ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਏ. ਆਈ. ਸੀ. ਸੀ. ਦੀ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਦਿੱਤੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਹੈ ਕਿ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਦਾ ਨਿਆਂ ਕਰਾਰ ਦੇ ਕੇ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਇਆ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਇਸ ਨੂੰ ਇਹ ਕਹਿੰਦਿਆਂ ਜਾਇਜ਼ ਠਹਿਰਾਇਆ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ ਅਤੇ ਹੁਣ 35 ਵਰ੍ਹਿਆਂ ਬਾਅਦ ਸੋਨੀਆ ਗਾਂਧੀ ਨੇ ਉਸ ਦੇ ਸ਼ਬਦ ਦੁਹਰਾਉਂਦਿਆਂ ਆਖ ਦਿੱਤਾ ਕਿ ਹੈ ਕਿ ਉਹ ਇਨਸਾਫਪਸੰਦ ਵਿਅਕਤੀ ਸਨ, ਜਿਸ ਨੇ ਸਿੱਖ ਕਤਲੇਆਮ ਯੋਜਨਾ ਨੂੰ ਅਮਲੀਜਾਮਾ ਪਹਿਨਾ ਕੇ ਇਨਸਾਫ ਕੀਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਸਰਕਾਰ ਦੇ ਦੌਰ ਨੂੰ ਸ਼ਾਂਤੀਪੂਰਵਕ, ਬਿਨਾਂ ਡਰ, ਭੈਅ ਤੇ ਅਤੇ ਹਰ ਪੱਖੋਂ ਸਹੀ ਕਰਾਰ ਦੇ ਕੇ ਉਨ੍ਹਾਂ ਨੇ ਸਿੱਖਾਂ ਨੂੰ ਉਹ ਦਿਨ ਚੇਤੇ ਕਰਵਾ ਕੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਤਿੰਨ ਦਹਾਕਿਆਂ ਤੋਂ ਬਾਅਦ ਸਮਾਂ ਬੀਤਣ 'ਤੇ ਵੀ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਮਾਨਸਿਕਤਾ ਨਹੀਂ ਬਦਲੀ। ਸ਼੍ਰੀਮਤੀ ਗਾਂਧੀ ਨੂੰ ਰਾਜੀਵ ਗਾਂਧੀ ਸਰਕਾਰ ਦੀ ਅਸਲੀਅਤ ਯਾਦ ਕਰਵਾਉਂਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਦਾ ਯੁੱਗ ਹਮੇਸ਼ਾ ਘੋਰ ਅਨਿਆਂ, ਘੱਟ ਗਿਣਤੀਆਂ ਖਾਸ ਤੌਰ 'ਤੇ ਸਿੱਖਾਂ ਲਈ ਡਰ ਅਤੇ ਦਹਿਸ਼ਤ ਭਰਿਆ ਅਤੇ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਦੇ ਦੌਰ ਵਜੋਂ ਜਾਣਿਆ ਜਾਂਦਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਜਦੋਂ ਵੀ ਸੋਨੀਆ ਗਾਂਧੀ 1984 ਬਾਰੇ ਗੱਲ ਕਰਨਗੇ ਤਾਂ ਉਹ ਸਿੱਖਾਂ ਦੇ ਕਤਲੇਆਮ, ਜੋ ਕਿ ਉਨ੍ਹਾਂ ਦੇ ਪਤੀ ਵੱਲੋਂ ਮਨੁੱਖਤਾ ਖਿਲਾਫ ਕੀਤਾ ਗਿਆ ਸਭ ਤੋਂ ਘੋਰ ਅਪਰਾਧ ਸੀ, ਲਈ ਮੁਆਫੀ ਮੰਗਣਗੇ ਕਿਉਂਕਿ ਗਾਂਧੀ ਪਰਿਵਾਰ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਪਰ ਜੋ ਸੋਨੀਆ ਗਾਂਧੀ ਨੇ ਕਿਹਾ ਕਿ ਉਸ ਨਾ ਸਿਰਫ ਸਿੱਖਾਂ ਸਗੋਂ ਦੁਨੀਆ ਦੇ ਸਭ ਇਨਸਾਫਪਸੰਦ ਲੋਕਾਂ ਲਈ ਹੈਰਾਨੀ ਭਰਿਆ ਹੈ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਚੇਤੇ ਕਰਵਾਇਆ ਕਿ ਰਾਜੀਵ ਗਾਂਧੀ ਸਰਕਾਰ ਹਮੇਸ਼ਾ ਦਹਿਸ਼ਤ ਫੈਲਾਉਣ ਅਤੇ ਪੀੜਤਾਂ ਨਾਲ ਅਨਿਆਂ ਕਰਨ ਅਤੇ ਇਕ ਅਜਿਹੇ ਦੌਰ ਲਈ ਜਾਣੀ ਜਾਂਦੀ ਹੈ, ਜਿਸ 'ਚ ਸਿੱਖਾਂ ਦੇ ਕਾਤਲਾਂ ਨੂੰ ਸਨਮਾਨ ਤੇ ਇਨਾਮ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਹੋਰਨਾਂ ਨੂੰ ਦਿੱਤੇ ਮੰਤਰੀਆਂ ਦੇ ਅਹੁਦੇ 'ਤੇ ਸਨਮਾਨ ਇਹ ਸਪੱਸ਼ਟ ਕਰਦੇ ਹਨ ਕਿ ਰਾਜੀਵ ਗਾਂਧੀ ਅਤੇ ਉਸ ਮਗਰੋਂ ਉਸ ਦੇ ਪਰਿਵਾਰ ਨੇ ਕਾਤਲਾਂ ਨੂੰ ਕਿਵੇਂ ਸਨਮਾਨਤ ਕੀਤਾ।
ਸਿਰਸਾ ਨੇ ਕਿਹਾ ਕਿ ਜਦੋਂ ਵੀ 1947 ਦੀ ਗੱਲ ਹੁੰਦੀ ਹੈ ਤਾਂ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਪਰ ਜਦੋਂ ਵੀ 1984 ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਇਹ ਚਰਚਾ ਹੁੰਦੀ ਹੈ ਕਿ ਰਾਜੀਵ ਗਾਂਧੀ ਨੇ ਕਿਵੇਂ ਸਿੱਖਾਂ ਦੇ ਕਤਲੇਆਮ ਦੀ ਯੋਜਨਾ ਬਣਾਈ ਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਤੇ ਜਿਹੜੇ ਇਸ ਯੋਜਨਾ ਦਾ ਹਿੱਸਾ ਸਨ, ਉਨ੍ਹਾਂ ਨੂੰ ਕਿਵੇਂ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ, ਪੰਜਾਬ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੀਮਤੀ ਗਾਂਧੀ ਇਸ ਬਾਰੇ ਗੱਲ ਕਰਨ ਵਿਚ ਅਸਫਲ ਰਹੇ।
ਦੁਨੀਆ ਦੀ ਸਭ ਤੋਂ ਵੱਡੀ ਰਸੋਈ ਨੂੰ ਅਰੁਣ ਜੇਤਲੀ ਨੇ ਕੀਤਾ ਸੀ GST ਮੁਕਤ
NEXT STORY