ਜਲੰਧਰ (ਵਿਸ਼ੇਸ਼)– ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਹੀ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ ਦੇ ਤਰੀਕੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਹੂਲਤ ਦੀ ਰਾਜਨੀਤੀ ਕਰ ਰਹੀ ਹੈ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਸਰਕਾਰ ਬਣਨ ਤੋਂ 10 ਦਿਨ ਬਾਅਦ ਗੁਜਰਾਤ ਵਿਚ ਜਾ ਕੇ ਕਹਿੰਦੇ ਹਨ ਕਿ ਭਗਵੰਤ ਮਾਨ ਨੇ ਪੰਜਾਬ ਵਿਚੋਂ 10 ਦਿਨਾਂ ’ਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ। ਇਹੀ ਗੱਲ ਹਿਮਾਚਲ ਵਿਚ ਜਾ ਕੇ ਦੁਹਰਾਈ ਜਾਂਦੀ ਹੈ ਅਤੇ ਉੱਥੇ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਨੇ 15 ਦਿਨਾਂ ਵਿਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਪਰ ਕੇਜਰੀਵਾਲ ਦੇ ਇਸ ਬਿਆਨ ਤੋਂ ਡੇਢ ਮਹੀਨੇ ਬਾਅਦ ਹੀ ਉਨ੍ਹਾਂ ਦਾ ਆਪਣਾ ਮੰਤਰੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਜਾਂਦਾ ਹੈ।
ਕਾਲੀਆ ਨੇ ਕਿਹਾ ਕਿ ਹਾਲਾਂਕਿ ਉਹ ਮੰਤਰੀ ਦੀ ਬਰਖ਼ਾਸਤਗੀ ਦਾ ਸਵਾਗਤ ਕਰਦੇ ਹਨ ਪਰ ਇਸ ਮਾਮਲੇ ’ਚ ਦਰਜ ਕੀਤੀ ਗਈ ਐੱਫ. ਆਈ. ਆਰ. ਆਪਣੇ-ਆਪ ’ਚ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਐੱਫ਼. ਆਈ. ਆਰ. ਵਿਚ ਮੰਤਰੀ ਅਤੇ ਉਸ ਦੇ ਓ. ਐੱਸ. ਡੀ. ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਬਾਰੇ ਚੰਡੀਗੜ੍ਹ ਦੇ ਪੰਜਾਬ ਭਵਨ ਅਤੇ ਸਕੱਤਰੇਤ ਨੂੰ ਦੱਸਿਆ ਗਿਆ ਹੈ, ਜਦੋਂਕਿ ਮਾਮਲੇ ਦੀ ਐੱਫ਼. ਆਈ. ਆਰ. ਮੋਹਾਲੀ ਵਿਚ ਦਰਜ ਕੀਤੀ ਜਾਂਦੀ ਹੈ। ਜੇ ਸਰਕਾਰ ਇਸ ਮਾਮਲੇ ’ਚ ਪਾਕ-ਸਾਫ਼ ਸੀ ਤਾਂ ਇਹ ਐੱਫ. ਆਈ. ਆਰ. ਚੰਡੀਗੜ੍ਹ ਵਿਚ ਦਰਜ ਹੋਣੀ ਚਾਹੀਦੀ ਸੀ ਤਾਂ ਜੋ ਚੰਡੀਗੜ੍ਹ ਪੁਲਸ ਨਿਰਪੱਖ ਢੰਗ ਨਾਲ ਇਸ ਮਾਮਲੇ ਦੀ ਜਾਂਚ ਕਰਦੀ।
ਇਹ ਵੀ ਪੜ੍ਹੋ: ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ
ਇੰਨਾ ਹੀ ਨਹੀਂ, ਐੱਫ਼. ਆਈ. ਆਰ. ਵਿਚ ਉਸ ਆਡੀਓ ਕਲਿੱਪ ਦਾ ਕੋਈ ਜ਼ਿਕਰ ਨਹੀਂ, ਜਿਸ ਦੇ ਆਧਾਰ ’ਤੇ ਮੰਤਰੀ ਨੂੰ ਬਰਖ਼ਾਸਤ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਸ ਲਈ ਇਹ ਸਾਰਾ ਮਾਮਲਾ ਆਪਣੇ-ਆਪ ’ਚ ਸਵਾਲ ਖੜ੍ਹੇ ਕਰਨ ਵਾਲਾ ਹੈ। ਕਾਲੀਆ ਨੇ ਕਿਹਾ ਕਿ ਅਸਲ ’ਚ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਸਲੀਅਤ ਸਾਹਮਣੇ ਆਉਣ ਦੀ ਸ਼ੁਰੂਆਤ ਹੈ। ਜੇ ਇਕ ਮੰਤਰੀ ਇਸ ਢੰਗ ਨਾਲ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਜਾ ਰਿਹਾ ਹੈ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੈਬਨਿਟ ਦੇ ਹੋਰ ਮੰਤਰੀ ਸਾਫ਼-ਸੁਥਰੇ ਹੋਣਗੇ। ਕਾਲੀਆ ਨੇ ਕਿਹਾ ਕਿ ਐਸੋਸੀਏਸ਼ਨ ਆਫ਼ ਡੈਮੋਕ੍ਰੈਟਿਕ ਰਿਫ਼ਾਰਮਜ਼ (ਏ. ਡੀ. ਆਰ.) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ 92 ਵਿਚੋਂ 52 ਵਿਧਾਇਕ ਦਾਗੀ ਹਨ ਅਤੇ ਵਿਧਾਇਕਾਂ ਖਿਲਾਫ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਏ. ਡੀ. ਆਰ. ਨੇ ਇਹ ਰਿਪੋਰਟ ਵਿਧਾਇਕਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮਿਆਂ ਦੇ ਆਧਾਰ ’ਤੇ ਤਿਆਰ ਕੀਤੀ ਹੈ।
ਇਸ ਦਾ ਮਤਲਬ ਹੈ ਕਿ ਟਿਕਟ ਦਿੰਦੇ ਸਮੇਂ ਵਿਧਾਇਕਾਂ ਦਾ ਕਿਰਦਾਰ ਨਹੀਂ ਵੇਖਿਆ ਗਿਆ ਸੀ ਅਤੇ ਹੁਣ ਇਹ ਕਿਰਦਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਕ ਮਾਮਲੇ ਵਿਚ ਤਾਂ ਪਟਿਆਲਾ ਰੂਰਲ ਦੇ ਵਿਧਾਇਕ ਬਲਵੀਰ ਸਿੰਘ ਨੂੰ ਸਜ਼ਾ ਵੀ ਹੋ ਗਈ ਹੈ, ਜਦੋਂਕਿ ਇਕ ਹੋਰ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉੱਤੇ ਸੀ. ਬੀ. ਆਈ. ਨੇ 40 ਕਰੋਡ਼ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਹੈ। ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ’ਤੇ ਵੀ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਪਰ ਇਨ੍ਹਾਂ ਤਿੰਨਾਂ ਵਿਧਾਇਕਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੁੱਪ ਵੱਟੀ ਹੋਈ ਹੈ। ਇਸ ਕਾਰਨ ਵੀ ਵਿਜੇ ਸਿੰਗਲਾ ਦੇ ਮਾਮਲੇ ’ਚ ਸਵਾਲ ਖੜ੍ਹੇ ਹੁੰਦੇ ਹਨ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CM ਮਾਨ ਦਾ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ
ਪੰਜਾਬ ’ਚ ਕਾਨੂੰਨ ਵਿਵਸਥਾ ਵਿਗੜੀ, ਸਰਕਾਰ ਬੁਰੀ ਤਰ੍ਹਾਂ ਫੇਲ
ਕਾਲੀਆ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਲੱਚਰ ਹੋ ਗਈ ਹੈ ਅਤੇ ਰੋਜ਼ਾਨਾ ਹੱਤਿਆ, ਡਕੈਤੀ ਤੇ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਨਾਲ ਵੀ ਨੌਜਵਾਨ ਆਪਣੀਆਂ ਜਾਨਾਂ ਗੁਆ ਰਹੇ ਹਨ, ਜਦੋਂਕਿ ਸਰਕਾਰ ਦਾ ਪੂਰਾ ਧਿਆਨ ਆਪਣੇ ਪ੍ਰਚਾਰ ’ਤੇ ਲੱਗਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ, ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੋਂ ਵੀ ਪਾਰਟੀ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ 25 ਹਜ਼ਾਰ ਨੌਕਰੀਆਂ ਦੇਣ ਦਾ ਮਾਮਲਾ ਵੀ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ।
ਸਰਕਾਰ ਜਿਸ ਢੰਗ ਨਾਲ ਹਰ ਮਾਮਲੇ ਵਿਚ ਯੂ-ਟਰਨ ਲੈ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਪਹਿਲਾਂ ਫ਼ੈਸਲਾ ਲੈਂਦੀ ਹੈ ਅਤੇ ਉਸ ਤੋਂ ਬਾਅਦ ਉਸ ’ਤੇ ਵਿਚਾਰ ਕਰਦੀ ਹੈ। ਇਸ ਲਈ ਲੋਕਾਂ ਦਾ ਮੋਹ ਸਰਕਾਰ ਤੋਂ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ 5 ਸਾਲ ਵੀ 25 ਸਾਲ ਦੇ ਬਰਾਬਰ ਲੱਗਣਗੇ।
ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ
NEXT STORY