ਸਮਰਾਲਾ (ਬੰਗੜ, ਗਰਗ) : ਪੰਜਾਬ ’ਚ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਹੁਣ ਮੌਤ ਦਾ ਦਰਿਆ ਬਣਨ ਲੱਗ ਪਿਆ ਹੈ। ਨਸ਼ਾ ਸਮੱਗਲਰਾਂ ਵੱਲੋਂ ਪੈਸੇ ਕਮਾਉਣ ਦੀ ਲਾਲਸਾ ਵਿਚ ਪੰਜਾਬ ਦੀ ਨੌਜਵਾਨੀ ਨੂੰ ਮੌਤ ਦੀ ਖਾਈ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੁਣ ਇਸ ਹੱਦ ਤਕ ਵਧ ਚੁੱਕੀਆਂ ਹਨ ਕਿ ਚਿੱਟੇ ਅਤੇ ਸਮੈਕ ਦੀ ਹੋਮ ਡਲਿਵਰੀ ਸ਼ਰੇਆਮ ਹੋਣ ਲੱਗੀ ਹੈ। ਪਿੰਡ ਪਪੜੋਦੀ ਅਤੇ ਸ਼ਮਸ਼ਪੁਰ ਤੋਂ ਇਲਾਵਾ ਪਿੰਡ ਬਿਜਲੀਪੁਰ, ਕੋਟਾਲਾ, ਟੋਡਰਪੁਰ, ਉਟਾਲਾਂ, ਘੁੰਗਰਾਲੀ ਸਿੱਖਾਂ, ਕੋਟਲਾ ਸ਼ਮਸ਼ਪੁਰ, ਬਰਮਾਂ, ਲੋਪੋਂ, ਬਲਾਲਾ, ਮਹਿਦੂਦਾਂ, ਮਾਦਪੁਰ, ਘੁਲਾਲ, ਸਮੇਤ ਦਰਜਨਾਂ ਪਿੰਡਾਂ ਦੇ ਏਰੀਏ ਨਸ਼ੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿੱਥੇ ਨਸ਼ਾ ਸਮੱਗਲਰਾਂ ਵੱਲੋਂ ਹੋਮ ਡਲਿਵਰੀਆਂ ਦਿੱਤੇ ਜਾਣ ਦੀਆਂ ਸੂਚਨਾਵਾਂ ਹਨ। ਇਸਦੇ ਨਾਲ ਹੀ ਸਮਰਾਲਾ ਦੇ ਬੌਂਦਲ ਰੋਡ ਅਤੇ ਪਾਣੀ ਵਾਲੀ ਟੈਂਕੀ ਡੱਬੀ ਬਾਜ਼ਾਰ ਅਤੇ ਮੇਨ ਚੌਕ ਦੇ ਨੇੜੇ ਭੀੜੀਆਂ ਗਲੀਆਂ ਵਿਚ ਵੀ ਨਸ਼ਾ ਸਮੱਗਲਰਾਂ ਦੇ ਸਰਗਰਮ ਰਹਿਣ ਦੀਆਂ ਖਬਰਾਂ ਮਿਲ ਰਹੀਆਂ ਹਨ।ਇਲਾਕਾ ਸਮਰਾਲੇ ਦੇ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੁਲਸ ਤੋਂ ਆਸ ਛੱਡ ਕੇ ਹੁਣ ਖੁਦ ਕਮੇਟੀਆਂ ਬਣਾ ਕੇ ਨਸ਼ਾ ਸਮੱਗਲਰਾਂ ਨੂੰ ਘੇਰ–ਘੇਰ ਕੇ ਭਜਾਇਆ ਜਾਣ ਲੱਗਾ ਹੈ। ਇੱਥੋਂ ਨੇਡ਼ਲੇ ਪਿੰਡ ਪਪੜੌਦੀ ਅਤੇ ਸ਼ਮਸ਼ਪੁਰ ਵਿਖੇ ਧਾਰਮਿਕ ਸਥਾਨਾਂ ਤੋਂ ਹੁੰਦੀਆਂ ਅਨਾਊਂਸਮੈਂਟਾਂ ਸੁਣਕੇ ਮਾਪਿਆਂ ਦਾ ਦਿਲ ਦਹਿਲ ਰਿਹਾ ਹੈ। ਜਾਣਕਾਰੀ ਅਨੁਸਾਰ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਘਰ ਵਿਚ ਬੈਠਿਆਂ ਹੀ ਨਸ਼ੇ ਦੀ ਡਲਿਵਰੀ ਦੇਣ ਦਾ ਕਾਰੋਬਾਰ ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ। ਸਕੂਟਰਾਂ-ਮੋਟਰਸਾਈਕਲਾਂ ’ਤੇ ਘੁੰਮਦੇ ਸਮੱਗਲਰ ਅੱਖ ਝਪਕਦਿਆਂ ਹੀ ਨਸ਼ੇ ਦੀ ਪੁੜੀ ਵੇਚ ਕੇ ਰਫੂਚੱਕਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਖ਼ਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਡਾਲਾ ਦਾ ਭਰਾ ਦਿੱਲੀ ਹਵਾਈਅੱਡੇ ਤੋਂ ਕਾਬੂ, ਸਰਹੱਦ ਪਾਰੋਂ ਮੰਗਵਾਏ ਸਨ ਹਥਿਆਰ
ਪਿੰਡ ਪਪੜੌਦੀ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਰਾਤੀ ਪਹਿਰੇ ਦੌਰਾਨ ਸ਼ੱਕੀ ਹਾਲਤ ਵਿਚ ਕਾਬੂ ਕੀਤੇ 4 ਨੌਜਵਾਨ ਥਾਣਾ ਸਮਰਾਲਾ ਦੇ ਹਵਾਲੇ ਕੀਤੇ ਗਏ ਸਨ ਅਤੇ ਇਸਦੇ ਨਾਲ ਹੀ ਪੰਚਾਇਤ ਵੱਲੋਂ ਪਿੰਡ ਵਿਚ ਇਕੱਠ ਕਰ ਕੇ ਇਹ ਵੀ ਫੈਸਲਾ ਲਿਆ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸਨੂੰ ਤੁਰੰਤ ਪੁਲਸ ਹਵਾਲੇ ਕੀਤਾ ਜਾਵੇਗਾ ਅਤੇ ਪਿੰਡ ਵੱਲੋਂ ਉਸਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਇਸ ਇਲਾਕੇ ਵਿਚ ਨਸ਼ੇ ਦੀ ਬਹੁਤ ਭਰਮਾਰ ਹੋ ਚੁੱਕੀ ਹੈ, ਜਿਸ ਕਾਰਨ ਮਾਪੇ ਅਤੇ ਪੰਚਾਇਤਾਂ ਚਿੰਤਾਂ ਦੇ ਆਲਮ ਵਿਚ ਹਨ। ਪਿੰਡ ਸ਼ਮਸ਼ਪੁਰ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਨਸ਼ੇੜੀਆਂ ਵੱਲੋਂ ਪਿੰਡ ਦੇ ਖੇਡ ਮੈਦਾਨ ਨੂੰ ਹੀ ਆਪਣਾ ਅੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਿੰਡ ਦੇ ਖਿਡਾਰੀ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਖਦੇੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਬਕਾਇਦਾ ਇਹ ਅਨਾਊਂਸਮੈਂਟ ਵੀ ਕਰਵਾ ਦਿੱਤੀ ਹੈ ਕਿ ਜਿਹੜਾ ਵੀ ਪਿੰਡ ਵਿਚ ਨਸ਼ਾ ਵੇਚਦਾ ਜਾਂ ਕਰਦਾ ਫਡ਼੍ਹਿਆ ਗਿਆ, ਉਸ ਨਾਲ਼ ਸਖਤੀ ਨਾਲ਼ ਪੇਸ਼ ਆਇਆ ਜਾਵੇਗਾ।
ਇਹ ਵੀ ਪੜ੍ਹੋ : ਸ਼ਾਤਮਈ ਅੰਦੋਲਨ ਕਰਦੇ ਕਿਸਾਨਾਂ ’ਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ : ਚੰਦੂਮਾਜਰਾ
ਨੌਜਵਾਨਾਂ ਨੂੰ ਨਸ਼ੇੜੀ ਤੋਂ ਬਣਾਇਆ ਜਾ ਰਿਹੈ ਸਮੱਗਲਰ
ਸਮਰਾਲਾ ਇਲਾਕੇ ਵਿਚ ਚਿੱਟੇ ਅਤੇ ਸਮੈਕ ਦੀ ਹੋਮ ਡਲਿਵਰੀ ਦੇਣ ਵਾਲਿਆਂ ਵਿਚੋਂ ਬਹੁਤੇ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲਾਂ ਮੁਫਤ ਵਿਚ ਨਸ਼ਾ ਦਿੱਤਾ ਗਿਆ ਅਤੇ ਹੌਲੀ–ਹੌਲੀ ਉਨ੍ਹਾਂ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਗਿਆ ਅਤੇ ਹੁਣ ਜਦੋਂ ਉਹ ਨਸ਼ੇ ਦੇ ਆਦੀ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਚਾਰ ਪੁੜੀਆਂ ਦੀ ਡਲਿਵਰੀ ਕਰਨ ਪਿੱਛੇ ਨਸ਼ੇ ਦੀ ਇਕ ਪੁੜੀ ਮੁਫ਼ਤ ਵਿਚ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਭੋਲੇ–ਭਾਲੇ ਨੌਜਵਾਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਕਦੋਂ ਨਸ਼ੇੜੀ ਤੋਂ ਨਸ਼ਾ ਸਮੱਗਲਰ ਬਣ ਗਏ ਹਨ।
ਸਖਤ ਕਾਰਵਾਈ ਕਰਾਂਗੇ : ਡੀ. ਐੱਸ. ਪੀ. ਖਹਿਰਾ
ਸਥਾਨਕ ਪੁਲਸ ਉੱਪ ਕਪਤਾਨ ਹਰਵਿੰਦਰ ਸਿੰਘ ਖਹਿਰਾ ਤੋਂ ਜਦੋਂ ਨਸ਼ੇ ਦੀ ਵਧ ਰਹੀ ਸਮੱਗਲਿੰਗ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਜੇ ਤਕ ਅਜਿਹਾ ਮਸਲਾ ਸਾਡੇ ਧਿਆਨ ਵਿਚ ਨਹੀਂ ਆਇਆ ਪਰ ਹੁਣ ਅਸੀਂ ਪੰਚਾਇਤਾਂ ਅਤੇ ਖੇਡ ਕਲੱਬਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਅਰੰਭਣ ਲਈ ਤਿਆਰ ਕੀਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਵੇਗੀ।
ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਚੋਰੀ ਦੇ 6 ਮੋਟਰਸਾਈਕਲਾਂ ਅਤੇ 2 ਮੋਬਾਇਲਾਂ ਸਮੇਤ ਤਿੰਨ ਮੁਲਜ਼ਮ ਕਾਬੂ
NEXT STORY