ਲੁਧਿਆਣਾ (ਰਾਜ)- ਕੈਦੀਆਂ ਅਤੇ ਹਵਾਲਾਤੀਆਂ ਦੀ ਸੁਰੱਖਿਆ ਤੇ ਕਸਟੱਡੀ ਨੂੰ ਲੈ ਕੇ ਪੁਲਸ ਮੁਲਾਜ਼ਮਾਂ ਦੀ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਕਾਰਜਸ਼ੈਲੀ ਇਕ ਵਾਰ ਫ਼ਿਰ ਸਾਹਮਣੇ ਆਈ ਹੈ। ਅਦਾਲਤ ’ਚ ਪੇਸ਼ੀ ਦੌਰਾਨ ਜਾਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਜਾਂਦੇ ਸਮੇਂ ਪੁਲਸ ਕਰਮਚਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਘੋਰ ਲਾਪ੍ਰਵਾਹੀ ਵਰਤ ਰਹੇ ਹਨ। ਹੱਥਕੜੀ ਲੱਗੀ ਹੋਣ ਦੇ ਬਾਵਜੂਦ ਪੁਲਸ ਮੁਲਾਜ਼ਮ ਹਵਾਲਾਤੀਆਂ ਨੂੰ ਬਿਨਾਂ ਫ਼ੜੇ ਜਾਂ ਰੱਸੀ ਫੜੇ ਛੱਡ ਦਿੰਦੇ ਹਨ, ਜਿਸ ਕਾਰਨ ਹਵਾਲਾਤੀ ਅੱਗੇ-ਅੱਗੇ ਬੇਫ਼ਿਕਰ ਚੱਲਦੇ ਹਨ ਅਤੇ ਮੁਲਾਜ਼ਮ ਆਰਾਮ ਨਾਲ ਪਿੱਛੇ-ਪਿੱਛੇ ਤੁਰਦੇ ਨਜ਼ਰ ਆਉਂਦੇ ਹਨ। ਅਜਿਹੀ ਲਾਪ੍ਰਵਾਹੀ ਦਾ ਫ਼ਾਇਦਾ ਚੁੱਕ ਕੇ ਜੇਕਰ ਕੋਈ ਸ਼ਾਤਰ ਮੁਲਜ਼ਮ ਫ਼ਰਾਰ ਹੋ ਜਾਵੇ, ਤਾਂ ਬਾਅਦ ’ਚ ਪੁਲਸ ਮੁਲਾਜ਼ਮ ਇਹੋ ਘਿਸਿਆ-ਪਿਟਿਆ ਬਹਾਨਾ ਬਣਾਉਂਦੇ ਹਨ ਕਿ ਮੁਲਜ਼ਮ ਧੱਕਾ ਦੇ ਕੇ ਜਾਂ ਝਕਾਨੀ ਦੇ ਕੇ ਭੱਜ ਨਿਕਲਿਆ।
‘ਜਗ ਬਾਣੀ’ ਦੇ ਕੈਮਰੇ ’ਚ ਕੈਦ ਹੋਈ ਮੁਲਾਜ਼ਮਾਂ ਦੀ ਲਾਪ੍ਰਵਾਹੀ
‘ਜਗ ਬਾਣੀ’ ਦੀ ਟੀਮ ਨੇ ਕੋਰਟ ਕੰਪਲੈਕਸ ਅਤੇ ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਿੱਥੇ ਪੁਲਸ ਦੀ ਇਸ ਢਿੱਲੀ ਕਾਰਜਪ੍ਰਣਾਲੀ ਦੀ ਪੋਲ ਖੁੱਲ੍ਹਦੀ ਸਾਫ਼ ਨਜ਼ਰ ਆਈ। ਤਸਵੀਰਾਂ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹੱਥਕੜੀ ’ਚ ਜਕੜੇ ਹਵਾਲਾਤੀ ਅੱਗੇ-ਅੱਗੇ ਖੁੱਲ੍ਹੇਆਮ ਚੱਲ ਰਹੇ ਹਨ, ਜਦਕਿ ਉਨ੍ਹਾਂ ਦੀ ਕਸਟੱਡੀ ’ਚ ਤਾਇਨਾਤ ਪੁਲਸ ਕਰਮੀ ਹੱਥਕੜੀ ਦੀ ਰੱਸੀ ਫ਼ੜੇ ਬਿਨਾਂ ਬੇਪ੍ਰਵਾਹ ਹੋ ਕੇ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਨ।
ਅਜਿਹੇ ਹੀ ਇਕ ਹਵਾਲਾਤੀ ਖ਼ੁਦ ਹੀ ਹੱਥਕੜੀ ਹੱਥ ’ਚ ਫ਼ੜ ਕੇ ਚੱਲ ਰਿਹਾ ਹੈ, ਜਦਕਿ ਉਸ ਦੇ ਨਾਲ ਪੁਲਸ ਵਾਲਾ ਤੁਰ ਰਿਹਾ ਹੈ। ਇਸੇ ਤਰ੍ਹਾਂ ਬਾਈਕ ’ਤੇ ਵੀ ਹਵਾਲਾਤੀ ਨੂੰ ਬਿਠਾ ਕੇ ਮੁਲਾਜ਼ਮ ਬਾਈਕ ਚਲਾ ਰਿਹਾ ਹੈ, ਅਜਿਹੇ ਵਿਚ ਜੇਕਰ ਉਹ ਬਾਈਕ ਤੋਂ ਉਤਰ ਕੇ ਭੱਜ ਜਾਵੇ ਤਾਂ ਕੀ ਹੋਵੇਗਾ? ਕੋਰਟ ਕਚਹਿਰੀ ਅਤੇ ਸਿਵਲ ਹਸਪਤਾਲ ਵਰਗੀਆਂ ਬੇਹੱਦ ਭੀੜ-ਭੜੱਕੇ ਵਾਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਅਜਿਹੀ ਢਿੱਲ ਕਿਸੇ ਵੱਡੇ ਖ਼ਤਰੇ ਨੂੰ ਸੱਦਾ ਦੇਣ ਵਰਗੀ ਹੈ। ਭੀੜ ਦਾ ਫ਼ਾਇਦਾ ਚੁੱਕ ਕੇ ਕੋਈ ਵੀ ਮੁਲਜ਼ਮ ਪਲਕ ਝਪਕਦਿਆਂ ਹੀ ਰਫ਼ੂ-ਚੱਕਰ ਹੋ ਸਕਦਾ ਹੈ।
ਪੁਰਾਣੇ ਮਾਮਲਿਆਂ ਤੋਂ ਵੀ ਨਹੀਂ ਲਿਆ ਕੋਈ ਸਬਕ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੁਲਸ ਦੀ ਇਸ ਤਰ੍ਹਾਂ ਦੀ ਸੁਸਤੀ ਸਾਹਮਣੇ ਆਈ ਹੋਵੇ। ਪਹਿਲਾਂ ਵੀ ਲੁਧਿਆਣਾ ਕੋਰਟ ਕੰਪਲੈਕਸ ਅਤੇ ਸਿਵਲ ਹਸਪਤਾਲ ਤੋਂ ਕਈ ਸ਼ਾਤਰ ਕੈਦੀ ਤੇ ਹਵਾਲਾਤੀ ਪੁਲਸ ਕਰਮਚਾਰੀਆਂ ਨੂੰ ਝਕਾਨੀ ਦੇ ਕੇ, ਧੱਕਾ ਮਾਰ ਕੇ ਜਾਂ ਹੱਥਕੜੀ ਛੁਡਾ ਕੇ ਫ਼ਰਾਰ ਹੋ ਚੁੱਕੇ ਹਨ। ਅਜਿਹੀਆਂ ਵਾਰਦਾਤਾਂ ਤੋਂ ਬਾਅਦ ਅਕਸਰ ਵਿਭਾਗੀ ਜਾਂਚ ਅਤੇ ਮੁਅੱਤਲੀ (ਸਸਪੈਂਡ) ਦੀਆਂ ਰਸਮੀ ਕਾਰਵਾਈਆਂ ਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਮੁਲਾਜ਼ਮ ਆਪਣੀਆਂ ਪੁਰਾਣੀਆਂ ਆਦਤਾਂ ਤੋਂ ਕੋਈ ਸਬਕ ਲੈਂਦੇ ਦਿਖਾਈ ਨਹੀਂ ਦੇ ਰਹੇ।
ਫ਼ਰਾਰ ਹੋਣ ’ਤੇ ਕਿਸ ਦੀ ਤੈਅ ਹੋਵੇਗੀ ਜ਼ਿੰਮੇਵਾਰੀ?
ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਸ ਲਾਪ੍ਰਵਾਹੀ ਦੌਰਾਨ ਕੋਈ ਸੰਗੀਨ ਅਪਰਾਧ ਦਾ ਮੁਲਜ਼ਮ ਫ਼ਰਾਰ ਹੋ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਅਕਸਰ ਅਜਿਹੇ ਮਾਮਲਿਆਂ ’ਚ ਮੁਲਾਜ਼ਮ ਖ਼ੁਦ ਦਾ ਬਚਾਅ ਕਰਨ ਲਈ ਰਿਪੋਰਟ ਵਿਚ ਲਿਖ ਦਿੰਦੇ ਹਨ ਕਿ ਮੁਲਜ਼ਮ ਧੱਕਾ ਦੇ ਕੇ ਭੱਜ ਗਿਆ, ਜਦਕਿ ਅਸਲਿਅਤ ਇਹ ਹੈ ਕਿ ਨਿਯਮਾਂ ਮੁਤਾਬਕ ਹਵਾਲਾਤੀ ਨੂੰ ਮਜ਼ਬੂਤੀ ਨਾਲ ਫ਼ੜ ਕੇ ਲੈ ਜਾਣ ਦੀ ਬੁਨਿਆਦੀ ਜ਼ਿੰਮੇਵਾਰੀ ਵੀ ਨਹੀਂ ਨਿਭਾਈ ਜਾ ਰਹੀ।
ਜਿਊਲਰੀ ਦੀ ਦੁਕਾਨ 'ਚ ਗਾਹਕ ਬਣ ਕੇ ਆਏ 2 ਸ਼ਾਤਰਾਂ ਨੇ ਚੋਰੀ ਕੀਤੀ ਚਾਂਦੀ ਦੀ ਚੇਨ
NEXT STORY