ਜਲੰਧਰ (ਖੁਰਾਣਾ)– ਛਾਉਣੀ ਇਲਾਕੇ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਸ਼ੁਰੂ ਤੋਂ ਹੀ ਜਲੰਧਰ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਤੋਂ ਨਾਰਾਜ਼ ਰਹੇ ਹਨ ਪਰ ਅੱਜ ਸ਼ਹਿਰ ਦੇ ਦੂਜੇ ਵਿਧਾਇਕ ਸੁਸ਼ੀਲ ਰਿੰਕੂ ਵੀ ਜਲੰਧਰ ਨਗਰ ਨਿਗਮ ਅਤੇ ਮੇਅਰ ਜਗਦੀਸ਼ ਰਾਜਾ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਸਿੱਧੀ ਬਗਾਵਤ ’ਤੇ ਉਤਰ ਆਏ ਹਨ। ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜਲੰਧਰ ਨਗਰ ਨਿਗਮ ਹਰ ਫਰੰਟ ’ਤੇ ਫੇਲ ਹੋ ਚੁੱਕਾ ਹੈ। ਉਨ੍ਹਾਂ ਨੇ ਆਪਣੇ ਵੈਸਟ ਵਿਧਾਨ ਸਭਾ ਹਲਕੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਸਾਫ ਸ਼ਬਦਾਂ ਵਿਚ ਧਮਕੀ ਦਿੱਤੀ ਕਿ ਜੇਕਰ 2-3 ਦਿਨਾਂ ਵਿਚ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੀ ਸਫਾਈ ਅਤੇ ਸੀਵਰ ਦੀ ਸਮੱਸਿਆ ਨੂੰ ਦੂਰ ਨਾ ਕੀਤਾ ਤਾਂ ਉਹ ਦੂਜੇ ਵਿਧਾਨ ਸਭਾ ਇਲਾਕੇ ਤੋਂ ਆਉਣ ਵਾਲੇ ਸੀਵਰ ਦੇ ਪਾਣੀ ਅਤੇ ਵਰਿਆਣਾ ਜਾਣ ਵਾਲੇ ਕੂੜੇ ਦੇ ਟਰੱਕਾਂ ਨੂੰ ਰੋਕ ਦੇਣਗੇ।
ਵਿਧਾਇਕ ਰਿੰਕੂ ਨੇ ਅੱਜ ਆਪਣੇ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਵੈਸਟ ਵਿਧਾਨ ਸਭਾ ਇਲਾਕੇ ਦੇ ਇਨ੍ਹਾਂ ਸਮੱਸਿਆਵਾਂ ਵਾਲੇ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਓ. ਐਂਡ ਐੱਮ. ਸੇਲ ਦੇ ਐੱਸ. ਈ. ਸਤਿੰਦਰ ਕੁਮਾਰ ਵੀ ਹਾਜ਼ਰ ਸਨ। ਵਿਧਾਇਕ ਰਿੰਕੂ ਨਾਲ ਕੌਂਸਲਰ ਸੁਨੀਤਾ ਰਿੰਕੂ, ਕੌਂਸਲਰ ਲਖਬੀਰ ਸਿੰਘ ਬਾਜਵਾ, ਕੌਂਸਲਰਪਤੀ ਅੰਗੁਰਾਲ ਅਤੇ ਹੋਰ ਵੀ ਮੌਜੂਦ ਸਨ। ਵਿਧਾਇਕ ਰਿੰਕੂ ਇਨ੍ਹਾਂ ਸਾਰੇ ਅਧਿਕਾਰੀਆਂ ਨਾਲ ਐੱਮ. ਐੱਸ. ਫਾਰਮ ਤੋਂ ਲੈਦਰ ਕੰਪਲੈਕਸ ਵਲ ਜਾਣ ਵਾਲੀ ਸੜਕ ’ਤੇ ਗਏ ਜਿਥੇ ਬਿਨਾਂ ਬਰਸਾਤ ਦੇ ਹੀ ਹੜ੍ਹ ਵਰਗੇ ਹਾਲਾਤ ਵੇਖਣ ਨੂੰ ਮਿਲੇ। ਇਥੇ ਜ਼ਿਆਦਾ ਪਾਣੀ ਨਾਰਥ ਹਲਕੇ ਤੋਂ ਆ ਰਿਹਾ ਹੈ ਜਿਸ ਕਾਰਣ ਸੀਵਰ ਓਵਰਫਲੋਅ ਹੋ ਰਿਹਾ ਹੈ।
ਇਸ ਤੋਂ ਬਾਅਦ ਵਿਧਾਇਕ ਰਿੰਕੂ ਨੇ ਉਸ ਸੜਕ ਦੇ ਨੇੜਲੇ ਇਲਾਕਿਆਂ ਪੰਨੂ ਬਿਹਾਰ ਅਨੂਪ ਨਗਰ, ਰਾਜਨ ਨਗਰ ਅਤੇ ਹੋਰ ਇਲਾਕਿਆਂ ਦਾ ਦੌਰਾ ਅਧਿਕਾਰੀਆਂ ਨੂੰ ਕਰਵਾਇਆ ਜਿਥੇ ਨਰਕ ਵਰਗੇ ਹਾਲਾਤ ਸਨ। ਵਿਧਾਇਕ ਰਿੰਕੂ ਨੇ ਕਮਿਸ਼ਨਰ ਨੂੰ ਦੱਸਿਆ ਕਿ ਸਿਰਫ ਬਸਤੀ ਪੀਰਦਾਦ ਹੀ ਨਹੀਂ ਬਲਕਿ ਬਸਤੀ ਗੁਜ਼ਾਂ, ਬਸਤੀ ਬਾਵਾ, ਬਸਤੀ ਨੌਂ, ਬਸਤੀ ਦਾਨਿਸ਼ਮੰਦਾਂ ਵਿਚ ਵੀ ਦਰਜਨਾਂ ਕਾਲੋਨੀਆਂ ਦੇ ਸੀਵਰ ਓਵਰਫਲੋਅ ਹੋ ਰਹੇ ਹਨ। ਗੰਦਾ ਪਾਣੀ ਆ ਰਿਹਾ ਅਤੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ।
ਜਿਨ੍ਹਾਂ ਸ਼ਹਿਰੀਆਂ ਨੇ ਸਰਕਾਰ ਬਣਾਈ ਜਾਂ ਮੇਅਰ ਚੁਣਿਆ ਉਹ ਹੀ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ
ਇਕ ਪਾਸੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਅੱਜ ਆਪਣੀ ਹੀ ਪਾਰਟੀ ਦੇ ਅਗਵਾਈ ਵਾਲੇ ਜਲੰਧਰ ਨਗਰ ਨਿਗਮ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹਿਰੀਆਂ ਨੇ ਸਰਕਾਰ ਨੂੰ ਚੁਣਨ ਵਿਚ ਸਹਿਯੋਗ ਦਿੱਤਾ ਜਾਂ ਮੇਅਰ ਦੀ ਚੋਣ ਕੀਤੀ, ਉਹ ਲੋਕ ਹੁਣ ਖੁਦ ਨੂੰ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ ਕਿਉਂਕਿ ਨਗਰ ਨਿਗਮ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਵੈਸਟ ਹਲਕੇ ਨੂੰ ਸਫਾਈ ਵਿਵਸਥਾ ਲਈ ਟਰਾਲੀਆਂ ਅਤੇ ਰੇਹੜੀਆਂ ਆਦਿ ਦੇਣ ਵਿਚ ਵੀ ਭੇਦਭਾਵ ਕੀਤਾ ਜਾ ਰਿਹਾ ਹੈ। ਜੋ ਹੁਣ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਸਿੱਧਾ ਐਕਸ਼ਨ ਹੀ ਹੋਵੇਗਾ।
ਚਾਰੇ ਕਾਂਗਰਸੀ ਵਿਧਾਇਕਾਂ ਦੇ ਰਸਤੇ ਵੱਖ-ਵੱਖ ਹੋਏ
ਅੱਜ ਤੋਂ 3 ਸਾਲ ਪਹਿਲਾਂ ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਜਲੰਧਰ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਕਾਂਗਰਸੀ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ ਸੀ। ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ ਪਹਿਲੀ ਵਾਰ ਵਿਧਾਇਕ ਬਣੇ ਸਨ, ਜਦਕਿ ਵਿਧਾਇਕ ਪਰਗਟ ਸਿੰਘ ਦੂਜੀ ਵਾਰ। ਅਜਿਹੇ ਵਿਚ ਇਨ੍ਹਾਂ ਨੌਜਵਾਨ ਵਿਧਾਇਕਾਂ ਨੇ ਇਕ-ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕਦਮ ਵਧਾਉਣ ਦਾ ਫੈਸਲਾ ਲਿਆ ਅਤੇ ਕਈ ਮੌਕਿਆਂ ’ਤੇ ਇਨ੍ਹਾਂ ਚਾਰਾਂ ਨੇ ਚੰਡੀਗੜ੍ਹ ਜਾ ਕੇ ਜਾਂ ਸ਼ਹਿਰ ਵਿਚ ਬੈਠਕਾਂ ਕਰ ਕੇ ਸ਼ਹਿਰ ਨੂੰ ਸੁਧਾਰਣ, ਸਵਾਰਣ ਦੇ ਪਲਾਨ ਬਣਾਏ।
ਇਕ ਮੌਕਾ ਅਜਿਹਾ ਆਇਆ ਜੋ ਇਨ੍ਹਾਂ ਚਾਰੇ ਵਿਧਾਇਕਾਂ ਨੇ ਨਿਗਮ ਵਿਚ ਦਖਲਅੰਦਾਜ਼ੀ ਕਰ ਰਹੀ ਯੂਨੀਅਨ ਨਾਲ ਸਿੱਧਾ ਪੰਗਾ ਲੈਣ ਦਾ ਪਲਾਨ ਬਣਾ ਲਿਆ, ਜਿਸ ਕਾਰਣ ਯੂਨੀਅਨ ਨੇ ਸਫਾਈ ਦੀ ਹੜਤਾਲ ਕਰ ਦਿੱਤੀ। ਇਸ ਦੌਰਾਨ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਯੂਨੀਅਨ ਦੇ ਧਰਨੇ ਵਿਚ ਜਾ ਕੇ ਨਾ ਸਿਰਫ ਹੜਤਾਲ ਖੁਲ੍ਹਵਾਈ ਬਲਕਿ ਯੂਨੀਅਨ ਨੇਤਾਵਾਂ ਤੋਂ ਮੁਆਫੀ ਮੰਗ ਲਈ। ਇਸ ਘਟਨਾ ਤੋਂ ਬਾਅਦ ਚਾਰੋਂ ਵਿਧਾਇਕਾਂ ਦੇ ਰਸਤੇ ਵੱਖ-ਵੱਖ ਹੋ ਗਏ। ਚਾਹੇ ਬਾਅਦ ਵਿਚ ਇਹ ਆਪਸ ਵਿਚ ਕਈ ਵਾਰ ਮਿਲੇ ਪਰ ਇਨ੍ਹਾਂ ਵਿਚ ਮਨ ਮੁਟਾਅ ਵਧਦਾ ਹੀ ਗਿਆ। ਅੱਜ ਵਿਧਾਇਕ ਪਰਗਟ ਸਿੰਘ ਨਿਗਮ ਦੀ ਕਾਰਜ ਸ਼ੈਲੀ ਤੋਂ ਅਸੰਤੁਸ਼ਟ ਹੈ। ਜਦਕਿ ਵਿਧਾਇਕ ਰਿੰਕੂ ਵੀ ਦਬੀ ਜ਼ੁਬਾਨ ਵਿਚ ਨਿਗਮ ਨੂੰ ਕੋਸਦੇ ਹੀ ਹਨ। ਉਥੇ ਹੀ ਵਿਧਾਇਕ ਰਾਜਿੰਦਰ ਬੇਰੀ ਅਤੇ ਵਿਧਾਇਕ ਬਾਵਾ ਹੈਨਰੀ ਨੇ ਨਿਗਮ ਦੇ ਵਿਰੋਧ ਵਿਚ ਇਕ ਸ਼ਬਦ ਨਹੀਂ ਕਿਹਾ।
'ਕੋਰੋਨਾ' ਦੇ ਇਲਾਜ ਲਈ ਪੰਜਾਬ ਆ ਰਹੇ ਦਿੱਲੀ ਦੇ ਲੋਕ, ਸਿਹਤ ਮਹਿਕਮਾ ਚੌਕਸ
NEXT STORY