ਦੀਨਾਨਗਰ (ਗੁਰਪ੍ਰੀਤ ਚਾਵਲਾ, ਦੀਪਕ, ਵਿਨੋਦ) : ਜੰਮੂ ਕਸ਼ਮੀਰ ਦੇ ਪੁਲਵਾਮਾਂ 'ਚ ਹੋਏ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਏ ਗੁਰਦਾਸਪੁਰ ਦੇ ਦੀਨਾਨਗਰ ਦੇ ਮਨਿੰਦਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ 'ਚ ਅੰਤਿਮ ਸੰਸਕਾਰ ਕੀਤਾ ਗਿਆ, ਉਥੇ ਹੀ ਸ਼ਹੀਦ ਦੀ ਅੰਤਿਮ ਯਾਤਰਾ 'ਚ ਜਿਥੇ ਸ਼ਹੀਦ ਦੇ ਪਰਿਵਾਰ ਵਾਲੇ ਸਨ, ਉਥੇ ਹੀ ਵੱਡੀ ਗਿਣਤੀ 'ਚ ਇਲਾਕੇ ਦੇ ਲੋਕਾਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਦੇ ਨਾਲ ਹੀ ਕਈ ਸਿਆਸੀ ਨੇਤਾ ਵੀ ਸ਼ਹੀਦ ਦੀ ਅੰਤਿਮ ਵਿਦਾਈ ਮੌਕੇ ਸ਼ਾਮਲ ਹੋਏ, ਜਿਨ੍ਹਾਂ 'ਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਕੈਬਿਨੇਟ ਮੰਤਰੀ ਪੰਜਾਬ ਅਰੁਣਾ ਚੌਧਰੀ ਅਤੇ ਸੀ. ਆਰ. ਪੀ. ਐੱਫ. ਦੇ ਆਲਾ ਅਧਿਕਾਰੀ ਸ਼ਾਮਲ ਸਨ। ਸ਼ਹੀਦ ਮਨਿੰਦਰ ਸਿੰਘ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਟੁਕੜੀ ਨੇ ਸਲਾਮੀ ਦਿਤੀ। ਸ਼ਹੀਦ ਦੀ ਅੰਤਿਮ ਯਾਤਰਾ ਅਤੇ ਅੰਤਿਮ ਸੰਸਕਾਰ 'ਚ ਸ਼ਾਮਲ ਲੋਕਾਂ ਵਲੋਂ ਜਿਥੇ ਸ਼ਹੀਦ ਮਨਿੰਦਰ ਸਿੰਘ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ ਗਏ, ਉਥੇ ਹੀ 'ਪਾਕਿਸਤਾਨ ਮੁਰਦਾਬਾਦ' ਦੇ ਜੰਮ ਕੇ ਨਾਅਰੇ ਲਗਾਏ ਗਏ। ਸ਼ਹੀਦ ਮਨਿੰਦਰ ਸਿੰਘ ਦੀ ਅਰਥੀ ਨੂੰ ਵੱਡੀ ਭੈਣ ਲਵਲੀ ਨੇ ਮੋਢਾ ਦਿਤਾ ਅਤੇ ਛੋਟੇ ਭਰਾ ਲਵਕਿਸ਼ ਸਿੰਘ ਵਲੋਂ ਅਗਨੀ ਦਿਤੀ ਗਈ।
ਸ਼ਹੀਦ ਮਨਿੰਦਰ ਸਿੰਘ ਦੀ ਅੰਤਿਮ ਵਿਦਾਈ ਅਤੇ ਅੰਤਿਮ ਸੰਸਕਾਰ 'ਚ ਸ਼ਰਧਾਂਜਲੀ ਦੇਣ ਪਹੁੰਚੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਜਲਦੀ ਕੇਂਦਰ ਸਰਕਾਰ ਬਣਦੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੀਆ ਸਭ ਸੁਰੱਖਿਆ ਫੋਰਸਾਂ ਨੂੰ ਇਸ ਗੱਲ ਦੀ ਖੁੱਲ੍ਹ ਦੇ ਦਿਤੀ ਗਈ ਹੈ ਕਿ ਉਹ ਅੱਤਵਾਦ ਦੇ ਖਿਲਾਫ ਸਖਤੀ ਨਾਲ ਟਾਕਰਾ ਕਰਨ ਅਤੇ ਉਨ੍ਹਾਂ ਨੂੰ ਸਖਤ ਜਵਾਬ ਦੇਣ ਅਤੇ ਕੇਂਦਰ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਹਰ ਤਰ੍ਹਾਂ ਦੀ ਬਣਦੀ ਮਦਦ ਕੀਤੀ ਜਾਵੇਗੀ। ਉਥੇ ਹੀ ਪੰਜਾਬ ਸਰਕਾਰ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੂਰਾ ਦੇਸ਼ ਸ਼ਹੀਦ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦੀਆ ਭਾਵਨਾਵਾਂ ਆਹਤ ਹੋਈਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਸਖ਼ਤੀ ਨਾਲ ਇਸ ਦਾ ਜਵਾਬ ਦੇਵੇ ਤਾਂ ਜੋ ਮੁੜ ਤੋਂ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ। ਅਰੁਣਾ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਨੂੰ 12-12 ਲੱਖ ਰੁਪਏ ਅਤੇ ਪਰਿਵਾਰ 'ਚੋਂ ਮੈਂਬਰ ਨੂੰ ਨੌਕਰੀ ਦੇ ਕੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇਗੀ।
ਪੁਲਵਾਮਾ ਹਮਲਾ : ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ (ਪੜ੍ਹੋ 16 ਫਰਵਰੀ ਦੀਆਂ ਖਾਸ ਖਬਰਾਂ)
NEXT STORY