ਜਲੰਧਰ(ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੋਰਵੈੱਲ 'ਚ ਡਿੱਗ ਕੇ ਮਾਰੇ ਗਏ ਮਾਸੂਮ ਫਤਿਹਵੀਰ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਹੈ ਕਿ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ ਪਰ ਇਹ ਸਭ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਲਾਪ੍ਰਵਾਹੀ ਨਾਲ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਧਿਆਨ ਫਤਿਹਵੀਰ ਨੂੰ ਬਚਾਉਣ ਵੱਲ ਘੱਟ ਤੇ ਸੱਚਾ ਸੌਦਾ ਵਾਲਿਆਂ ਨੂੰ ਚਮਕਾਉਣ ਵੱਲ ਵਧ ਸੀ।
ਸਿਰਸਾ ਨੇ ਕਿਹਾ ਕਿ ਜਿਸ ਗੁਰਵਿੰਦਰ ਸਿੰਘ ਨੇ ਮ੍ਰਿਤਕ ਰੂਪ 'ਚ ਫਤਿਹਵੀਰ ਨੂੰ ਬੋਰਵੈੱਲ ਚੋਂ ਕੱਢਿਆ ਹੈ, ਉਹ ਵਾਰ-ਵਾਰ ਕਹ ਰਿਹਾ ਸੀ ਕਿ ਮੈਨੂੰ ਇਹ ਕੰਮ ਕਰਨ ਦਿਉ, ਮੈਂ ਬੱਚੇ ਨੂੰ ਸਹੀ ਸਲਾਮਤ ਕੱਢ ਲਿਆਵਾਂਗਾ ਪਰ ਪ੍ਰਸ਼ਾਸਨ ਉਸ ਨੂੰ ਇਹ ਕਹਿ ਕੇ ਮਨ੍ਹਾ ਕਰਦਾ ਰਿਹਾ ਕਿ ਸੱਚਾ ਸੌਦਾ ਵਾਲੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਮੀਡੀਆ 'ਚ ਸੱਚੇ ਸੌਦੇ ਵਾਲਿਆਂ ਦੀ ਹੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਕਿ ਕਿੰਨਾ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੱਚੇ ਸੌਦੇ ਵਾਲਿਆਂ ਦਾ ਵਧ ਤੋਂ ਵਧ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਚਮਕਾਉਣ ਤੇ ਉਨ੍ਹਾਂ ਦਾ ਅਕਸ ਵਧੀਆ ਦਖਾਉਣ ਦੀ ਕੋਸ਼ਿਸ਼ 'ਚ ਹੀ ਮਾਸੂਮ ਫਤਿਹਵੀਰ ਦੀ ਜਾਨ ਚਲੀ ਗਈ ਹੈ।
ਸਿਰਸਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਥਾਨਕ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਇਸ ਕੰਮ ਵਿਚ ਲੱਗੇ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਇਕ ਘਰ ਦਾ ਚਿਰਾਗ ਬੁੱਝ ਗਿਆ।
ਫਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਨੌਜਵਾਨਾਂ ਕੱਢਿਆਂ ਕੈਂਡਲ ਮਾਰਚ
NEXT STORY