ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਮਾਮੇ ਅਤੇ ਮਾਛੀਵਾੜਾ ਦੇ ਇੱਕ ਕਾਂਗਰਸੀ ਧੜੇ ਨੇ ਆਪਣੀ ਹੀ ਪਾਰਟੀ ਨੂੰ ਬਾਗੀ ਤੇਵਰ ਦਿਖਾਉਂਦਿਆਂ ਹਲਕਾ ਸਮਰਾਲਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ ਜੋ ਕਿ ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦਾਣਾ ਮੰਡੀ ਵਿਚ ਆੜ੍ਹਤੀਆਂ ਦਾ ਇੱਕ ਵੱਡਾ ਇਕੱਠ ਕੀਤਾ। ਇਸ ਵਿਚ ਕਾਂਗਰਸੀ ਆਗੂਆਂ ਦੇ ਨਾਲ-ਨਾਲ ਕੁੱਝ ਹੋਰ ਸਿਆਸੀ ਪਾਰਟੀਆਂ ਦੇ ਆੜ੍ਹਤੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇੱਕਜੁਟ ਹੋ ਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਾਜੇਵਾਲ ਨੂੰ ਜਿਤਾਉਣ ਦਾ ਪ੍ਰਣ ਕੀਤਾ। ਅਨਾਜ ਮੰਡੀ ਵਿਖੇ ਹੋਏ ਸਮਾਗਮ ਦੌਰਾਨ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਦੇ ਸਪੁੱਤਰ ਤੇਜਿੰਦਰ ਸਿੰਘ ਤੇਜੀ ਪੁੱਜੇ ਜਿਨ੍ਹਾਂ ਆੜ੍ਹਤੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ’ਤੇ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ ਅਤੇ ਟਰਾਂਸਪੋਰਟਰ ਰਾਜਵੰਤ ਸਿੰਘ ਕੂੰਨਰ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਕੇ ਆੜ੍ਹਤੀਆਂ ਦਾ ਕਾਰੋਬਾਰ ਬਚਾਇਆ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵਿਕਣ ਤੋਂ ਬਚਾਈਆਂ। ਉਨ੍ਹਾਂ ਕਿਹਾ ਕਿ ਜੇਕਰ ਬਲਵੀਰ ਸਿੰਘ ਰਾਜੇਵਾਲ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਸੰਘਰਸ਼ ਨਾ ਲੜਦੇ ਤਾਂ ਪੰਜਾਬ ਦਾ ਹਰੇਕ ਵਰਗ ਤਬਾਹੀ ਕਿਨਾਰੇ ਪਹੁੰਚ ਜਾਣਾ ਸੀ। ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਮਾਛੀਵਾੜਾ ਦੇ ਬਹੁ ਗਿਣਤੀ ਆੜ੍ਹਤੀ ਜੋ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਲਵੀਰ ਸਿੰਘ ਰਾਜੇਵਾਲ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਸੋਹਣ ਲਾਲ ਸ਼ੇਰਪੁਰੀ, ਗੁਰਨਾਮ ਸਿੰਘ ਨਾਗਰਾ, ਜੇ. ਪੀ. ਸਿੰਘ ਮੱਕੜ, ਨੇਮ ਚੰਦ, ਮਨੀਸ਼ ਲੂਥੜਾ, ਸ਼ਸ਼ੀ ਭਾਟੀਆ, ਨਿਤਿਨ ਜੈਨ, ਅਮਿਤ ਭਾਟੀਆ, ਰਾਜੀਵ ਕੌਸ਼ਲ, ਪੁਨੀਤ ਜੈਨ, ਵਿਨੀਤ ਅਗਰਵਾਲ, ਹਰਿੰਦਰਮੋਹਣ ਕਾਲੜਾ, ਜਤਿੰਦਰ ਨਾਗਰਾ, ਜਤਿਨ ਚੌਰਾਇਆ, ਤੇਜਿੰਦਰ ਸਿੰਘ ਡੀ. ਸੀ,. ਵਿੱਕੀ, ਰਘਵੀਰ ਸਿੰਘ ਬਾਠ, ਅਮਰ ਸਿੰਘ, ਜਿੰਮੀ ਰੰਧਾਵਾ, ਗੁਰਮੀਤ ਸਿੰਘ ਗਰੇਵਾਲ, ਜਗਦੀਪ ਸਿੰਘ ਗਰਚਾ, ਗੁਰਬਖ਼ਸ਼ ਸਿੰਘ ਸੋਖੋਂ, ਸ਼ਿਵ ਬਾਂਸਲ, ਰਾਜੇਸ਼ ਬਾਂਸਲ, ਜਗਨਨਾਥ ਕੌਸ਼ਲ, ਅਨਿਲ ਸੂਦ, ਨਗਿੰਦਰ ਸਿੰਘ ਨਾਮਧਾਰੀ, ਮੇਜਰ ਸਿੰਘ ਰਹੀਮਾਬਾਦ, ਚੰਦਰ ਸੇਖਰ ਖੋਸਲਾ, ਮਿੰਟੂ ਰਾਮਗੜ੍ਹ, ਸੁਖਦੇਵ ਸਿੰਘ ਕਾਹਲੋਂ, ਲੱਕੀ ਗੜ੍ਹੀ ਸੈਣੀ, ਸੰਪੂਰਨ ਸਿੰਘ ਧਾਲੀਵਾਲ, ਲੱਕੀ ਮਹਿੰਦਰੂ, ਸੰਜੀਵ ਮਹਿੰਦਰੂ, ਹੈਪੀ ਕੁੰਦਰਾ, ਹਰਜੀਤ ਸਿੰਘ, ਸਮੀਰ ਕੁਮਾਰ ਵੀ ਮੌਜੂਦ ਸਨ।
ਕਾਂਗਰਸ ਚਾਹੇ ਕੱਢ ਦੇਵੇ ਪਰ ਰਾਜੇਵਾਲ ਦਾ ਕਰਾਂਗਾ ਸਮਰਥਨ : ਕੂੰਨਰ
ਕਾਂਗਰਸੀ ਆਗੂ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦਾ ਸਮਰਥਨ ਕਰਨ ’ਤੇ ਬੇਸ਼ੱਕ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦੇਵੇ ਪਰ ਉਹ ਇਸ ਵਾਰ ਬਲਵੀਰ ਸਿੰਘ ਰਾਜੇਵਾਲ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਸਾਰੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨਾਲ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਤਾਂ ਜੋ ਉਹ ਭਾਰੀ ਬਹੁਮਤ ਨਾਲ ਜਿੱਤ ਸਕਣ।
ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ
NEXT STORY