ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਸੂਲੇ ਲੈਣ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਸ਼ਰਧਾਲੂਆਂ ਤੋਂ ਫੀਸ ਵਸੂਲੇ ਜਾਣ ਦੀ ਪਾਕਿਸਤਾਨ ਸਰਕਾਰ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਨਵੀਂ ਸ਼ਰਤ ਰੱਖੀ ਗਈ ਹੈ ਕਿ ਜੋ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ, ਉਨ੍ਹਾਂ ਨੂੰ ਸਰਵਿਸ ਫੀਸ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੈਰਾਨ ਹਾਂ ਕਿ ਇਹ ਨਵੀਂ ਸ਼ਰਤ ਹੁਣ ਕਿਉਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਮੀਟਿੰਗ 'ਚ ਦਿੱਲੀ ਗੁਰਦੁਆਰਾ ਕਮੇਟੀ ਨੇ ਜੋ ਤਜਵੀਜ਼ ਦਿੱਤੀ ਸੀ, ਭਾਰਤ ਸਰਕਾਰ ਨੇ ਸਾਰੀ ਹੂ-ਬ-ਹੂ ਪਾਕਿਸਤਾਨ ਨਾਲ ਮੀਟਿੰਗ ਵਿਚ ਰੱਖੀ ਅਤੇ ਇਸ 'ਤੇ ਸਹਿਮਤੀ ਵੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮੰਨਿਆ ਗਿਆ ਸੀ ਕਿ 5 ਹਜ਼ਾਰ ਸ਼ਰਧਾਲੂ ਰੋਜ਼ਾਨਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ ਵਿਸ਼ੇਸ਼ ਦਿਨ 'ਤੇ 10 ਹਜ਼ਾਰ ਸ਼ਰਧਾਲੂ ਜਾਣਗੇ। ਉਨ੍ਹਾਂ ਕਿਹਾ ਕਿ ਬਕਾਇਦਾ ਮੰਤਰਾਲੇ ਦੇ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਸੀ ਕਿ ਸਾਡੀਆਂ ਸ਼ਰਤਾਂ ਮੰਨੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗੱਲ ਹੋਈ ਸੀ ਕਿ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਕਿਸੇ ਨੂੰ ਪੈਸੇ ਦੇਣੇ ਪੈਣ, ਇਹ ਅਸੀਂ ਪਹਿਲੀ ਵਾਰ ਸੁਣਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰਨ ਦੇ ਰਸਤੇ ਨਾ ਲੱਭੇ ਜਾਣ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਾਰੀ ਦੁਨੀਆ ਲਈ ਅਹਿਮ ਤੋਹਫਾ ਹੈ। ਇਹ ਅਮਨ ਅਤੇ ਸ਼ਾਂਤੀ ਲਈ ਬਹੁਤ ਵੱਡਾ ਪੈਗਾਮ ਹੈ, ਇਸ ਦੇ ਕੰਮ ਵਿਚ ਰੋੜੇ ਨਾ ਅਟਕਾਏ ਜਾਣ। ਉਨ੍ਹਾਂ ਕਿਹਾ ਕਿ ਜਿਹੜੀ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਫੀਸ ਰੱਖੀ ਹੈ, ਇਹ ਦੁਨੀਆ ਭਰ ਦੇ ਅੰਦਰ ਅੱਜ ਤੋਂ ਪਹਿਲਾਂ ਕਦੇ ਸੁਣੀ ਨਹੀਂ ਗਈ ਤੇ ਨਾ ਹੀ ਅਜਿਹਾ ਸੰਭਵ ਹੋ ਸਕਦਾ ਹੈ। ਇਸ ਲਈ ਇਹ ਜਿਹੜੀ ਸ਼ਰਤ ਹੈ ਇਹ ਕਿਸੇ ਵੀ ਸੂਰਤ ਵਿਚ ਕੋਈ ਵੀ ਸਿੱਖ ਮੰਨ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਫੀਸ ਵਾਪਸ ਲਈ ਜਾਵੇ ਤੇ ਕਰਤਾਰਪੁਰ ਸਾਹਿਬ ਲਾਂਘਾ ਸੰਗਤ ਵਾਸਤੇ ਖੋਲ੍ਹਿਆ ਜਾਵੇ।
ਪੰਜਾਬ 'ਚ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY