ਫਰੀਦਕੋਟ (ਜਗਤਾਰ) : ਪਿੰਡ ਟਹਿਣਾ ਦੀ ਵਿਅਾਹੁਤਾ ਲੜਕੀ (25) ਦੀ ਭੇਤਭਰੇ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨਾ ਰੋਮਾਣਾ ਦੀ ਲੜਕੀ ਦਾ ਤਕਰੀਬਨ ਡੇਢ ਸਾਲ ਪਹਿਲਾਂ ਪਿੰਡ ਟਹਿਣਾ ’ਚ ਵਿਆਹ ਹੋਇਆ ਸੀ। ਉਹ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਦੀ ਸੀ। ਦੋਵਾਂ ਪਰਿਵਾਰਾਂ ਅਨੁਸਾਰ ਲੜਕੀ ਪਿਛਲੇ ਕੁਝ ਦਿਨਾਂ ਤੋਂ ਦੱਸੇ ਬਗੈਰ ਗਾਇਬ ਹੋ ਗਈ ਸੀ, ਜਿਸ ਦੀ ਪੁਲਸ ਕੋਲ ਦਰਖ਼ਾਸਤ ਵੀ ਲਿਖਾਈ ਸੀ। ਜਦੋਂ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਤਲਾਸ਼ ਫਰੀਦਕੋਟ ’ਚੋਂ ਲੰਘਦੀਆਂ ਨਹਿਰਾਂ ਤੋਂ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਰਾਜਸਥਾਨ ਦੇ ਲੱਖੋਵਾਲ ਕੋਲ ਰਾਜਸਥਾਨ ਫੀਡਰ ਦੀ ਬੁਰਜੀ ਕੋਲ ਲਾਸ਼ ਪਈ ਸੀ। ਪੁਲਸ ਸਮੇਤ ਪਰਿਵਾਰ ਨੇ ਸ਼ਨਾਖ਼ਤ ਕਰ ਕੇ ਲੜਕੀ ਦੀ ਲਾਸ਼ ਹਾਸਿਲ ਕਰ ਫਰੀਦਕੋਟ ਦੇ ਮੈਡੀਕਲ ’ਚ ਬਣੀ ਮੋਰਚਰੀ ’ਚ ਪੋਸਟਮਾਰਟਮ ਲਈ ਜਮ੍ਹਾ ਕਰਵਾ ਦਿੱਤੀ ਹੈ। ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਸਹੁਰੇ ਪਰਿਵਾਰ ’ਤੇ ਤੰਗ ਪ੍ਰੇਸ਼ਾਨ ਕਰਕੇ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਉਧਰ ਪੁਲਸ ਵੱਲੋਂ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲੜਕੀ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਤੋਂ ਤੰਗ ਆ ਕੇ ਲੜਕੀ ਨੇ ਕੁਝ ਦਿਨ ਪਹਿਲਾਂ ਕਿਹਾ ਵੀ ਸੀ ਕਿ ਉਸ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਉਹ ਮਰ ਜਾਵੇਗੀ ਪਰ ਸਾਡੇ ਸਮਝਾਉਣ ਦੇ ਬਾਵਜੂਦ ਉਹ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹੇ। ਹੁਣ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਮਿਲੇ ਅਸੀਂ ਓਨੀ ਦੇਰ ਤਕ ਸਸਕਾਰ ਨਹੀਂ ਕਰਾਂਗੇ ਭਾਵੇਂ ਉਨ੍ਹਾਂ ਨੂੰ ਲਾਸ਼ ਸੜਕ ’ਤੇ ਕਿਉਂ ਨਾ ਰੱਖਣੀ ਪਵੇ। ਇਸ ਮੌਕੇ ਦਾਨਾ ਰੋਮਾਣਾ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਲੜਕੀ ਟਹਿਣੇ ਪਿੰਡ ਵਿਆਹੀ ਸੀ, ਜਿਸ ਦੀ ਲਾਸ਼ ਰਾਜਸਥਾਨ ਕੋਲ ਨਹਿਰ ’ਚੋਂ ਮਿਲੀ ਹੈ। ਉਹ ਲੜਕੀ ਦਾ ਪੋਸਟਮਾਰਟਮ ਕਰਵਾ ਰਹੇ ਹਨ ਅਤੇ ਪਰਿਵਾਰ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਸ਼ਾਮ ਤੱਕ ਇਨਸਾਫ ਨਹੀਂ ਮਿਲਦਾ ਤਾਂ ਪਰਿਵਾਰ ਨੂੰ ਮਜਬੂਰਨ ਲੜਕੀ ਦੀ ਲਾਸ਼ ਐੱਸ. ਐੱਸ. ਪੀ. ਦਫਤਰ ਦੇ ਬਾਹਰ ਰੱਖ ਕੇ ਧਰਨਾ ਲਗਾਉਣਾ ਪਵੇਗਾ।
ਇਸ ਮੌਕੇ ਮ੍ਰਿਤਕ ਲੜਕੀ ਦੇ ਸਹੁਰੇ ਨੇ ਕਿਹਾ ਕਿ ਉਸ ਦੀ ਨੂੰਹ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਦੀ ਸੀ ਤੇ ਉਹ ਇਹ ਕਹਿ ਕੇ ਘਰ ਨਹੀਂ ਆਈ ਕਿ ਉਹ ਦਾਨੇ ਰੋਮਾਣੇ ਚੱਲੀ ਹੈ ਪਰ ਉਹ ਉਥੇ ਵੀ ਨਹੀਂ ਗਈ। ਅਸੀਂ ਵੀ ਬਹੁਤ ਭਾਲ ਕੀਤੀ ਆਖਿਰ ਲਾਸ਼ ਮਿਲ ਗਈ ਹੈ। ਸਾਡਾ ਲੜਕੀ ਨਾਲ ਕੋਈ ਝਗੜਾ ਨਹੀਂ ਸੀ। ਸਾਨੂੰ ਵੀ ਨਹੀਂ ਪਤਾ ਇਹ ਕਿਉਂ ਹੋਇਆ ਸਾਡਾ ਕੋਈ ਕਸੂਰ ਨਹੀਂ। ਉਨ੍ਹਾਂ ਦਾ ਲੜਕਾ ਦਿਹਾੜੀ ਕਰਦਾ ਹੈ। ਇਸ ਮੌਕੇ ਜਾਂਚ ਅਧਿਕਾਰੀ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਦਾਨਾ ਰੋਮਾਣਾ ਪਿੰਡ ਦੀ ਲੜਕੀ ਪਿੰਡ ਟਹਿਣਾ ’ਚ ਵਿਆਹੀ ਹੋਈ ਸੀ, ਜਿਸ ਨੂੰ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਕਾਰਨ ਲੜਕੀ ਘਰੋਂ ਗਾਇਬ ਹੋ ਗਈ ਸੀ, ਜਿਸ ਦੀ ਗੁੰਮਸ਼ੁਦਾ ਰਿਪੋਰਟ ਵੀ ਸਾਡੇ ਕੋਲ ਦਰਜ ਕਰਵਾਈ ਸੀ। ਪੁਲਸ ਅਤੇ ਪਰਿਵਾਰ ਵਲੋਂ ਤਲਾਸ਼ ਜਾਰੀ ਸੀ। ਪਰਿਵਾਰ ਜਦੋਂ ਸ਼ੱਕ ਦੇ ਆਧਾਰ ’ਤੇ ਨਹਿਰ ’ਚ ਲੱਭਦੇ ਹੋਏ ਅਖੀਰ ਤੱਕ ਗਏ ਤਾਂ ਲੜਕੀ ਦੀ ਲਾਸ਼ ਰਾਜਸਥਾਨ ਫੀਡਰ ਤੋਂ ਮਿਲ ਗਈ। ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਪਰਿਵਾਰ ਜਾਂਚ ਦੌਰਾਨ ਉਨ੍ਹਾਂ ਦਾ ਸਾਥ ਦੇਵੇ।
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ
NEXT STORY