ਚੰਡੀਗੜ੍ਹ : ਸੂਬੇ ਦੇ ਕੁਝ ਇਲਾਕਿਆਂ 'ਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਨਾਮੀ ਲਾਗ ਦੀ ਬੀਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਜਾਗਰੂਕਤਾ ਵਾਸਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਮੰਤਰੀ ਨੇ ਦੱਸਿਆ ਕਿ ਲਾਗ ਦੀ ਬੀਮਾਰੀ ਹੋਣ ਕਰਕੇ ਲੰਪੀ ਸਕਿਨ ਗਾਵਾਂ/ਮੱਝਾਂ ਵਿੱਚ ਬਹੁਤ ਜਲਦੀ ਫੈਲਦੀ ਹੈ। ਇਸ ਬੀਮਾਰੀ ਦਾ ਵਾਇਰਸ ਕੈਪਰੀ ਪਾਕਸ ਮੱਖੀ/ਮੱਛਰ/ਚਿੱਚੜਾਂ ਰਾਹੀਂ ਪਸ਼ੂਆਂ ਵਿੱਚ ਫੈਲਦਾ ਹੈ, ਜਿਸ ਕਾਰਨ ਪਸ਼ੂਆਂ ਨੂੰ ਬੁਖ਼ਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਦੇ ਲਗਭਗ ਸਾਰੇ ਹਿੱਸਿਆਂ 'ਤੇ ਧੱਫੜ ਪੈ ਜਾਂਦੇ ਹਨ। ਹਾਲਾਂਕਿ ਪਸ਼ੂ ਹਫ਼ਤੇ ਬਾਅਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਡੇਅਰੀ ਫਾਰਮਰਾਂ ਨੂੰ ਪਸ਼ੂਆਂ ਦੇ ਬਚਾਅ ਲਈ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ : CM ਨੇ 3 ਮਹਿਲਾ ਵਿਧਾਇਕਾਂ ਨੂੰ ਰੀਪ੍ਰੋਡਕਟਿਵ ਟੈਕਨਾਲੋਜੀ ਤੇ ਸਰੋਗੇਸੀ ਬੋਰਡ ਦੇ ਗੈਰ-ਸਰਕਾਰੀ ਮੈਂਬਰ ਨਾਮਜ਼ਦ ਕੀਤਾ
ਭੁੱਲਰ ਨੇ ਖੇਤਰ 'ਚ ਤਾਇਨਾਤ ਸਮੂਹ ਵੈਟਰਨਰੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਨਿਰੰਤਰ ਦੌਰੇ ਕਰਦੇ ਰਹਿਣ ਅਤੇ ਕਿਤੇ ਵੀ ਇਸ ਬੀਮਾਰੀ ਦੇ ਫੈਲਣ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ। ਉਨ੍ਹਾਂ ਕਿਹਾ ਕਿ ਵੈਟਰਨਰੀ ਅਫ਼ਸਰ/ਵੈਟਨਰੀ ਇੰਸਪੈਕਟਰ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਪਸ਼ੂ ਪਾਲਕਾਂ/ਕਿਸਾਨਾਂ ਨੂੰ ਬੀਮਾਰੀ ਦੇ ਲੱਛਣਾਂ/ਰੋਕਥਾਮ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣ ਲਈ ਗੁਰਦੁਆਰਿਆਂ/ਹੋਰ ਧਾਰਮਿਕ ਅਸਥਾਨਾਂ ਤੋਂ ਲਾਊਡ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਾਉਣ ਤੇ ਸਰਪੰਚਾਂ ਰਾਹੀਂ ਪਿੰਡ ਵਾਸੀਆਂ ਦਾ ਇਕੱਠ ਕਰਵਾ ਕੇ ਬੀਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਪਸ਼ੂ ਧਨ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਪੱਧਰੀ ਟੀਮਾਂ ਪਹਿਲਾਂ ਹੀ ਗਠਿਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਰਥ ਰਿਜਨਲ ਡਵੀਜ਼ਨ ਡਾਇਗਨੌਸਟਿਕ ਲੈਬ (ਐੱਨ.ਆਰ.ਡੀ.ਡੀ.ਐੱਲ.) ਜਲੰਧਰ ਦੀ ਟੀਮ ਵੀ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਮੁਲਾਜ਼ਮ ਪਸ਼ੂ ਪਾਲਕਾਂ ਦੀ ਹਰ ਪੱਖੋਂ ਸਹਾਇਤਾ ਕਰ ਰਹੇ ਹਨ। ਇਸ ਲਈ ਪਸ਼ੂ ਪਾਲਕ ਕਿਸੇ ਘਬਰਾਹਟ ਵਿੱਚ ਨਾ ਆਉਣ।
ਇਹ ਵੀ ਪੜ੍ਹੋ : 'ਆਪ' ਸਰਕਾਰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਤੇ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਵਚਨਬੱਧ : ਚੀਮਾ
ਭੁੱਲਰ ਨੇ ਉਚੇਚੇ ਤੌਰ 'ਤੇ ਕਿਹਾ ਕਿ ਭਾਵੇਂ ਇਸ ਬੀਮਾਰੀ ਦੀ ਮਨੁੱਖਾਂ ਵਿੱਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਪਰ ਫਿਰ ਵੀ ਪਸ਼ੂਆਂ ਦੀ ਦੇਖਭਾਲ ਵਾਲੇ ਕਾਮੇ/ਪਸ਼ੂ ਪਾਲਕ ਹੈਂਡ ਸੈਨੇਟਾਈਜ਼ਰ, ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਨ। ਇਸ ਗੱਲ ਦਾ ਵੀ ਖ਼ਾਸ ਖਿਆਲ ਰੱਖਿਆ ਜਾਵੇ ਕਿ ਬੀਮਾਰ ਪਸ਼ੂਆਂ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਤੰਦਰੁਸਤ ਪਸ਼਼ੂਆਂ ਦੇ ਸ਼ੈੱਡਾਂ ਵਿੱਚ ਨਾ ਜਾਵੇ।
ਐਡਵਾਈਜ਼ਰੀ ਮੁਤਾਬਕ ਬੀਮਾਰੀ ਤੋਂ ਬਚਾਅ ਦੇ ਤਰੀਕੇ
ਐਡਵਾਈਜ਼ਰੀ ਮੁਤਾਬਕ ਪਸ਼ੂ ਪਾਲਕ ਬੀਮਾਰੀ ਦੇ ਲੱਛਣ ਪਾਏ ਜਾਣ 'ਤੇ ਤੁਰੰਤ ਨੇੜਲੇ ਪਸ਼ੂ ਹਸਪਤਾਲ ਦੇ ਵੈਟਰਨਰੀ/ਪੈਰਾ-ਵੈਟਰਨਰੀ ਸਟਾਫ਼ ਨੂੰ ਸੂਚਿਤ ਕਰਨ ਅਤੇ ਪੀੜਤ ਪਸ਼ੂਆਂ ਤੇ ਉਨ੍ਹਾਂ ਨਾਲ ਸਬੰਧਿਤ ਸਾਜ਼ੋ-ਸਾਮਾਨ ਤੇ ਹੋਰ ਸਮੱਗਰੀ ਨੂੰ ਤੁਰੰਤ ਬਾਕੀ ਪਸ਼ੂਆਂ ਨਾਲੋਂ ਵੱਖ ਕਰ ਦੇਣ। ਪ੍ਰਭਾਵਿਤ ਜਾਂ ਸ਼ੱਕੀ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਕੀਤੀ ਜਾਵੇ ਅਤੇ ਪ੍ਰਭਾਵਿਤ ਜਾਨਵਰ ਕਿਸੇ ਵੀ ਹਾਲਤ ਵਿੱਚ ਕਿਸੇ ਹੋਰ ਫਾਰਮ, ਪਿੰਡ ਜਾਂ ਹਲਕੇ 'ਚ ਨਾ ਭੇਜਿਆ ਜਾਵੇ। ਬੀਮਾਰੀ ਤੋਂ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਦੀ ਆਵਾਜਾਈ, ਖ਼ਰੀਦੋ-ਫਰੋਖ਼ਤ ਮੁਕੰਮਲ ਤੌਰ 'ਤੇ ਬੰਦ ਕੀਤੀ ਜਾਵੇ। ਮੱਖੀ/ਮੱਛਰ/ਚਿੱਚੜਾਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਡੇਅਰੀ ਫਾਰਮ/ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਵਿਭਾਗ ਦੇ ਸਟਾਫ਼ ਨਾਲ ਸਲਾਹ-ਮਸ਼ਵਰਾ ਕਰਕੇ ਫਾਰਮਲੀਨ 1 ਫ਼ੀਸਦੀ ਜਾਂ ਸੋਡੀਅਮ ਹਾਈਪੋਕਲੋਰਾਈਟ 2-3 ਫ਼ੀਸਦੀ ਆਦਿ ਦੀ ਵਰਤੋਂ ਕੀਤੀ ਜਾਵੇ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇ ਸਾਨ੍ਹਾਂ ਵਿੱਚ ਇਹ ਬੀਮਾਰੀ ਆਉਂਦੀ ਹੈ ਤਾਂ ਉਨ੍ਹਾਂ ਤੋਂ ਵੀਰਜ ਪ੍ਰਾਪਤ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : CM ਮਾਨ ਵੱਲੋਂ ਨਾਰਕੋ-ਗੈਂਗਸਟਰ-ਅੱਤਵਾਦ ਗਠਜੋੜ ਦੇ ਖ਼ਾਤਮੇ ਲਈ ਸੂਬਿਆਂ ਦੀ ਏਕੀਕ੍ਰਿਤ ਕਾਰਵਾਈ ਦੀ ਵਕਾਲਤ
ਬਚਾਅ ਲਈ ਤੰਦਰੁਸਤ ਗਾਵਾਂ ਨੂੰ ਲਗਾਈ ਜਾਵੇ ਗੋਟ-ਪੌਕਸ ਵੈਕਸੀਨ
ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਤੰਦਰੁਸਤ ਗਾਵਾਂ ਨੂੰ ਗੋਟ-ਪੌਕਸ ਵੈਕਸੀਨ ਲਵਾਉਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਅਗਾਊਂ ਬਚਾਇਆ ਜਾ ਸਕੇ। ਵਿਭਾਗ ਦੇ ਸਟਾਫ਼ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵੈਕਸੀਨ ਲਗਾਉਣ ਵੇਲੇ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵੈਕਸੀਨ ਲਗਾਈ ਜਾਵੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਰਖ਼ਾਸਤ ਇੰਸਪੈਕਟਰ ਬਾਜਵਾ ਦੇ ਘਰੋਂ 3710 ਨਸ਼ੇ ਵਾਲੀਆਂ ਗੋਲ਼ੀਆਂ ਤੇ ਨਸ਼ੀਲਾ ਪਾਊਡਰ ਬਰਾਮਦ
NEXT STORY