ਲੁਧਿਆਣਾ (ਰਾਜ): ਬਿਜਲੀ ਮਾਰਕੀਟ ਸਥਿਤ ਦੀਪਕ ਇਲੈਕਟ੍ਰਿਕ ਤੋਂ ਚੋਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦੁਕਾਨਦਾਰ ਦੇ ਪੁਰਾਣੇ ਅਤੇ ਭਰੋਸੇਮੰਦ ਨੌਕਰ ਨੇ ਹੀ ਆਪਣੀ ਵਫ਼ਾਦਾਰੀ ਦਾ ਗਲਾ ਘੁੱਟ ਕੇ ਦੁਕਾਨ ਦੇ ਸਟਾਕ ਵਿਚੋਂ ਚੋਰੀ ਕਰ ਲਈ। ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਮਾਲਕ ਨੇ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਸਟਾਕ ਦਾ ਮਿਲਾਨ ਕੀਤਾ। ਦੁਕਾਨ ਦੇ ਮਾਲਕ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਕੋਲ ਕ੍ਰਿਸ਼ਨ ਕੁਮਾਰ ਨਾਂ ਦਾ ਵਿਅਕਤੀ ਪਿਛਲੇ ਕਰੀਬ 2 ਸਾਲਾਂ ਤੋਂ ਬਤੌਰ ਸੇਲਜ਼ਮੈਨ ਨੌਕਰੀ ਕਰ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਮਾਲਕ ਨੂੰ ਦੁਕਾਨ ਦੇ ਸਟਾਕ ਵਿਚ ਕਾਫ਼ੀ ਫਰਕ ਮਹਿਸੂਸ ਹੋ ਰਿਹਾ ਸੀ। ਜਦੋਂ ਸ਼ੱਕ ਡੂੰਘਾ ਹੋਇਆ ਤਾਂ ਉਨ੍ਹਾਂ ਨੇ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਜਾਂਚ ਵਿਚ ਪਤਾ ਲੱਗਿਆ ਕਿ ਕ੍ਰਿਸ਼ਨ ਕੁਮਾਰ ਦੁਕਾਨ ਤਾਂ ਸਮੇਂ ਸਿਰ ਖੋਲ੍ਹ ਲੈਂਦਾ ਸੀ, ਪਰ ਜਾਣਬੁੱਝ ਕੇ ਕੈਮਰਿਆਂ ਨੂੰ ਔਨ ਨਹੀਂ ਕਰਦਾ ਸੀ ਤਾਂ ਜੋ ਉਸ ਦੀਆਂ ਕਰਤੂਤਾਂ ਕੈਦ ਨਾ ਹੋ ਸਕਣ।
ਪੀੜਤ ਦੁਕਾਨਦਾਰ ਅਨੁਸਾਰ, ਜਦੋਂ ਉਨ੍ਹਾਂ ਨੇ 2 ਮਾਰਚ ਨੂੰ ਸਟਾਕ ਦਾ ਬਾਰੀਕੀ ਨਾਲ ਮਿਲਾਨ ਕੀਤਾ, ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਹਿਜ਼ ਇਕ ਦਿਨ ਦੇ ਅੰਦਰ ਹੀ ਬਿਜਲੀ ਦੀਆਂ ਤਾਰਾਂ ਦੇ ਕਰੀਬ 10 ਰੋਲ ਘੱਟ ਪਾਏ ਗਏ। ਜਦੋਂ ਇਸ ਸਬੰਧ ਵਿਚ ਨੌਕਰ ਕ੍ਰਿਸ਼ਨ ਕੁਮਾਰ ਨੂੰ ਫੋਨ ਕਰਕੇ ਪੁੱਛਗਿੱਛ ਕੀਤੀ ਗਈ, ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਚੋਰੀ ਫੜੇ ਜਾਣ ਦੇ ਡਰ ਤੋਂ ਮੁਲਜ਼ਮ ਉਸ ਤੋਂ ਬਾਅਦ ਕੰਮ 'ਤੇ ਵਾਪਸ ਨਹੀਂ ਆਇਆ ਅਤੇ ਫਰਾਰ ਹੋ ਗਿਆ। ਦੁਕਾਨਦਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਕ੍ਰਿਸ਼ਨ ਕੁਮਾਰ ਦੁਕਾਨ ਤੋਂ ਕੀਮਤੀ ਬਿਜਲੀ ਦਾ ਸਾਮਾਨ ਚੋਰੀ ਕਰਦਾ ਸੀ ਅਤੇ ਉਸ ਨੂੰ ਅੱਗੇ ਹੋਰ ਵਿਅਕਤੀਆਂ ਨੂੰ ਵੇਚ ਦਿੰਦਾ ਸੀ। ਫਿਲਹਾਲ ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮ ਨੌਕਰ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।
ਲੜਕੀ ਨੂੰ ਗਲਤ ਕੁਮੈਂਟਸ ਕਰਨ ਦਾ ਉਲਾਂਭਾ ਦੇਣ ਗਈ ਔਰਤ ਨੂੰ ਦਿੱਤੀਆਂ ਧਮਕੀਆਂ
NEXT STORY