ਸਾਹਨੇਵਾਲ (ਜ.ਬ.) : ਚੋਰੀ ਕੀਤੀਆਂ ਗਈਆਂ ਤਾਰਾਂ ਨੂੰ ਫੈਕਟਰੀ ਦੇ ਬਾਹਰ ਜਲਾਉਣ ਤੋਂ ਰੋਕਣਾ ਇਕ ਫੈਕਟਰੀ ਮਾਲਕ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਤਾਰਾ ਜਲਾਉਣ ਵਾਲੇ ਵਿਅਕਤੀਆਂ ਨੇ ਫੈਕਟਰੀ ਮਾਲਕ ਅਤੇ ਉਸ ਦੇ ਹੋਰ ਸਾਥੀਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸਾਹਨੇਵਾਲ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਭਾਵੁਕ ਬਾਂਸਲ ਪੁੱਤਰ ਵੇਦ ਪ੍ਰਕਾਸ਼ ਬਾਂਸਲ ਵਾਸੀ ਗਲੀ ਨੰਬਰ-5, ਪ੍ਰੀਤਮ ਨਗਰ, ਸਿਵਲ ਲਾਈਨ, ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੀ ਗਲੋਬਲ ਇੰਜੀਨੀਅਰ ਨਾਂ ਦੀ ਫੈਕਟਰੀ ਜਸਪਾਲ ਬਾਂਗਰ ਰੋਡ ਵਿਖੇ ਹੈ। ਫੈਕਟਰੀ ਦੇ ਬਾਹਰ ਬਬਲੂ ਨਾਮ ਦਾ ਵਿਅਕਤੀ ਆਪਣੇ ਭਰਾਵਾਂ ਸਮੇਤ ਚੋਰੀ ਦੀਆਂ ਤਾਰਾਂ ਸਾੜ ਰਹੇ ਸਨ।
ਜਦੋਂ ਬੀਤੀ 3 ਮਾਰਚ ਦੀ ਰਾਤ ਕਰੀਬ 9-10 ਵਜੇ ਉਹ ਮੁੜ ਤੋਂ ਤਾਰਾਂ ਸਾੜਨ ਲੱਗੇ ਤਾਂ ਭਾਵੁਕ ਦੇ ਪਿਤਾ ਵੇਦ ਪ੍ਰਕਾਸ਼ ਬਾਂਸਲ ਨੇ ਉਕਤ ਵਿਅਕਤੀਆਂ ਨੂੰ ਤਾਰਾਂ ਸਾੜਨ ਤੋਂ ਰੋਕਿਆ। ਬਬਲੂ ਨੇ ਆਪਣੇ 3 ਭਰਾਵਾਂ, ਫੋਰਮੈਨ ਅਤੇ ਦਰਜਨ ਤੋਂ ਜ਼ਿਆਦਾ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਹਮਲਾ ਕਰਦੇ ਹੋਏ ਭਾਵੁਕ ਬਾਂਸਲ, ਵੇਦ ਪ੍ਰਕਾਸ਼ ਬਾਂਸਲ, ਉਸ ਦੇ ਦੋਸਤ ਪ੍ਰਭਜੋਤ ਅਤੇ ਮੈਨੇਜਰ ਚਰਨਜੀਤ ਸਿੰਘ ਦੀ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀਆਂ ਵਲੋਂ ਰੌਲਾ ਪਾਉਣ ਤੋਂ ਬਾਅਦ ਹਮਲਾਵਰਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਸਾਹਨੇਵਾਲ ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵੱਡਾ ਕਾਂਡ, ਕਰਤੂਤ ਅਜਿਹੀ ਕਿ ਪੁਲਸ ਵੀ ਰਹਿ ਗਈ ਹੈਰਾਨ
NEXT STORY