ਜਲੰਧਰ (ਚੋਪੜਾ)— ਵਿਧਾਇਕ ਰਾਜਿੰਦਰ ਬੇਰੀ ਨੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਕੌਂਸਲਰਾਂ ਨਾਲ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਨਤਾ ਦੀ ਸੇਵਾ ਕਰਨ 'ਤੇ ਪਰਚਾ ਦਰਜ ਹੁੰਦਾ ਹੈ ਤਾਂ ਉਨ੍ਹਾਂ 'ਤੇ ਇਕ ਦੀ ਬਜਾਏ 2 ਕੇਸ ਦਰਜ ਕਰ ਦਿੱਤੇ ਜਾਣ ਪਰ ਕੋਵਿਡ-19 ਲਾਗ ਦੀ ਬੀਮਾਰੀ ਦੌਰਾਨ ਪਿਛਲੇ 4 ਮਹੀਨਿਆਂ ਤੋਂ ਘਰਾਂ 'ਚ ਡੱਕੇ ਨੇਤਾਵਾਂ ਨੂੰ ਝੂਠੇ ਅਤੇ ਬੇਬੁਨਿਆਦ ਦੋਸ਼ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਵਿਧਾਇਕ ਬੇਰੀ ਨੇ ਕਿਹਾ ਕਿ 22 ਮਾਰਚ ਨੂੰ ਲਾਏ ਗਏ ਕਰਫਿਊ/ਤਾਲਾਬੰਦੀ ਦੌਰਾਨ ਅੱਜ ਤੱਕ ਉਨ੍ਹਾਂ ਨੇ, ਕਾਂਗਰਸੀ ਕੌਂਸਲਰਾਂ ਅਤੇ ਵਰਕਰਾਂ ਨੇ ਚੈਨ ਨਾਲ ਘਰ ਬੈਠ ਕੇ ਨਹੀਂ ਵੇਖਿਆ ਅਤੇ ਸਾਰੇ ਹੀ ਦਿਨ-ਰਾਤ ਜਨਤਾ ਦੀ ਸੇਵਾ 'ਚ ਜੁਟੇ ਹੋਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਬਾਅ 'ਚ ਪ੍ਰਸ਼ਾਸਨ ਵੱਲੋਂ ਅਕਾਲੀ-ਭਾਜਪਾ ਨੇਤਾਵਾਂ ਨਾਲ ਸਬੰਧਤ ਵਾਰਡਾਂ 'ਚ ਰਾਸ਼ਨ ਨਾ ਵੰਡਣ ਦੇ ਦੋਸ਼ ਸਰਾਸਰ ਗਲਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਬਦਲੇ ਦੀ ਸਿਆਸਤ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਰਾਸ਼ਨ ਵੰਡਣ ਦੌਰਾਨ ਇਹ ਨਹੀਂ ਵੇਖਿਆ ਗਿਆ ਕਿ ਕਿਹੜਾ ਵਿਅਕਤੀ ਅਕਾਲੀ ਦਲ-ਭਾਜਪਾ ਜਾਂ ਬਸਪਾ ਨਾਲ ਜੁੜਿਆ ਹੋਇਆ ਹੈ। ਹਰੇਕ ਲੋੜਵੰਦ ਵਿਅਕਤੀ ਨੂੰ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦੇ ਇੰਸਪੈਕਟਰਾਂ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ
ਵਿਧਾਇਕ ਬੇਰੀ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਉਨ੍ਹਾਂ 'ਤੇ ਸਰਕਾਰੀ ਰਾਸ਼ਨ ਨੂੰ ਹੋਟਲ 'ਚ ਸਟੋਰ ਕਰਨ ਦਾ ਜੋ ਦੋਸ਼ ਲਾਇਆ ਹੈ, ਜੇਕਰ ਉਸ 'ਚ ਇੰਨੀ ਸੱਚਾਈ ਹੁੰਦੀ ਤਾਂ ਉਹ ਮੌਕੇ 'ਤੇ ਪਹੁੰਚ ਕੇ ਉਸ ਨੂੰ ਸਿੱਧ ਕਰਦੇ। ਉਨ੍ਹਾਂ ਕਿਹਾ ਕਿ ਉਹ ਲੋਕ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀ ਹਨ ਅਤੇ ਰਾਸ਼ਨ ਵੰਡਣ ਦੀ ਪ੍ਰਕਿਰਿਆ 'ਤੇ ਨਿਗਰਾਨੀ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਦੇ ਹਲਕੇ ਨਾਲ ਸਬੰਧਤ ਕਰੀਬ 6500 ਸਮਾਰਟ ਕਾਰਡ ਧਾਰਕਾਂ ਨੂੰ ਹਰੇਕ ਮਹੀਨੇ ਕਣਕ ਮਿਲਦੀ ਆ ਰਹੀ ਹੈ ਪਰ ਕੇਂਦਰ ਸਰਕਾਰ ਨੇ ਜੋ ਗੈਰ-ਸਮਾਰਟ ਕਾਰਡ ਧਾਰਕਾਂ ਲਈ ਕਣਕ ਭੇਜੀ ਸੀ, ਉਸ ਨੂੰ ਪੰਜਾਬ ਸਰਕਾਰ ਨੇ ਆਪਣੇ ਖਰਚੇ 'ਤੇ ਪਿਸਵਾਇਆ ਅਤੇ ਇਸ 'ਚ ਦਾਲ ਅਤੇ ਖੰਡ ਸ਼ਾਮਲ ਕੀਤੀ। ਸਿਵਲ ਸਪਲਾਈ ਮਹਿਕਮੇ ਨੇ ਸੈਂਟਰਲ ਹਲਕੇ 'ਚ ਕਰੀਬ 8 ਹਜ਼ਾਰ ਪੈਕੇਟ ਵੰਡੇ ਹਨ ਅਤੇ ਸਾਰੇ ਲੋਕਾਂ ਦੇ ਆਧਾਰ ਕਾਰਡ ਅਤੇ ਫੋਨ ਨੰਬਰਾਂ ਦੀ ਸੂਚੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਐੱਨ. ਜੀ. ਓ. ਅਤੇ ਸੋਸਾਇਟੀਆਂ ਵੱਲੋਂ ਲੋਕਾਂ ਦੀ ਸਹਾਇਤਾ ਲਈ ਜੋ ਰਾਸ਼ਨ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਭੇਜਿਆ ਜਾਂਦਾ ਰਿਹਾ ਹੈ, ਉਸ ਨੂੰ ਉਹ ਕੌਂਸਲਰਾਂ ਦੀ ਮਦਦ ਨਾਲ ਘਰ-ਘਰ ਪਹੁੰਚਾਉਂਦੇ ਆ ਰਹੇ ਹਨ ਅਤੇ ਉਸ 'ਚੋਂ ਕੁਝ ਪੈਕੇਟ ਹੋਟਲ 'ਚ ਬਚੇ ਹੋਏ ਹਨ, ਜਿਨ੍ਹਾਂ ਨੂੰ ਸਾਬਕਾ ਮੰਤਰੀ ਸਰਕਾਰੀ ਰਾਸ਼ਨ ਡੰਪ ਕਰਨ ਦੇ ਨਿਰਾਧਾਰ ਦੋਸ਼ ਲਗਾ ਰਹੇ ਹਨ। ਇਸ ਮੌਕੇ ਕੌਂਸਲਰ ਬੰਟੀ ਨੀਲਕੰਠ, ਕੌਂਸਲਰ ਬੱਬੀ ਚੱਠਾ, ਕੌਂਸਲਰ ਜਗਦੀਸ਼ ਗੱਗ, ਕੌਂਸਲਰ ਸ਼ੈਰੀ ਚੱਢਾ, ਗੁਰਨਾਮ ਸਿੰਘ ਮੁਲਤਾਨੀ, ਕੌਂਸਲਰ ਮਨਦੀਪ ਜੱਸਲ, ਰਵਿੰਦਰ ਸਿੰਘ ਰਵੀ, ਚੰਦਨ ਵਾਸਨ ਅਤੇ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ
ਵਿਧਾਇਕ ਬੇਰੀ ਨੇ ਪੱਤਰਕਾਰਾਂ ਦੇ ਸਾਹਮਣੇ ਹੋਟਲ ਦੇ ਹਾਲ ਦਾ ਤਾਲਾ ਖੋਲ੍ਹ ਕੇ ਰਾਸ਼ਨ ਦੇ ਪੈਕੇਟ ਵਿਖਾਏ
ਵਿਧਾਇਕ ਰਾਜਿੰਦਰ ਬੇਰੀ ਨੇ ਪੱਤਰਕਾਰਾਂ ਦੇ ਸਾਹਮਣੇ ਹੋਟਲ ਦੇ ਹਾਲ ਦਾ ਤਾਲਾ ਖੋਲ੍ਹ ਕੇ ਉਥੇ ਪਏ ਰਾਸ਼ਨ ਦੇ ਉਨ੍ਹਾਂ ਪੈਕੇਟਾਂ ਨੂੰ ਵਿਖਾਇਆ, ਜਿਨ੍ਹਾਂ ਨੂੰ ਭਾਜਪਾ ਨੇਤਾ ਸਰਕਾਰੀ ਰਾਸ਼ਨ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਐੱਨ. ਜੀ. ਓ. ਵੱਲੋਂ ਪਿਛਲੇ ਦਿਨੀਂ ਰਾਸ਼ਨ ਦੇ 135 ਪੈਕੇਟ ਭੇਜੇ ਗਏ ਸਨ, ਜਿਨ੍ਹਾਂ 'ਚੋਂ ਕੁਝ ਇਥੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਰਫਿਊ/ਤਾਲਾਬੰਦੀ ਦੌਰਾਨ ਫੂਡ ਐਂਡ ਸਿਵਲ ਸਪਲਾਈ ਮਹਿਕਮਾ ਖੁਦ ਰਾਸ਼ਨ ਨੂੰ ਇਸ ਹੋਟਲ 'ਚ ਸਟੋਰ ਕਰਦਾ ਰਿਹਾ ਹੈ।
ਕੋਰੋਨਾ ਦੇ ਮਰੀਜ਼ ਨੂੰ ਮੋਢਾ ਦੇਣ ਦੇ ਵਿਧਾਇਕ ਦੇ ਖੁਲਾਸੇ ਨਾਲ ਉੱਡੀਆਂ ਸਾਰਿਆਂ ਦੀਆਂ ਹਵਾਈਆਂ
ਵਿਧਾਇਕ ਰਾਜਿੰਦਰ ਬੇਰੀ ਨੇ ਪੱਤਰਕਾਰਾਂ ਸਾਹਮਣੇ ਕਿਹਾ ਕਿ ਉਹ ਕੋਵਿਡ-19 ਲਾਗ ਦੀ ਬੀਮਾਰੀ ਦੌਰਾਨ ਲਗਾਤਾਰ ਲੋਕਾਂ ਦੇ ਸੰਪਰਕ 'ਚ ਰਹੇ ਹਨ ਅਤੇ ਜਿੱਥੇ ਵੀ ਕਿਸੇ ਨੂੰ ਕੋਈ ਜ਼ਰੂਰਤ ਪਈ, ਉਹ ਉਥੇ ਜ਼ਰੂਰ ਪਹੁੰਚੇ ਹਨ। ਇਸ ਦੌਰਾਨ ਵਿਧਾਇਕ ਬੇਰੀ ਨੇ ਖੁਲਾਸਾ ਕੀਤਾ ਕਿ ਅਜੇ ਬੀਤੇ ਦਿਨੀਂ ਹੀ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋਈ ਸੀ, ਜਿਸ 'ਤੇ ਮ੍ਰਿਤਕਾ ਦੇ ਘਰ ਵਾਲੇ ਡੈੱਡ ਬਾਡੀ ਨੂੰ ਸਸਕਾਰ ਲਈ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਲੈ ਕੇ ਆਏ ਸਨ। ਡੈੱਡ ਬਾਡੀ ਭਾਰੀ ਹੋਣ ਕਾਰਨ ਪੀ. ਪੀ. ਈ. ਕਿੱਟ ਪਹਿਨੇ ਹੋਏ ਲੋਕਾਂ ਤੋਂ ਉਸ ਨੂੰ ਉਠਾਇਆ ਨਹੀਂ ਜਾ ਰਿਹਾ ਸੀ, ਜਿਸ 'ਤੇ ਉਨ੍ਹਾਂ ਨੇ ਅਤੇ ਕੌਂਸਲਰ ਬੰਟੀ ਨੀਲਕੰਠ ਨੇ ਮਾਸਕ ਪਹਿਨ ਕੇ ਡੈੱਡ ਬਾਡੀ ਨੂੰ ਮੋਢਾ ਦਿੱਤਾ ਸੀ। ਵਿਧਾਇਕ ਦੀ ਗੱਲ ਸੁਣਦੇ ਹੀ ਉਥੇ ਮੌਜੂਦ ਲੋਕਾਂ ਦੇ ਚਿਹਰਿਆਂ ਦੀਆਂ ਹਵਾਈਆਂ ਉੱਡ ਗਈਆਂ ਪਰ ਕਿਸੇ ਤਰ੍ਹਾਂ ਸਾਰਿਆਂ ਨੇ ਮੌਕਾ ਸੰਭਾਲਦੇ ਹੋਏ ਪ੍ਰੋਗਰਾਮ ਨੂੰ ਨਿਪਟਾਇਆ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਕਪੂਰਥਲਾ 'ਚ ਇਕ ਹੋਰ ਮਰੀਜ਼ ਦੀ ਮੌਤ, ਇਕ ਨਵਾਂ ਮਾਮਲਾ ਵੀ ਆਇਆ ਸਾਹਮਣੇ
ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
NEXT STORY