ। ਮਨੁੱਖੀ ਅਧਿਕਾਰ ਕਮਿਸ਼ਨ ਨੇ ਪਰਿਵਾਰ ਵਾਲਿਆਂ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਸਬੰਧਤ ਧਿਰਾਂ ਤੋਂ ਜਵਾਬ-ਤਲਬੀ ਕੀਤੀ ਹੈ।
ਦੱਸ ਦੇਈਏ ਕਿ ਮੋਗਾ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਆਪਣੀ ਪਤਨੀ ਜਸਵੀਰ ਕੌਰ (72) ਨੂੰ ਪੇਟ ਦੀ ਤਕਲੀਫ ਨੂੰ ਲੈ ਕੇ 10 ਦਸੰਬਰ ਨੂੰ ਓਰੀਸਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ 19 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋਵੇਂ ਬੇਟੇ ਕੈਨੇਡਾ ਵਿਚ ਰਹਿੰਦੇ ਹਨ, ਇਸ ਲਈ ਪਰਿਵਾਰ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਸੀ, ਤਾਂ ਕਿ ਬੇਟਿਆਂ ਦੇ ਭਾਰਤ ਪੁੱਜਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾ ਸਕੇ। ਜਦੋਂ 2 ਦਿਨ ਬਾਅਦ ਉਹ ਹਸਪਤਾਲ ਪੁੱਜੇ ਤਾਂ ਮੋਰਚਰੀ ਵਿਚ ਉਨ੍ਹਾਂ ਦੀ ਪਤਨੀ ਦੀ ਲਾਸ਼ ਨਹੀਂ ਮਿਲੀ। ਫ੍ਰੀਜ਼ਰ ’ਚ ਕਿਸੇ ਹੋਰ ਔਰਤ ਦੀ ਲਾਸ਼ ਰੱਖੀ ਹੋਈ ਸੀ।
ਪੰਜਾਬ ਹਾਈ ਕੋਰਟ ਦਾ ਅਹਿਮ ਫ਼ੈਸਲਾ! ਆਪਣਾ ਘਰ ਬਣਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
NEXT STORY