ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ. ਮੈਨਜ਼ ਯੂਨੀਅਨ ਨੇ ਡੱਬਾ ਕਾਰਖਾਨਾ (ਕਪੂਰਥਲਾ) 'ਚ ਮਟੀਰੀਅਲ ਦੀ ਘਾਟ ਦਾ ਹਵਾਲਾ ਦਿੰਦਿਆਂ ਕਾਰਖਾਨੇ ਦੇ ਮੇਨ ਗੇਟ ਅੱਗੇ ਰੇਡਿਕਾ (ਕਪੂਰਥਲਾ) ਮੈਨੇਜਮੈਂਟ ਤੇ ਕੇਂਦਰੀ ਰੇਲਵੇ ਬੋਰਡ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਜਵੰਤ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰੇਡਿਕਾ 'ਚ ਕੋਚ ਉਤਪਾਦਨ ਲਈ ਮਟੀਰੀਅਲ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਰੇਡਿਕਾ ਪ੍ਰਸ਼ਾਸਨ ਤੇ ਕੇਂਦਰੀ ਰੇਲਵੇ ਬੋਰਡ ਲੋੜੀਂਦੀ ਉਤਸੁਕਤਾ ਨਹੀਂ ਵਿਖਾ ਰਹੇ। ਉਨ੍ਹਾਂ ਕਿਹਾ ਕਿ ਮਟੀਰੀਅਲ ਦੀ ਕਮੀ ਨੂੰ ਸਮੇਂ ਸਿਰ ਪੂਰਾ ਨਾ ਕਰਨਾ ਰੇਡਿਕਾ ਤੇ ਰੇਲਵੇ ਬੋਰਡ ਦੀ ਡੂੰਘੀ ਸਾਜ਼ਿਸ਼ ਹੈ ਤਾਂ ਜੋ ਕੋਚ ਉਤਪਾਦਨ 'ਚ ਕਮੀ ਵਿਖਾ ਕੇ ਰੇਡਿਕਾ (ਕਪੂਰਥਲਾ) ਨੂੰ ਬੀਮਾਰ ਉਤਪਾਦਨ ਇਕਾਈ ਐਲਾਨ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਰ. ਸੀ. ਐੱਫ. ਮੈਨਜ਼ ਯੂਨੀਅਨ ਕਾਰਖਾਨੇ 'ਚ ਕੰਮ ਕਰਦੇ ਰੇਲ ਕਰਮੀਆਂ ਦੇ ਸਹਿਯੋਗ ਨਾਲ ਰੇਡਿਕਾ (ਕਪੂਰਥਲਾ) ਖਿਲਾਫ ਰੇਡਿਕਾ ਪ੍ਰਸ਼ਾਸਨ ਤੇ ਰੇਲਵੇ ਬੋਰਡ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਯੂਨੀਅਨ ਦੇ ਵਰਕਿੰਗ ਪ੍ਰੈਜ਼ੀਡੈਂਟ ਤਾਲਿਬ ਮੁਹੰਮਦ ਨੇ ਕਿਹਾ ਕਿ ਦਿਨੋ-ਦਿਨ ਰੇਡਿਕਾ 'ਚੋਂ ਰੇਲ ਕਰਮੀ ਸੇਵਾ ਮੁਕਤ ਹੋ ਰਹੇ ਹਨ, ਜਿਨ੍ਹਾਂ ਦੀ ਥਾਂ ਨਵੇਂ ਰੇਲ ਕਰਮੀਆਂ ਦੀ ਲੋੜ ਹੈ ਪਰ ਨਵੀਂ ਭਰਤੀ ਨਹੀਂ ਹੋ ਰਹੀ, ਜਿਸ ਕਰਕੇ ਰੇਡਿਕਾ 'ਚ ਜਲਦ ਭਰਤੀ ਕੀਤੀ ਜਾਵੇ।
ਨਿਗਮ ਦੇ ਦੋਵੇਂ ਇੰਸਪੈਕਟਰਾਂ ਨੂੰ ਵੀ ਕੀਤਾ ਜਾਵੇ ਗ੍ਰਿਫਤਾਰ : ਬੈਂਸ
NEXT STORY