ਮੋਹਾਲੀ (ਕੁਲਦੀਪ) - ਪੰਜਾਬ ਵਿਚ ਕ੍ਰਾਊਨ ਕਰੈਡਿਟ ਕੰਪਨੀ ਵਲੋਂ ਸੈਂਕੜੇ ਲੋਕਾਂ ਨਾਲ ਕੀਤੇ ਗਏ ਕਰੋੜਾਂ ਰੁਪਇਆਂ ਦੇ ਚਿੱਟ ਫੰਡ ਘਪਲੇ ਵਾਲੇ ਕੇਸ ਵਿਚ ਸਟੇਟ ਸਾਈਬਰ ਕ੍ਰਾਈਮ ਨੇ ਇਕ ਹੋਰ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਉਸ ਨੂੰ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਮਾਣਯੋਗ ਅਦਾਲਤ ਨੇ ਉਸਨੂੰ ਇਕ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ।
ਸਾਥੀ ਕਿਸਾਨਾਂ ਨੂੰ ਬਣਾਉਂਦਾ ਸੀ ਬੁੱਧੂ
ਜਾਣਕਾਰੀ ਮੁਤਾਬਿਕ ਮੁਲਜ਼ਮ ਕੁਲਵੰਤ ਸਿੰਘ ਜ਼ਿਲਾ ਸੰਗਰੂਰ ਦੇ ਪਿੰਡ ਕੋਟਲਾ ਲਹਿਲ ਦਾ ਰਹਿਣ ਵਾਲਾ ਕਿਸਾਨ ਹੈ । ਇਹ ਵੀ ਕੰਪਨੀ ਦੇ ਇਕ ਏਰੀਆ ਕਮਾਂਡਰ ਵਜੋਂ ਕੰਮ ਕਰਦਾ ਸੀ, ਜੋ ਕਿ ਆਪਣੇ ਸਾਥੀ ਕਿਸਾਨਾਂ ਨੂੰ ਕੰਪਨੀ ਦੇ ਚੁੰਗਲ ਵਿਚ ਫਸਾ ਕੇ ਲਿਆਉਂਦਾ ਸੀ।
ਬਿਜਲੀ ਬੋਰਡ ਦੇ ਅਧਿਕਾਰੀ ਸਨ ਘਪਲੇ 'ਚ ਸ਼ਾਮਲ
ਦੱਸਣਯੋਗ ਹੈ ਕਿ ਕ੍ਰਾਊਨ ਕਰੈਡਿਟ ਕੰਪਨੀ ਵਲੋਂ ਕੀਤਾ ਜਾ ਰਿਹਾ ਇਹ ਚਿੱਟ ਫੰਡ ਘਪਲਾ ਪਿਛਲੇ ਸਾਲ ਸਾਹਮਣੇ ਆਇਆ ਸੀ । ਠੱਗੀ ਦੇ ਇਸ ਧੰਦੇ ਵਿਚ ਜ਼ਿਆਦਾਤਰ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਜੁਟੇ ਹੋਏ ਸਨ ਤੇ ਆਪਣੇ ਸਾਥੀਆਂ ਨੂੰ ਅੱਗੇ ਤੋਂ ਅੱਗੇ ਮੈਂਬਰ ਬਣਾ ਕੇ ਠੱਗ ਰਹੇ ਸਨ ਤੇ ਆਪਣੇ ਵਿਭਾਗ ਦੇ ਹੀ ਹੋਰਨਾਂ ਅਧਿਕਾਰੀਆਂ ਨੂੰ ਵੀ ਠੱਗੀ ਜਾ ਰਹੇ ਸਨ। ਵਧੇਰੇ ਪੀੜਤ ਲੋਕ ਜ਼ਿਲਾ ਸੰਗਰੂਰ ਨਾਲ ਹੀ ਸੰਬੰਧਿਤ ਹਨ, ਜਿਨ੍ਹਾਂ ਨੂੰ ਦੋ ਸਾਲਾਂ ਵਿਚ ਪੈਸੇ ਦੁੱਗਣੇ ਕਰਨ ਦੇ ਨਾਂ 'ਤੇ ਠੱਗਿਆ ਜਾਂਦਾ ਸੀ।
1500 ਕਰੋੜ ਦੇ ਘਪਲੇ ਦੀ 'ਸਿੱਟ' ਕਰ ਰਹੀ ਹੈ ਜਾਂਚ
ਜਾਣਕਾਰੀ ਮੁਤਾਬਿਕ ਇਸ ਚਿੱਟ ਫੰਡ ਘਪਲੇ ਵਿਚ 1500 ਕਰੋੜ ਰੁਪਏ ਦੇ ਕਰੀਬ ਘਪਲਾ ਹੋਇਆ ਹੈ । 100 ਲੋਕਾਂ ਦੇ ਠੱਗੇ ਹੋਣ ਕਾਰਨ ਜਦੋਂ ਇਸ ਮਾਮਲੇ ਨੇ ਤੇਜ਼ੀ ਫੜੀ ਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੇਸ ਦੀ ਜਾਂਚ ਲਈ 'ਸਿੱਟ' ਬਣਾ ਦਿੱਤੀ ਸੀ । ਹੁਣ 'ਸਿੱਟ' ਇਸ ਕੇਸ ਦੀ ਜਾਂਚ ਕਰ ਰਹੀ ਹੈ ਤੇ ਇਕ-ਇਕ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ।
ਸਾਈਬਰ ਕ੍ਰਾਈਮ ਨੇ ਕੀਤਾ ਸੀ ਕੇਸ ਦਰਜ
ਸਟੇਟ ਸਾਈਬਰ ਕ੍ਰਾਈਮ ਨੇ 19 ਅਕਤੂਬਰ 2016 ਨੂੰ ਬਿਜਲੀ ਬੋਰਡ ਦੇ ਜੇ. ਈ. ਜੈਪਾਲ ਸਿੰਘ ਨਿਵਾਸੀ ਸੁਨਾਮ ਦੀ ਸ਼ਿਕਾਇਤ 'ਤੇ ਕੰਪਨੀ ਦੇ ਐੱਮ. ਡੀ. ਜਗਜੀਤ ਸਿੰਘ ਸਿੱਧੂ, ਰਵਿੰਦਰ ਸਿੰਘ ਪਾਪੜਾ ਸਮੇਤ 5 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਸੀ । ਕੰਪਨੀ ਦੇ ਐੱਮ. ਡੀ. ਜਗਜੀਤ ਸਿੰਘ ਸਿੱਧੂ ਸਮੇਤ ਹੋਰ ਮੁਲਜ਼ਮ ਇੰਦਰਜੀਤ ਸਿੰਘ ਖੰਨਾ, ਅਮਨਦੀਪ ਸਿੰਘ, ਹਰਜੀਤ ਸਿੰਘ ਜੇ. ਈ. ਪਹਿਲਾਂ ਹੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜੋ ਕਿ ਨਿਆਇਕ ਹਿਰਾਸਤ ਵਿਚ ਚੱਲ ਰਹੇ ਹਨ, ਜਦੋਂਕਿ ਇਸ ਕੇਸ ਵਿਚ ਮੁਲਜ਼ਮ ਰਵਿੰਦਰ ਸਿੰਘ ਪਾਪੜਾ, ਰਾਜਿੰਦਰ ਸਿੰਘ, ਭਗਵੰਤ ਸਿੰਘ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ।
ਪਹਿਲਾਂ ਗ੍ਰਾਂਟ ਗੁਆਈ, ਹੁਣ ਕੇਂਦਰ ਦੀ ਨਵੀਂ ਸਕੀਮ ਨੇ ਸਰਕਾਰ ਦੀ ਮੁਸ਼ਕਿਲ ਵਧਾਈ
NEXT STORY