ਜਲੰਧਰ (ਧਵਨ)- ਪੰਜਾਬ ਦੇ ਦੋਆਬਾ ਖੇਤਰ ’ਚ ਐੱਸ. ਸੀ. ਰਾਜਨੀਤੀ ’ਚ ਭਾਰੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜਨੀਤੀ ’ਚ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ. ਪੀ. ਦਾ ਮੁੜ-ਵਸੇਬਾ ਹੋ ਗਿਆ ਹੈ। ਕੇ. ਪੀ. ਦੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਨੇੜਲੀ ਰਿਸ਼ਤੇਦਾਰੀ ਹੈ। ਐੱਸ. ਸੀ. ਰਾਜਨੀਤੀ ’ਚ ਕੇ. ਪੀ. ਵੱਲੋਂ ਆਉਣ ਵਾਲੇ ਦਿਨਾਂ ’ਚ ਅਹਿਮ ਭੂਮਿਕਾ ਨਿਭਾਏ ਜਾਣ ਦੇ ਸੰਕੇਤ ਮਿਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਮੇਂ ਕੇ. ਪੀ. ਹਾਲਾਂਕਿ ਰਾਜਨੀਤਕ ਖੇਤਰ ’ਚ ਸਰਗਰਮ ਰਹੇ ਪਰ ਹੁਣ ਉਨ੍ਹਾਂ ਦਾ ਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜਿਆ ਹੋਣ ਕਾਰਨ ਉਨ੍ਹਾਂ ਦੀ ਅਹਿਮੀਅਤ ਵਧਦੀ ਹੋਈ ਵਿਖਾਈ ਦੇ ਰਹੀ ਹੈ। ਪ੍ਰਬੰਧਕੀ ਅਤੇ ਪੁਲਸ ਹਲਕਿਆਂ ’ਚ ਵੀ ਕੇ. ਪੀ. ਦਾ ਦਬਦਬਾ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਝਗੜੇ ਦੌਰਾਨ 1 ਵਿਅਕਤੀ ਦੀ ਮੌਤ
ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਕੇ. ਪੀ. ਅਗਲੀਆਂ ਵਿਧਾਨ ਸਭਾ ਚੋਣਾਂ, ਜੋਕਿ ਫਰਵਰੀ ਮਹੀਨੇ ’ਚ ਹੋਣੀਆਂ ਹਨ, ਨੂੰ ਜਿੱਤ ਕੇ ਅਗਲੀ ਕਾਂਗਰਸ ਕੈਬਨਿਟ ’ਚ ਆਪਣਾ ਸਥਾਨ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਕੇ. ਪੀ. ਵੱਲੋਂ ਸੁਰੱਖਿਅਤ ਵਿਧਾਨ ਸਭਾ ਸੀਟ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਦੇ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਨੇਤਾਵਾਂ ਨੇ ਕੇ. ਪੀ. ਦੇ ਨਾਲ ਆਪਣੀਆਂ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਵੱਲੋਂ ਕੇ. ਪੀ. ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਿਸ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਜਾਂਦਾ ਹੈ।
ਇਹ ਵੀ ਪੜ੍ਹੋ : ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰੱਖੀ ਦਿਲੀ ਇੱਛਾ, ਸਰਕਾਰ ਤੋਂ ਮੰਗੀਆਂ ਮੁੱਖ ਮੰਤਰੀ ਵਰਗੀਆਂ ਸਹੂਲਤਾਂ
ਕੇ. ਪੀ. ਜਿੱਥੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਨਾਲ ਹੀ ਉਹ ਪੰਜਾਬ ’ਚ ਕੈਬਨਿਟ ਦੇ ਅੰਦਰ ਵੱਖ-ਵੱਖ ਵਿਭਾਗਾਂ ਦਾ ਸਫਲਤਾਪੂਰਵਕ ਸੰਚਾਲਨ ਵੀ ਕਰ ਚੁੱਕੇ ਹਨ। ਇਸ ਸਮੇਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੋਇਆ ਹੈ। ਇਹ ਬੋਰਡ ਪਹਿਲਾਂ ਚੰਨੀ ਦੇ ਮਹਿਕਮੇ ਦੇ ਅਧੀਨ ਕੰਮ ਕਰਦਾ ਸੀ। ਕੇ. ਪੀ. ਸ਼ਹੀਦ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਪਿਤਾ ਸਵ. ਦਰਸ਼ਨ ਸਿੰਘ ਕੇ. ਪੀ. ਨੂੰ ਅੱਤਵਾਦੀਆਂ ਨੇ ਅੱਤਵਾਦ ਦੇ ਦੌਰ ’ਚ ਸ਼ਹੀਦ ਕਰ ਦਿੱਤਾ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੇ. ਪੀ. ਰਾਜਨੀਤੀ ’ਚ ਪੂਰੀ ਤਰ੍ਹਾਂ ਸਰਗਰਮ ਵਿਖਾਈ ਦੇ ਰਹੇ ਹਨ। ਚੰਨੀ ਦੇ ਦੋਆਬਾ ’ਚ ਹੋਣ ਵਾਲੇ ਹਰ ਇਕ ਪ੍ਰੋਗਰਾਮ ’ਚ ਕੇ. ਪੀ. ਦੀ ਹਾਜ਼ਰੀ ਵੇਖੀ ਜਾ ਰਹੀ ਹੈ। ਕੱਲ ਡੇਰਾ ਬੱਲਾਂ ’ਚ ਚੰਨੀ ਆਏ ਸੀ ਤਾਂ ਉੱਥੇ ਵੀ ਕੇ. ਪੀ. ਉਨ੍ਹਾਂ ਦੇ ਨਾਲ ਸਰਗਰਮ ਸਨ ਅਤੇ ਅੱਜ ਕਪੂਰਥਲਾ ’ਚ ਵੀ ਕੇ. ਪੀ. ਮੁੱਖ ਮੰਤਰੀ ਦੇ ਨਾਲ ਵਿਖਾਈ ਦਿੱਤੇ। ਚੰਡੀਗੜ੍ਹ ’ਚ ਵੀ ਚੰਨੀ ਦੇ ਨਾਲ ਕੇ. ਪੀ. ਰਾਜਨੀਤਕ ਪ੍ਰੋਗਰਾਮਾਂ ’ਚ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਸੁਖਬੀਰ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਅਫ਼ਸਰਾਂ ਦੀ ਅਦਲਾ-ਬਦਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੈਰ ਸੰਵਿਧਾਨਕ ‘ਸੁਪਰ ਸੀ.ਐੱਮ.’ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ ਚੰਨੀ : ਸੁਖਬੀਰ ਸਿੰਘ ਬਾਦਲ
NEXT STORY