ਨਵਾਂਸ਼ਹਿਰ (ਮਨੋਰੰਜਨ) - ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ 'ਤੇ ਨਕੇਲ ਕੱਸਣ ਦੇ ਇਰਾਦੇ ਨਾਲ 31 ਮਾਰਚ 2018 ਤੱਕ ਪਹਿਲੇ ਫੇਜ਼ 'ਚ ਸੂਬੇ ਭਰ ਵਿਚ 900 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਲਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 26 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਦੀ ਡੀ.ਈ.ਓ. ਦਫਤਰ ਵੱਲੋਂ ਪ੍ਰਪੋਜ਼ਲ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਜਾ ਚੁੱਕੀਆਂ ਹਨ। ਹੁਣ ਸਰਕਾਰ ਨੇ ਸੂਬੇ ਦੇ ਸਾਰੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਹਾਜ਼ਰੀ ਨੂੰ ਯਕੀਨੀ ਬਣਾਉਣ ਤੇ ਲੇਟ-ਲਤੀਫੀ ਨੂੰ ਦੂਰ ਕਰਨ ਲਈ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਹਾਜ਼ਰੀ ਲਾਉਣ ਦਾ ਖਾਕਾ ਤਿਆਰ ਕੀਤਾ ਹੈ।
104 ਸਕੂਲਾਂ 'ਚ ਲਾਈਆਂ ਜਾਣਗੀਆਂ ਮਸ਼ੀਨਾਂ
ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਕੁੱਲ 211 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚ 104 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਜਾਣਗੀਆਂ। ਇਨ੍ਹਾਂ 'ਚੋਂ 54 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ 50 ਹਾਈ ਸਕੂਲ ਹਨ ਪਰ ਪਹਿਲੇ ਫੇਜ਼ 'ਚ ਜ਼ਿਲੇ ਦੇ 26 ਸੀਨੀਅਰ ਸੈਕੰਡਰੀ ਸਕੂਲਾਂ ਵਿਚ 31 ਮਾਰਚ ਤੱਕ ਮਸ਼ੀਨਾਂ ਲਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੋਰ ਸਕੂਲਾਂ ਵਿਚ ਅਗਲੇ ਫੇਜ਼ ਵਿਚ ਮਸ਼ੀਨਾਂ ਲਾਈਆਂ ਜਾਣਗੀਆਂ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਧਿਕਾਰੀ
ਜ਼ਿਲਾ ਸਿੱਖਿਆ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਬਾਇਓਮੈਟ੍ਰਿਕ ਮਸ਼ੀਨਾਂ ਲਾਉਣ ਦੇ ਲਈ ਪਹਿਲਾਂ 26 ਸੀਨੀਅਰ ਸੈਕੰਡਰੀ ਸਕੂਲਾਂ ਦੀ ਲਿਸਟ ਮੰਗੀ ਗਈ ਸੀ, ਜੋ ਤਿਆਰ ਕਰ ਕੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਇਨ੍ਹਾਂ ਵਿਚ 31 ਮਾਰਚ ਤੱਕ ਬਾਇਓਮੈਟ੍ਰਿਕ ਮਸ਼ੀਨ ਲਾਉਣ ਦਾ ਕੰਮ ਪੂਰਾ ਕੀਤਾ ਜਾਣਾ ਹੈ। ਉਸ ਤੋਂ ਬਾਅਦ ਹੋਰ ਸਕੂਲਾਂ ਵਿਚ ਵੀ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲਾ ਸਿੱਖਿਆ ਅਧਿਕਾਰੀ ਤੇ ਵਿਭਾਗ ਦੇ ਹੋਰ ਦਫਤਰਾਂ ਵਿਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਹੈ। ਇਸ ਨਾਲ ਸਿਸਟਮ 'ਚ, ਜੋ ਥੋੜ੍ਹੀ ਖਰਾਬੀ ਆਈ ਹੈ, ਉਹ ਵੀ ਠੀਕ ਹੋ ਜਾਵੇਗੀ।
ਕਾਂਗਰਸ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਰਾਣਾ ਗੁਰਜੀਤ ਦੇ ਤਾਰੇ ਗਰਦਿਸ਼ 'ਚ
NEXT STORY