ਲੁਧਿਆਣਾ (ਜ.ਬ.) : ਨਿਊ ਪ੍ਰੀਤ ਨਗਰ ਵਿਚ ਇਕ ਗਾਰਮੈਂਟ ਦੀ ਦੁਕਾਨ ਦੇ ਮਾਲਕ ਸੰਜੇ ਰਾਏ ਨੂੰ ਉਸ ਦੀ ਹੌਜ਼ਰੀ ਵਿਚ ਕੰਮ ਕਰਨ ਵਾਲੀ 23 ਸਾਲਾ ਇਕ ਮਹਿਲਾ ਵਰਕਰ ਨਾਲ ਕਥਿਤ ਛੇੜਛਾੜ ਕਰਨ ਦੇ ਦੋਸ਼ ’ਚ ਟਿੱਬਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖ਼ਿਲਾਫ਼ ਮਹਿਲਾ ਵਰਕਰ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਇਆ ਹੈ। ਬਾਅਦ ਵਿਚ ਮੁਲਜ਼ਮ ਨੂੰ ਥਾਣੇ ਵਿਚ ਹੀ ਜ਼ਮਾਨਤ ਲੈ ਕੇ ਛੱਡ ਦਿੱਤਾ ਗਿਆ। ਸ਼ਹਿਰ ਦੀ ਇਕ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਉਕਤ ਹੌਜ਼ਰੀ ਵਿਚ ਕੰਮ ਕਰ ਰਹੀ ਹੈ।
ਉਸ ਦਾ ਦੋਸ਼ ਹੈ ਕਿ ਸ਼ੁਰੂ ’ਚ ਹੌਜ਼ਰੀ ਦਾ ਮਾਲਕ ਸੰਜੇ ਉਸ ’ਤੇ ਕਥਿਤ ਤੌਰ ’ਤੇ ਬੁਰੀ ਨਿਗਾਹ ਰੱਖਦਾ ਸੀ ਅਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਸੀ ਪਰ ਨੌਕਰੀ ਦੀ ਲੋੜ ਹੋਣ ਕਾਰਨ ਹੁਣ ਤੱਕ ਉਸ ਦੀਆਂ ਇਹ ਹਰਕਤਾਂ ਬਰਦਾਸ਼ਤ ਕਰਦੀ ਰਹੀ। ਪੀੜਤਾ ਦਾ ਦੋਸ਼ ਹੈ ਕਿ 17 ਅਗਸਤ ਨੂੰ ਮੁਲਜ਼ਮ ਨੇ ਮਾਲਕ ਅਤੇ ਵਰਕਰ ਦੇ ਰਿਸ਼ਤੇ ਦੀ ਮਰਿਆਦਾ ਨੂੰ ਲੰਘਦੇ ਹੋਏ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਦੀ ਗੱਲ ਮੰਨ ਲਵੇਗੀ ਤਾਂ ਉਸ ਦੀ ਨੌਕਰੀ ਬਚੀ ਰਹੇਗੀ ਪਰ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। 2 ਦਿਨ ਬਾਅਦ ਮਾਲਕ ਨੇ ਉਸ ਦੀ ਤਨਖਾਹ ਦੁੱਗਣੀ ਕਰਨ ਦਾ ਲਾਲਚ ਦਿੰਦੇ ਹੋਏ ਉਸ ਦੀ ਇੱਜ਼ਤ ’ਤੇ ਹੱਥ ਪਾਉਣ ਦੀ ਕਥਿਤ ਕੋਸ਼ਿਸ਼ ਕੀਤੀ ਅਤੇ ਉਸ ਨਾਲ ਕਥਿਤ ਅਸ਼ਲੀਲ ਛੇੜਛਾੜ ਕੀਤੀ।
ਕਿਸੇ ਤਰ੍ਹਾਂ ਉਸ ਨੇ ਖ਼ੁਦ ਨੂੰ ਕਥਿਤ ਮੁਲਜ਼ਮ ਦੇ ਚੁੰਗਲ ’ਚੋਂ ਛੁਡਾਇਆ ਅਤੇ ਉਹ ਭੱਜ ਗਈ। ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਲਕ ਨੇ ਉਸ ਨੂੰ ਰਾਤ ਨੂੰ ਫੋਨ ਵੀ ਕੀਤਾ, ਜਿਸ ਦੀ ਵਾਇਸ ਰਿਕਾਰਡਿੰਗ ਉਸ ਦੇ ਕੋਲ ਹੈ। ਦੂਜੇ ਪਾਸੇ ਮੁਲਜ਼ਮ ਦਾ ਕਹਿਣਾ ਹੈ ਕਿ ਉਸ ’ਤੇ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਉਹ ਬਿਲਕੁਲ ਨਿਰਦੋਸ਼ ਹੈ। ਉੁਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਨਸ਼ਿਆਂ ਦਾ ਛੇਵਾਂ ਦਰਿਆ : ਚਿੱਟੇ ਅਤੇ ਸਮੈਕ ਦੀ ਹੋਮ ਡਲਿਵਰੀ ਨੇ ਮਾਪਿਆਂ ਦੀ ਜਾਨ ਸੂਲੀ ਟੰਗੀ
NEXT STORY