ਮੋਗਾ, (ਆਜ਼ਾਦ)- ਜਲੰਧਰ ਤੋਂ ਵਾਇਆ ਮੋਗਾ ਰਾਹੀਂ ਬਰਨਾਲਾ ਨੂੰ ਜਾਂਦੇ ਨੈਸ਼ਨਲ ਹਾਈਵੇ 71 ਨੂੰ ਚਾਰ-ਮਾਰਗੀ ਕਰਨ ਲਈ ਐਕਵਾਇਰ ਹੋਈ ਪਿੰਡ ਧੂੜਕੋਟ ਕਲਾਂ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ਦੇ ਮਿਲੇ 'ਫੰਡਾਂ' ਵਿਚ ਕਥਿਤ ਤੌਰ 'ਤੇ 'ਹੇਰੀ-ਫੇਰੀ' ਕਰਨ ਦੇ ਮਾਮਲੇ 'ਚ ਜਾਂਚ ਪਿੱਛੋਂ ਆਖਿਰਕਾਰ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਹੁਕਮਾਂ 'ਤੇ ਪਿੰਡ ਦੀ ਮਹਿਲਾ ਸਰਪੰਚ ਸਰਬਜੀਤ ਕੌਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮੋਗਾ ਜਸਪ੍ਰੀਤ ਸਿੰਘ ਅਤੇ ਪੰਚਾਇਤ ਸਕੱਤਰ ਕਰਮ ਸਿੰਘ ਵਿਰੁੱਧ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਸਾਰਾ ਮਾਮਲਾ
ਹਾਸਲ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀ ਤਰਸੇਮ ਸਿੰਘ ਅਤੇ ਹੋਰਨਾਂ ਵੱਲੋਂ ਕੁਝ ਸਮਾਂ ਪਹਿਲਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਪੰਚਾਇਤ ਨੂੰ ਚਾਰ-ਮਾਰਗੀ ਸੜਕ 'ਚ ਆਈ ਪੰਚਾਇਤ ਦੀ ਸ਼ਾਮਲਾਟ ਗੜ੍ਹਿਆਂਵਾਲੀ ਜ਼ਮੀਨ ਦੇ ਮੁਆਵਜ਼ੇ ਵਜੋਂ 57 ਲੱਖ 46 ਹਜ਼ਾਰ 30 ਰੁਪਏ ਮਿਲੇ ਸਨ ਪਰ ਪੰਚਾਇਤ ਵੱਲੋਂ ਇਨ੍ਹਾਂ ਫੰਡਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ 'ਤੇ ਸਹੀ ਖਰਚ ਕਰਨ ਦੀ ਬਜਾਏ ਕਥਿਤ ਤੌਰ 'ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਸਰਪੰਚ ਵੱਲੋਂ ਇਨ੍ਹਾਂ ਫੰਡਾਂ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਗਈ ਹੈ।
ਇਸ ਸ਼ਿਕਾਇਤ ਦੇ ਆਧਾਰ 'ਤੇ ਜ਼ਿਲੇ ਦੇ ਡੀ. ਸੀ. ਵੱਲੋਂ ਮਾਮਲੇ ਦੀ ਪੜਤਾਲ ਜ਼ਿਲਾ ਪੰਚਾਇਤ ਅਫਸਰ ਲਖਵਿੰਦਰ ਸਿੰਘ ਰੰਧਾਵਾ ਨੂੰ ਸੌਂਪੀ ਗਈ ਸੀ, ਜਿਨ੍ਹਾਂ ਮੌਕੇ 'ਤੇ ਜਾ ਕੇ ਜਾਂਚ-ਪੜਤਾਲ ਕਰਨ ਤੋਂ ਬਾਅਦ ਲੋਕਾਂ ਦੇ ਬਿਆਨ ਦਰਜ ਕੀਤੇ ਅਤੇ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਮੋਗਾ ਨੂੰ ਭੇਜੀ।
ਸਰਪੰਚ ਤੇ ਪੰਚਾਇਤ ਅਧਿਕਾਰੀ ਕੀਤੇ ਸੀ ਮੁਅੱਤਲ
ਜਾਂਚ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਗਾ ਨੇ ਪਿੰਡ ਦੀ ਮਹਿਲਾ ਸਰਪੰਚ ਸਰਬਜੀਤ ਕੌਰ ਸਮੇਤ ਬੀ. ਡੀ. ਪੀ. ਓ. ਮੋਗਾ-1 ਅਤੇ ਪੰਚਾਇਤ ਸਕੱਤਰ ਕਰਮ ਸਿੰਘ ਨੂੰ ਅਗਲੇ ਹੁਕਮਾਂ ਤੱਕ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਨੇ ਦੱਸਿਆ ਕਿ ਉਕਤ ਲੱਖਾਂ ਰੁਪਏ ਦੇ ਹੋਏ ਘੁਟਾਲੇ ਦੇ ਮਾਮਲੇ 'ਚ ਜ਼ਿਲਾ ਅਟਾਰਨੀ ਮੋਗਾ ਕੋਲੋਂ ਕਾਨੂੰਨੀ ਰਾਏ ਪ੍ਰਾਪਤ ਕਰਨ ਤੋਂ ਬਾਅਦ ਉਕਤ ਮਹਿਲਾ ਸਰਪੰਚ ਸਮੇਤ ਤਿੰਨ ਜਣਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
NEXT STORY