ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ/ਸੰਜੀਵ ਭੰਡਾਰੀ)— ਪੁਲਸ ਸਟੇਸ਼ਨ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਹੀਰਪੁਰ 'ਚ ਬੀਤੀ ਰਾਤ ਪਤਨੀ ਦੀ ਬੇਵਫਾਈ ਦੇ ਸਤਾਏ ਇਕ 32 ਸਾਲਾ ਨੌਜਵਾਨ ਵੱਲੋਂ ਆਪਣੇ 6 ਸਾਲ ਦੇ ਪੁੱਤਰ ਸਣੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਹਰਜਿੰਦਰ ਸਿੰਘ ਅਤੇ ਉਸ ਦੇ ਮਾਸੂਮ ਪੁੱਤਰ ਹਰਕੀਰਤ ਸਿੰਘ ਦੀ ਖੁਦਕੁਸ਼ੀ ਦਾ ਪਿਛੋਕੜ ਹਰਜਿੰਦਰ ਦੀ ਕਥਿਤ ਉਸ ਬੇਫਾਵਾ ਪਤਨੀ ਜਸਵੀਰ ਕੌਰ ਨਾਲ ਜੁੜਿਆ ਸਮਝਿਆ ਜਾ ਰਿਹਾ ਹੈ, ਜਿਸ ਦੇ ਪਿੰਡ ਦੇ ਹੀ ਇਕ ਗੈਰ ਨੌਜਵਾਨ ਸੁਖਵੀਰ ਸਿੰਘ ਉਰਫ ਸੁੱਖਾ ਨਾਲ ਲੰਬੇ ਅਰਸੇ ਤੋਂ ਨਾਜਾਇਜ਼ ਸੰਬੰਧ ਸਨ।

ਦੋਹਾਂ ਦੇ ਇਸ਼ਕ ਦਾ ਸਿਲਸਿਲਾ ਉਸ ਵੇਲੇ ਅਹਿਮ ਮੋੜ ਲੈ ਗਿਆ ਜਦੋਂ ਕਰੀਬ ਤਿੰਨ ਕੁ ਮਹੀਨੇ ਪਹਿਲਾਂ ਇਹ ਪ੍ਰੇਮੀ ਜੋੜਾ ਘਰੋਂ ਫਰਾਰ ਹੋ ਗਿਆ। ਇਥੇ ਇਹ ਪੱਖ ਕਾਬਲੇ ਗੌਰ ਹੈ ਕਿ ਜਸਵੀਰ ਕੌਰ ਦਾ ਹਰਜਿੰਦਰ ਸਿੰਘ ਨਾਲ ਇਹ ਦੂਜਾ ਵਿਆਹ ਸੀ। ਇਸ ਤੋਂ ਪਹਿਲਾਂ ਉਹ ਕਿਸੇ ਹੋਰ ਥਾਂ ਵਿਆਹੀ ਸੀ, ਜਿੱਥੋਂ ਕਿ ਉਸ ਦਾ ਤਲਾਕ ਹੋ ਚੁੱਕਾ ਸੀ। ਉਕਤ ਵਿਆਹ ਤੋਂ ਉਸ ਕੋਲ 10 ਸਾਲਾ ਪੁੱਤਰ ਵੀ ਹੈ ਜੋ ਕਿ ਉਸ ਕੋਲ ਹੁਣ ਵੀ ਮੌਜੂਦ ਹੈ। ਇਥੇ ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਵੀ ਇਸੇ ਤਰ੍ਹਾਂ ਪਹਿਲਾਂ ਕਿਸੇ ਹੋਰ ਵਿਆਹਿਆ ਹੋਇਆ ਸੀ ਅਤੇ ਤਲਾਕਸ਼ੁਦਾ ਹੋਣ ਤੋਂ ਬਾਅਦ ਜਸਵੀਰ ਕੌਰ ਨਾਲ ਉਸ ਦਾ ਇਹ ਦੂਜਾ ਵਿਆਹ ਸੀ। 6 ਸਾਲਾ ਮਾਸੂਮ ਹਰਕੀਰਤ ਜੋ ਜਾਨ ਗਵਾ ਚੁੱਕਾ ਹੈ, ਉਹ ਹਰਜਿੰਦਰ ਅਤੇ ਜਸਵੀਰ ਕੌਰ ਦੇ ਪੁਨਰ ਵਿਆਹਾਂ ਤੋਂ ਬਾਅਦ ਜੰਮਿਆ ਸੀ।
ਡਰਾਈਵਰ ਦਾ ਕੰਮ ਕਰਦਾ ਸੀ ਹਰਜਿੰਦਰ
ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਹਰਜਿੰਦਰ ਬਤੌਰ ਡਰਾਈਵਰ ਕੰਮਕਾਜ ਦੇ ਸਿਲਸਲੇ 'ਚ ਅਕਸਰ ਬਾਹਰ ਰਹਿੰਦਾ ਸੀ। ਜਸਵੀਰ ਕੌਰ ਸੁਖਵੀਰ ਦੇ ਘਰ ਨਿੱਤ ਦੁੱਧ ਲੈਣ ਜਾਇਆ ਕਰਦੀ ਸੀ। ਜਿਸ ਸਿਲਸਲੇ ਦੌਰਾਨ ਦੋਹਾਂ 'ਚ ਪੈਦਾ ਹੋਈ ਨੇੜਤਾ ਉਨ੍ਹਾਂ ਨੂੰ ਇਸ਼ਕ ਦੇ ਇਸ ਖਤਰਨਾਕ ਮੁਕਾਮ 'ਤੇ ਲੈ ਆਈ। ਕਰੀਬ ਤਿੰਨ ਮਹੀਨੇ ਜਸਵੀਰ ਕੌਰ ਆਪਣੇ 10 ਸਾਲਾ ਪੁੱਤਰ ਜਸਕੀਰਤ ਸਣੇ ਜਦੋਂ ਸੁਖਵੀਰ ਨਾਲ ਫਰਾਰ ਰਹੀ ਤਾਂ ਉਹ ਆਪਣੇ ਛੋਟੇ ਪੁੱਤਰ ਹਰਕੀਰਤ ਨੂੰ ਪਿੱਛੇ ਹੀ ਛੱਡ ਗਈ ਸੀ। ਇਸ ਉਪਰੰਤ ਪਰਿਵਾਰਕ ਮੈਂਬਰਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਹ ਪੂਰੇ 2 ਮਹੀਨੇ ਬਾਅਦ ਪਿੰਡ ਆਏ ਤਾਂ ਦੋਵੇਂ ਧਿਰਾਂ ਨੇ ਇਹ ਭਾਈਚਾਰਕ ਫੈਸਲਾ ਕੀਤਾ ਸੀ ਕਿ ਹੁਣ ਇਹ ਦੋਵੇਂ ਜਣੇ ਪਿਛਲੇ ਗੁਨਾਹਾਂ ਨੂੰ ਭੁੱਲ ਕੇ ਆਪੋ-ਆਪਣੇ ਘਰ ਰਹਿਣਗੇ।

ਹਰਜਿੰਦਰ ਨੇ ਆਪਣੀ ਪਤਨੀ ਦਾ ਗੁਨਾਹ ਮੁਆਫ ਕਰਦਿਆਂ ਉਸ ਨੂੰ ਮੁੜ ਘਰ ਵਸਾਉਣ ਲਈ ਰਜ਼ਾਮੰਦੀ ਵੀ ਦੇ ਦਿੱਤੀ ਸੀ ਪਰ ਇਸ ਤੋਂ ਅਗਲੇ ਹੀ ਦਿਨ ਸੁਖਵੀਰ ਸਿੰਘ ਦੇ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਕੌਰ ਦੀ ਕੁੱਟਮਾਰ ਕਰਨ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਿ ਜਸਵੀਰ ਕੌਰ ਨੇ ਪੁਲਸ ਕੋਲ ਦਰਜ ਕਰਵਾਈ ਇਕ ਸ਼ਿਕਾਇਤ 'ਚ ਇਸ ਦਾ ਖੁਲਾਸਾ ਕੀਤਾ। ਇਸ ਤਹਿਤ ਪਿੰਡ ਦੇ ਲੋਕਾਂ ਦਾ ਇਹ ਵੀ ਤਰਕ ਸੀ ਕਿ ਜਸਵੀਰ ਕੌਰ ਪਤੀ ਵੱਲੋਂ ਗੁਨਾਹਾਂ 'ਤੇ ਲਕੀਰ ਫੇਰਨ ਦੇ ਬਾਵਜੂਦ ਸੁਖਵੀਰ ਸਿੰਘ ਦੇ ਘਰ ਚਲੀ ਗਈ ਸੀ ਅਤੇ ਉਸ ਦੇ ਘਰ ਰਹਿਣ ਲਈ ਹੀ ਜ਼ਿੱਦ 'ਤੇ ਅੜੀ ਸੀ, ਜਿਸ ਕਾਰਨ ਇਹ ਮਾਮਲਾ ਕੁੱਟਮਾਰ ਤੱਕ ਪੁੱਜ ਗਿਆ। ਇਸ ਤੋਂ ਕੁਝ ਅਰਸਾ ਬਾਅਦ ਹੀ ਉਕਤ ਪ੍ਰੇਮੀ ਜੋੜਾ ਮੁੜ ਲਾਪਤਾ ਹੋ ਗਿਆ, ਜਿਸ ਦਾ ਕਾਰਨ ਉਕਤ ਦੋਵਾਂ ਦੀ ਖੁਦਕੁਸ਼ੀ ਨੂੰ ਮੰਨਿਆ ਜਾ ਰਿਹਾ ਹੈ।

ਕੀ ਕਹਿਣੈ ਐੱਸ. ਐੱਚ. ਓ. ਦਾ
ਐੱਸ. ਐੱਚ. ਓ. ਜਤਿਨ ਕਪੂਰ ਨੇ ਕਿਹਾ ਕਿ ਹਰਜਿੰਦਰ ਸਿੰਘ ਅਤੇ ਹਰਕੀਰਤ ਸਿੰਘ ਦੀ ਮੌਤ ਖਿਲਾਫ ਜਸਵੀਰ ਕੌਰ ਪਤਨੀ ਮ੍ਰਿਤਕ ਹਰਜਿੰਦਰ ਸਿੰਘ ਅਤੇ ਉਸ ਦੇ ਪ੍ਰੇਮੀ ਸੁਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ, ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ, ਜਸਵੀਰ ਕੌਰ ਪਤਨੀ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਸਮੂਹ ਵਾਸੀਆਨ ਪਿੰਡ ਹੀਰਪੁਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਮ੍ਰਿਤਕ ਹਰਜਿੰਦਰ ਸਿੰਘ ਦੇ ਪਿਤਾ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਉਪਰੰਤ ਉਨ੍ਹਾਂ ਵੱਲੋਂ ਖਾਧੇ ਜ਼ਹਿਰੀਲੇ ਪਦਾਰਥ ਦੀ ਪੁਸ਼ਟੀ ਹੋਵੇਗੀ। ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਜਲਦ ਅਮਲ 'ਚ ਲਿਆਂਦੀ ਜਾਵੇਗੀ।
ਅਮਲੋਹ ਪੁਲਸ ਵਲੋਂ ਨਸ਼ਿਆਂ ਦੀ ਵੱਡੀ ਖੇਪ ਸਮੇਤ 3 ਗ੍ਰਿਫਤਾਰ
NEXT STORY