ਜਲੰਧਰ (ਰਮਨਦੀਪ ਸਿੰਘ ਸੋਢੀ) : ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਜੋ ਅਕਸਰ ਆਪਣੇ ਨਿਵੇਕਲੇ ਕਾਰਜਾਂ ਕਰਕੇ ਸਮੁੱਚੀ ਦੁਨੀਆ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਵਾਰ ਸੋਸਾਇਟੀ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਇਕ ਕੌਮਾਂਤਰੀ ਪੱਧਰ ਦੀ ਵਿਸ਼ਾਲ ਖੇਡ ਗਰਾਊਂਡ ਤਿਆਰ ਕੀਤੀ ਗਈ ਹੈ, ਜਿਸ ਵਿਚ 7 ਤਰ੍ਹਾਂ ਦੇ ਖੇਡ ਮੈਦਾਨ ਬਣਾਏ ਗਏ ਹਨ। ਸੋਸਾਇਟੀਵਲੋਂ ਕਰੀਬ 6.5 ਮਿਲੀਅਨ ਡਾਲਰ ਖਰਚ ਕੀਤੇ ਹਨ, ਜੋ ਕਿ ਭਾਰਤੀ ਕਰੰਸੀ ਵਿਚ ਤਕਰੀਬਨ 30 ਕਰੋੜ ਰੁਪਏ ਬਣਦੇ ਹਨ। ਮਾਰਚ ਦੇ ਆਖਰੀ ਹਫਤੇ ਇਹ ਮੈਦਾਨ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਸੁਪਰੀਮ ਸਿੱਖ ਸੋਸਾਇਟੀ ਦੇ ਮੁੱਖ ਬੁਲਾਰੇ ਭਾਈ ਦਿਲਜੀਤ ਸਿੰਘ ਨੇ ਦੱਸਿਆ ਕਿ ਸਵਾ ਸਾਲ ਪਹਿਲਾਂ ਸੰਸਥਾ ਵਲੋਂ ਨਿਊਜ਼ੀਲੈਂਡ 'ਚ ਸਿੱਖ ਸਪੋਰਟਸ ਕੰਪਲੈਕਸ ਬਣਾਉਣਾ ਸ਼ੁਰੂ ਕੀਤਾ ਗਿਆ ਸੀ, ਜਿਸ 'ਚ 7 ਕੌਮਾਂਤਰੀ ਪੱਧਰ ਦੇ ਗਰਾਊਂਡ ਤਿਆਰ ਕਰਕੇ ਕੰਮ ਮੁਕੰਮਲ ਹੋ ਗਿਆ ਹੈ। ਇਸ ਵਿਸ਼ਾਲ ਗਰਾਊਂਡ ਵਿਚ ਫੁੱਟਬਾਲ, ਵਾਲੀਬਾਲ, ਬਾਸਕਿਟਬਾਲ, ਹਾਕੀ, ਇੱਥੋਂ ਤੱਕ ਕਿ ਕ੍ਰਿਕਟ ਦੀਆਂ ਵਿਸ਼ੇਸ਼ ਪਿੱਚਾਂ ਅਤੇ ਦੌੜਾਂ ਦਾ ਟਰੈਕ ਵੀ ਬਣਾਇਆ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ 'ਚ ਕਬੱਡੀ ਦਾ ਵੱਖਰਾ ਗਰਾਊਂਡ ਬਣਾਇਆ ਗਿਆ ਹੈ, ਜਿੱਥੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਣਗੇ।
ਇਸ ਦੇ ਉਦਘਾਟਨ ਲਈ 20, 21, ਅਤੇ 22 ਮਾਰਚ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਉਦਘਾਟਨੀ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਭਾਈ ਰਘਬੀਰ ਸਿੰਘ, ਕੌਮ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰ ਪਾਲ ਸਿੰਘ ਅਤੇ ਪੰਜਾਬ ਦੇ ਕੁਝ ਪ੍ਰਸਿੱਧ ਪੱਤਰਕਾਰਾਂ ਸਮੇਤ ਹੋਰ ਹਸਤੀਆਂ ਵੀ ਪਹੁੰਚ ਰਹੀਆਂ ਹਨ।
ਜਾਣੋ ਕੀ ਹੈ ਸੁਪਰੀਮ ਸਿੱਖ ਸੋਸਾਇਟੀ
ਸੁਪਰੀਮ ਸਿੱਖ ਸੋਸਾਇਟੀ ਨਿਊਜ਼ੀਲੈਂਡ ਦੀ ਵੱਡੀ ਸਿੱਖ ਸੰਸਥਾ ਹੈ, ਜੋ 1982 'ਚ ਆਕਲੈਂਡ ਵਿਖੇ ਸਥਾਪਤ ਹੋਈ। ਸੰਸਥਾ ਵਲੋਂ ਚਾਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਿਆ ਜਾ ਰਿਹਾ ਹੈ। ਜਦਕਿ ਪੂਰੇ ਨਿਊਜ਼ੀਲੈਂਡ 'ਚ 7 ਹੋਰ ਗੁਰਦੁਆਰਿਆਂ ਦੇ ਨਾਲ ਵੀ ਜੁੜੀ ਹੋਈ ਹੈ। ਮੌਜੂਦਾ ਸਮੇਂ ਵਿਚ ਸੰਸਥਾ ਦੇ 550 ਵਿੱਤੀ ਅਤੇ 2000 ਚੁਣੇ ਹੋਏ ਮੈਂਬਰ ਹਨ। ਨਿਊਜ਼ੀਲੈਂਡ 'ਚ ਪਹਿਲੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰੀਏ ਤਾਂ 1986 'ਚ ਪਹਿਲਾ ਗੁਰਦੁਆਰਾ ਸਾਹਿਬ ਊਟਾਹੂ ਵਿਖੇ ਸਥਾਪਿਤ ਕੀਤਾ ਗਿਆ, ਜਿਸ ਦਾ ਨਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਰੱਖਿਆ ਗਿਆ। ਜਿਉਂ-ਜਿਉਂ ਸੰਗਤ ਦੀ ਗਿਣਤੀ ਵੱਧਦੀ ਗਈ ਤਾਂ ਇਹ ਸਥਾਨ ਛੋਟਾ ਪੈਣ ਲੱਗਾ। ਫਿਰ ਸੁਪਰੀਮ ਸਿੱਖ ਸੋਸਾਇਟੀ ਨੇ 2005 'ਚ ਟਾਕਾ ਨਿਨੀ ਵਿਖੇ ਇਕ ਵੱਡੀ ਜਗ੍ਹਾ ਲੈ ਕੇ ਉੱਥੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਬਣਵਾਇਆ। ਦੱਸ ਦੇਈਏ ਕਿ ਇਹ ਸੰਸਥਾ ਸਮਾਜ ਸੇਵੀਆਂ ਵਿਚ ਕਾਫੀ ਮਕਬੂਲ ਹੈ ਅਤੇ ਤਕਰੀਬਨ 25 ਮਿਲੀਅਨ ਡਾਲਰ ਦੀ ਜਾਇਦਾਦ ਵੀ ਇਸ ਸੰਸਥਾ ਕੋਲ ਹੈ। ਧਰਮ ਪ੍ਰਚਾਰ ਦੇ ਨਾਲ-ਨਾਲ ਸੰਸਥਾ ਨੇ ਸਮੁੱਚੇ ਪੰਜਾਬੀ ਹੀ ਨਹੀਂ ਸਗੋਂ ਭਾਰਤੀ ਮੂਲ ਦੇ ਹਰ ਵਿਅਕਤੀ ਦੀ ਹਰ ਸਮੇਂ ਬਾਂਹ ਫੜੀ ਹੈ।
ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ
NEXT STORY