ਜਲੰਧਰ (ਵਰੁਣ)— ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 'ਜਗ ਬਾਣੀ' ਦੇ ਨਾਲ ਖਾਸ ਗੱਲਬਾਤ 'ਚ ਕਿਹਾ ਕਿ ਪੂਰੇ ਦੇਸ਼ 'ਚ ਮੋਦੀ ਲਹਿਰ ਸੀ ਪਰ ਇਸ ਦੇ ਬਾਵਜੂਦ ਵੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਉਸ ਲਹਿਰ ਨੂੰ ਕੈਸ਼ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲੀ ਦਲ 'ਚ ਪਰਿਵਾਰਵਾਦ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਹਾਲ ਹੋਵੇਗਾ ਅਤੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਲੋਕ ਹੌਲੀ-ਹੌਲੀ ਦੂਰ ਹੋ ਜਾਣਗੇ। ਇਸ ਮੌਕੇ ਮਨਜੀਤ ਸਿੰਘ ਜੀ. ਕੇ. ਨਾਲ ਸਵਾਲ-ਜਵਾਬ ਦਾ ਵੇਰਵਾ ਇਸ ਤਰ੍ਹਾਂ ਹੈ।
ਸਵਾਲ: ਲੰਬੇ ਸਮੇਂ ਤੱਕ ਅਕਾਲੀ ਸਰਕਾਰ 'ਚ ਰਹਿਣ ਅਤੇ ਬਾਦਲ ਪਰਿਵਾਰ ਦੇ ਕਰੀਬੀ ਹੋਣ ਉੱਤੇ ਵੀ ਤੁਹਾਨੂੰ ਪਾਰਟੀ ਵੱਲੋਂ ਕੱਢਣ ਦੇ ਬਿਆਨ ਆਏ?
ਜਵਾਬ : ਮੈਂ 1982 'ਚ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਸੀ । 1995 'ਚ ਪਹਿਲੀ ਵਾਰ ਚੋਣ ਲੜੀ ਸੀ ਪਰ ਪਾਰਟੀ 'ਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣੀ ਪਾਰਟੀ ਬਣਾ ਲਈ ਅਤੇ ਧਾਰਮਿਕ ਕਾਰਜ ਕਰਨ ਲੱਗੇ। 2008 'ਚ ਸੁਖਬੀਰ ਸਿੰਘ ਬਾਦਲ ਜਦੋਂ ਪ੍ਰਧਾਨ ਬਣੇ ਤਾਂ ਉਹ ਉਨ੍ਹਾਂ ਕੋਲ ਆਏ ਅਤੇ ਆਪਣੀ ਪਾਰਟੀ ਨੂੰ ਛੱਡ ਕੇ ਦੋਬਾਰਾ ਅਕਾਲੀ ਦਲ ਜੁਆਇਨ ਕਰਨ ਲਈ ਕਹਿਣ ਲੱਗੇ। ਉਨ੍ਹਾਂ ਨੂੰ ਫਰੀ ਹੈਂਡ ਦੀ ਵੀ ਆਫਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜੁਆਇਨ ਕਰਨ ਤੋਂ ਬਾਅਦ ਦਿੱਲੀ 'ਚ ਹੋਈਆਂ ਚੋਣਾਂ 'ਚ ਮੈਂ ਪਹਿਲੀ ਵਾਰ ਚਾਰ 'ਚੋਂ ਤਿੰਨ ਸੀਟਾਂ ਜਿੱਤੀਆਂ । ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੂਰੀ ਪਾਵਰ 'ਚ ਸੀ । 2017 'ਚ ਦੋਬਾਰਾ ਚੋਣਾਂ ਸਨ ਪਰ ਇਸ ਦੌਰਾਨ ਪੰਜਾਬ 'ਚ ਇਕ ਤੋਂ ਬਾਅਦ ਇਕ ਬੇਅਦਬੀ ਕਾਂਡ ਹੋਏ। ਉਨ੍ਹਾਂ ਦੀ ਸ਼ਰਤ ਕਾਰਨ ਦਿੱਲੀ ਪੰਜਾਬ ਦੇ ਅਕਾਲੀ ਦਲ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਲਗਾਈਆਂ ਅਤੇ ਉਦੋਂ ਉਨ੍ਹਾਂ ਆਪਣੇ ਪੱਧਰ ਉੱਤੇ 46 'ਚੋਂ 35 ਸੀਟਾਂ ਜਿੱਤ ਲਈਆਂ । ਬਸ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਹੀ ਖਤਰਾ ਸਤਾਉਣ ਲੱਗ ਪਿਆ ਸੀ, ਜਿਸ ਕਾਰਨ ਉਨ੍ਹਾਂ ਉੱਤੇ ਇਲਜ਼ਾਮ ਲਗਾ ਦਿੱਤੇ।
ਸਵਾਲ: ਤੁਹਾਡੇ ਉੱਤੇ ਗੋਲਕ ਦੀ ਦੁਰਵਰਤੋਂ ਦੇ ਇਲਜ਼ਾਮ ਲੱਗੇ, ਸੱਚ ਕੀ ਸੀ ?
ਜਵਾਬ : ਇਹ ਸਿਰਫ ਇਕ ਸਾਜ਼ਿਸ਼ ਸੀ। ਉਂਝ ਵੀ ਕੁਰੱਪਸ਼ਨ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਉੱਤੇ ਲੱਗ ਚੁੱਕੇ ਹਨ। ਕਿਨ੍ਹਾਂ ਉੱਤੇ ਇਲਜ਼ਾਮ ਨਹੀਂ ਲਗਾ। ਇਨ੍ਹਾਂ ਇਲਜ਼ਾਮਾਂ ਖਿਲਾਫ ਉਹ ਲੜਾਈ ਲੜ ਰਹੇ ਹਨ। ਇਕ ਦਿਨ ਸੱਚ ਸਾਹਮਣੇ ਆ ਜਾਵੇਗਾ। ਝੂਠੇ ਕਾਗਜ਼ ਤਿਆਰ ਕੀਤੇ ਗਏ ਸਨ । ਮੈਨੂੰ ਰਾਜਨੀਤੀ 'ਚੋਂ ਬਾਹਰ ਕਰਨਾ ਚਾਹੁੰਦੇ ਸਨ ।
ਸਵਾਲ: ਅਕਾਲੀ ਦਲ 'ਚ ਹੁੰਦੇ ਹੋਏ ਤੁਸੀਂ ਕਦੇ ਪਾਰਟੀ ਖਿਲਾਫ ਕਿਉਂ ਨਹੀਂ ਬੋਲੇ ?
ਜਵਾਬ: ਮੈਂ ਅੱਜ ਹੀ ਨਹੀਂ ਸਗੋਂ ਪਹਿਲਾਂ ਵੀ ਪਾਰਟੀ 'ਚ ਕੁਝ ਗਲਤ ਹੁੰਦਾ ਸੀ ਤਾਂ 100 ਫ਼ੀਸਦੀ ਬੋਲਦਾ ਸੀ। ਕੀ ਪਾਰਟੀ 'ਚ ਹੋ ਰਿਹਾ ਸੀ ਸਭ ਜਾਣਦਾ ਸੀ ਅਤੇ ਦੱਸਦਾ ਵੀ ਸੀ । ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਅਸਤੀਫੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਰੌਲਾ ਪਾ ਦਿੱਤਾ ਕਿ ਜੀ. ਕੇ. ਨੂੰ ਕੱਢ ਦਿੱਤਾ ਹੈ।
ਸਵਾਲ: ਤੁਸੀਂ ਮੀਡੀਆ 'ਚ ਅਜਿਹੇ ਬਿਆਨ ਪਹਿਲਾਂ ਕਿਉਂ ਨਹੀਂ ਦਿੱਤੇ ?
ਜਵਾਬ: ਮੀਡੀਆ ਦੇ ਸਾਹਮਣੇ ਵੀ ਮੈਂ ਆਪਣਾ ਪੱਖ ਰੱਖ ਚੁੱਕਿਆ ਹਾਂ। 31 ਦਸੰਬਰ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਸੀ ਕਿ ਜੋ ਡੇਰੇ 'ਚ ਜਾ ਰਹੇ ਹਨ ਉਨ੍ਹਾਂ ਦੀ ਅਕਾਲ ਤਖਤ ਨੂੰ ਸ਼ਿਕਾਇਤ ਕਰਾਂਗਾ। ਸਾਨੂੰ ਡੇਰੇ ਦੀ ਵੋਟ ਨਹੀਂ ਚਾਹੀਦੀ ਹੈ। ਫਿਰ ਸੁਖਬੀਰ ਬਾਦਲ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਦਿੱਲੀ ਵਾਪਸ ਜਾਣ ਨੂੰ ਕਿਹਾ। ਇੰਨਾ ਹੀ ਨਹੀਂ, ਵੱਡੇ ਬਾਦਲ ਨੂੰ ਵੀ ਉਹ ਕਹਿ ਚੁੱਕੇ ਸਨ ਕਿ ਬੇਅਦਬੀ ਕਾਂਡ ਦਾ ਵਿਰੋਧ ਕਰ ਰਹੇ ਨੌਜਵਾਨਾਂ ਉੱਤੇ ਗੋਲੀ ਕਿਉਂ ਚਲਾਈ ।
ਸਵਾਲ: ਬੇਅਦਬੀ ਗੋਲੀ ਕਾਂਡ ਇਨ੍ਹਾਂ ਦੇ ਕਹਿਣ ਉੱਤੇ ਹੋਏ ?
ਜਵਾਬ: ਮੈਂ ਨਹੀਂ ਜਾਣਦਾ । ਐੱਸ. ਆਈ. ਟੀ. ਬਣੀ ਹੋਈ ਹੈ, ਸੱਚ ਸਾਹਮਣੇ ਆ ਰਿਹਾ ਹੈ ਅਤੇ ਪੂਰਾ ਸੱਚ ਵੀ ਸਾਹਮਣੇ ਹੋਵੇਗਾ। ਉਸ ਸਮੇਂ ਜੇਕਰ ਰਾਜ ਇਨ੍ਹਾਂ ਲੋਕਾਂ ਦਾ ਸੀ ਤਾਂ ਜ਼ਿੰਮੇਵਾਰੀ ਵੀ ਇਨ੍ਹਾਂ ਦੀ ਹੀ ਸੀ ।
ਸਵਾਲ: ਦਿੱਲੀ ਗੋਲਕ ਘਪਲੇ 'ਚ ਤੁਹਾਡਾ ਕੀ ਕਹਿਣਾ ਹੈ ?
ਜਵਾਬ: ਕਾਫੀ ਪਰੂਫ ਦੇ ਚੁੱਕਿਆ ਹਾਂ। ਇਨ੍ਹਾਂ ਲੋਕਾਂ ਦੇ ਬੰਦੇ ਹੀ ਮੈਨੂੰ ਅੰਦਰ ਤੋਂ ਕਾਗਜ਼ ਕੱਢ ਕੇ ਦੇ ਰਹੇ ਹਨ। ਉਹ ਵੀ ਲੋਕਾਂ ਦੇ ਸਾਹਮਣੇ ਲਿਆ ਰਿਹਾ ਹਾਂ । ਇਕ ਦਿਨ ਦੋਸ਼ਾਂ ਦਾ ਖੰਡਨ ਹੋਵੇਗਾ। 2012-13 ਨੂੰ ਸੁਖਬੀਰ ਬਾਦਲ ਅਤੇ ਅਰੁਣ ਜੇਟਲੀ ਕਾਲਕਾ ਜੀ ਤੋਂ ਚੋਣ ਲੜਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਹਾਮੀ ਨਹੀਂ ਭਰੀ। ਜੋ ਪਾਰਟੀ ਦੋਹਰੀ ਰਾਜਨੀਤੀ ਕਰੇ ਉੱਥੇ ਗੁਰੂ ਦਾ ਫੰਡ ਜ਼ਰੂਰ ਇਸਤੇਮਾਲ ਹੋਵੇਗਾ ।
ਸਵਾਲ: ਕੀ ਫੰਡ ਇਸਤੇਮਾਲ ਹੁੰਦੇ ਸਨ, ਕਦੋਂ ਅਤੇ ਕਿੱਥੇ ?
ਜਵਾਬ: ਹੋਏ ਹੀ ਹਨ। ਪੰਜਾਬ ਦੀਆਂ ਚੋਣਾਂ ਹੋਣ ਜਾਂ ਫਿਰ ਦਿੱਲੀ 'ਚ ਐੱਮ.ਐੱਲ. ਏ . ਦੀਆਂ ਚੋਣਾਂ । ਫੰਡ ਹੀ ਇਸਤੇਮਾਲ ਨਹੀਂ ਹੋਏ ਸਗੋਂ ਬੰਦੇ ਵੀ ਇਸਤੇਮਾਲ ਹੁੰਦੇ ਸਨ, ਜਿਨ੍ਹਾਂ ਦੀ ਡਿਊਟੀ ਲੱਗਿਆ ਕਰਦੀ ਸੀ। ਸਾਰਾ ਸਿਸਟਮ ਯੂਜ਼ ਕਰ ਲਿਆ ਜਾਂਦਾ ਸੀ ।
ਸਵਾਲ: ਤੁਸੀਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਸੀ, ਉਸ ਦਾ ਕੀ ਬਣਿਆ ?
ਜਵਾਬ: ਇਨ੍ਹਾਂ ਚੋਣਾਂ 'ਚ ਮੋਦੀ ਦਾ ਜਲਵਾ ਸੀ। ਆਖਰੀ ਹਫਤੇ 'ਚ ਮੋਦੀ ਨੇ 1984 ਦਾ ਮੁੱਦਾ ਚੁੱਕਿਆ। ਕੈਪਟਨ ਨੇ ਧਾਰਮਿਕ ਗ੍ਰੰਥ ਦੀ ਕਸਮ ਖਾ ਕੇ ਵੀ ਕੋਈ ਕੰਮ ਨਹੀਂ ਕੀਤਾ, ਲੋਕ ਉਨ੍ਹਾਂ ਖਿਲਾਫ ਸਨ ਪਰ ਫਿਰ ਵੀ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਮੋਦੀ ਲਹਿਰ ਦਾ ਫਾਇਦਾ ਨਹੀਂ ਉਠਾ ਸਕੀ ਅਤੇ ਇਹ ਸੋਚਣ ਦੀ ਗੱਲ ਹੈ ।
ਸਵਾਲ: ਵਿਦੇਸ਼ 'ਚ ਤੁਹਾਡੇ ਵਰਗੇ ਧਾਰਮਿਕ ਪ੍ਰਚਾਰਕ ਉੱਤੇ ਹਮਲਾ ਕਿਉਂ ਹੋਇਆ ?
ਜਵਾਬ: ਮੈਂ ਪੰਜ ਸਾਲਾਂ 'ਚ 25 ਵਾਰ ਵਿਦੇਸ਼ ਜਾ ਚੁੱਕਿਆ ਹਾਂ। 500 ਤੋਂ ਲੈ ਕੇ 8000 ਤੱਕ ਦੀ ਭੀੜ ਹੁੰਦੀ ਹੈ। ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਆਈ. ਐੱਸ. ਆਈ. ਤੋਂ ਫੰਡ ਲੈਂਦੇ ਹਨ ਅਤੇ ਕੁਝ ਆਪਣੇ ਬੰਦੇ ਵੀ ਸ਼ਾਮਲ ਹੁੰਦੇ ਹਨ। ਕੁਝ ਇੱਥੋਂ ਵੀ ਪਲਾਨ ਹੋਇਆ ਹੋਵੇਗਾ ਪਰ ਹਮਲਾ ਹੋਣ ਤੋਂ ਬਾਅਦ ਵੀ ਮੈਂ ਡਰਿਆ ਨਹੀਂ। ਦਿੱਲੀ 'ਚ ਡਿਵੈਲਪਮੈਂਟ ਦੇ ਕਾਰਜ ਕੀਤੇ। ਸੱਜਣ ਸਿੰਘ ਨੂੰ ਅੰਦਰ ਕਰਵਾਉਣ 'ਚ ਵੀ ਭੂਮਿਕਾ ਨਿਭਾਈ ਹੈ ।
ਸਵਾਲ: ਹੰਸ ਰਾਜ ਹੰਸ ਵਾਂਗ ਬੀ.ਜੇ.ਪੀ. 'ਚ ਆਉਣ ਦੀ ਪਲਾਨਿੰਗ ਹੈ ?
ਜਵਾਬ: ਬੀ.ਜੇ.ਪੀ. ਤੋਂ ਪਿਛਲੇ ਸਮੇਂ ਲੋਕਾਂ ਲਈ ਕਾਫੀ ਕੰਮ ਕਰਵਾਇਆ। ਕੋਈ ਨਿੱਜੀ ਕੰਮ ਨਹੀਂ। ਕੋਈ ਵੀ ਸਰਕਾਰ ਹੋਵੇਗੀ ਉਨ੍ਹਾਂ ਤੋਂ ਲੋਕਾਂ ਦੇ ਕੰਮ ਠੋਕ ਕੇ ਕਰਵਾਵਾਂਗਾ ।
ਸਵਾਲ: ਅਕਾਲੀ ਦਲ ਖਿਲਾਫ ਤੁਸੀਂ ਮੋਰਚਾ ਖੋਲ੍ਹਿਆ, ਕੀ ਰਣਨੀਤੀ ਤੈਅ ਕੀਤੀ?
ਜਵਾਬ: ਮੈਂ ਲੋਕਾਂ ਨੂੰ ਮਿਲ ਰਿਹਾ ਹਾਂ। ਨੈਸ਼ਨਲ ਪਾਲੀਟਿਕਸ 'ਚ ਜਾਣਾ ਹੈ। ਸਿੱਖ ਰਾਜਨੀਤੀ 'ਚ ਹੀ। 30 ਜੁਲਾਈ ਤੱਕ ਰਾਜਨੀਤੀ 'ਚ ਆਉਣ ਲਈ ਵੱਡਾ ਫੈਸਲਾ ਲਵਾਂਗਾ। ਆਪਣੀ ਪਾਰਟੀ ਖੜ੍ਹੀ ਕਰਾਂਗਾ।
ਖ਼ਾਕੀ ਦਾ ਕਾਰਨਾਮਾ: ਪੁਲਸ ਨੇ ਕੁੱਟ-ਕੁੱਟ ਕੇ ਤੋੜੀ ਡਰਾਇਵਰ ਦੇ ਚੂਲੇ ਦੀ ਹੱਡੀ
NEXT STORY