ਪਟਿਆਲਾ (ਬਲਜਿੰਦਰ)-ਬੀਤੇ ਦਿਨੀਂ ਆਸਾਮ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ 169 ਲੋਕਾਂ ਦੀ ਜਾਨ ਬਚਾਉਣ ਵੇਲੇ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਪੰਜਾਬ ਦੇ ਸਪੂਤ ਅਤੇ ਭਾਰਤੀ ਹਵਾਈ ਫੌਜ ਦੇ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਰੋਹ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਇਆ। ਇਸ ਮੌਕੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੀਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਰਧਾਂਜ਼ਲੀ ਭੇਂਟ ਕਰਨ ਪੁੱਜੇ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਸ਼ਰਧਾਂਜ਼ਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਪੰਜਾਬ ਦੇ ਬਹਾਦਰ ਸਪੂਤ ਸਨ ਅਤੇ ਉਹ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਅਮਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖਸ਼ੀਅਤਾਂ ਦਾ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ। ਇਸ ਮੌਕੇ ਸ: ਧਰਮਸੋਤ ਨੇ ਸ਼ਹੀਦ ਦੇ ਪਰੀਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਰਿਵਾਰ ਨੂੰ 12 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਕੈਬਨਿਟ ਮੰਤਰੀ ਨੇ ਸ਼ਹੀਦ ਢਿਲੋਂ ਦੀ ਧਰਮਪਤਨੀ ਸ੍ਰੀਮਤੀ ਪ੍ਰਭਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੀ ਤਰਫੋਂ 5 ਲੱਖ ਰੁਪਏ ਐਕਸ ਗ੍ਰੇਸੀਆ ਦਾ ਚੈਕ ਮੌਕੇ 'ਤੇ ਹੀ ਭੇਂਟ ਕੀਤਾ।
ਸ਼ਰਧਾਂਜ਼ਲੀ ਸਮਾਰੋਹ ਮੌਕੇ ਸ਼ਹੀਦ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਦੇ ਪਿਤਾ ਸੇਵਾ ਮੁਕਤ ਸਕੂਐਰਡਨ ਲੀਡਰ ਸ: ਪੂਰਨ ਸਿੰਘ ਢਿਲੋਂ ਨੇ ਸ਼ਰਧਾਂਜ਼ਲੀ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਇਕ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਉਹਨਾਂ ਕਿਹਾ ਕਿ ਪਰ ਸਾਡੇ ਲਈ ਇਹ ਫਖਰ ਦੀ ਗੱਲ ਹੈ ਕਿ ਸਾਡੇ ਪੁੱਤਰ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਦਿੱਤੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭ ਤੋਂ ਵੱਡਾ ਫਿਕਰ ਉਹਨਾਂ ਦੇ ਪੁੱਤਰ ਦੇ ਪਰਿਵਾਰ ਦੇ ਭਵਿੱਖ ਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਜੋ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ ਉਸ ਲਈ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ।
ਸ਼ਹੀਦ ਢਿਲੋਂ ਆਪਣੇ ਪਿਤਾ ਸੇਵਾ ਮੁਕਤ ਸਕੂਐਰਡਨ ਲੀਡਰ ਸ: ਪੂਰਨ ਸਿੰਘ ਢਿਲੋਂ, ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ, ਧਰਮਪਤਨੀ ਸ਼੍ਰੀਮਤੀ ਪ੍ਰਭਪ੍ਰੀਤ ਕੌਰ ਢਿਲੋਂ, 11 ਵਰ੍ਹਿਆਂ ਦੀ ਬੇਟੀ ਸਹਿਜ ਅਤੇ 7 ਸਾਲਾਂ ਦੇ ਬੇਟੇ ਈਸ਼ਰ ਨੂੰ ਸ਼ਦੀਵੀ ਵਿਛੋੜਾ ਦੇ ਗਏ ਹਨ।
ਵਾਲਵੋ ਬੱਸ 'ਚ ਚੱਲ ਰਿਹਾ ਸੀ ਇਹ ਗੋਰਖਧੰਦਾ, 77 ਹਜ਼ਾਰ ਦੀਆਂ ਨਕਲੀ ਟਿਕਟਾਂ ਨੂੰ ਦੇਖ ਅਧਿਕਾਰੀ ਵੀ ਹੋਏ ਹੈਰਾਨ
NEXT STORY