ਜਲੰਧਰ (ਰਵਿੰਦਰ ਸ਼ਰਮਾ)—ਵਰਦੀ ਦਾ ਰੋਹਬ ਦਿਖਾ ਕੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਧਮਕਾਉਣ ਵਾਲੇ ਆਈ. ਪੀ. ਐੱਸ. ਅਧਿਕਾਰੀ ਡੀ. ਆਈ. ਜੀ. ਲੁਧਿਆਣਾ ਰੇਂਜ ਯੁਰਿੰਦਰ ਸਿੰਘ ਹੇਅਰ ਦੇ ਸਰਕਾਰ ਨੇ ਪਰ ਕੁਤਰ ਦਿੱਤੇ ਹਨ। ਵਿਧਾਇਕ ਰਿੰਕੂ ਨੂੰ ਧਮਕਾਉਣਾ ਡੀ. ਆਈ. ਜੀ. ਲੁਧਿਆਣਾ ਰੇਂਜ ਹੇਅਰ ਨੂੰ ਮਹਿੰਗਾ ਪਿਆ ਤੇ ਵਿਧਾਇਕ ਰਿੰਕੂ ਦੀ ਸ਼ਿਕਾਇਤ ਦੇ ਬਾਅਦ ਸਰਕਾਰ ਨੇ ਵੀਰਵਾਰ ਨੂੰ ਯੁਰਿੰਦਰ ਸਿੰਘ ਹੇਅਰ ਨੂੰ ਲੁਧਿਆਣਾ ਰੇਂਜ ਤੋਂ ਹਟਾ ਦਿੱਤਾ। ਹੇਅਰ ਨੂੰ ਸਰਕਾਰ ਨੇ ਈ. ਪੀ. ਏ. ਫਿਲੌਰ ਵਿਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਭੇਜ ਦਿੱਤਾ ਹੈ। ਅਕਾਲੀ ਸਰਕਾਰ ਵਿਚ ਕਈ ਅਹਿਮ ਅਹੁਦਿਆਂ 'ਤੇ ਰਹੇ ਯੁਰਿੰਦਰ ਸਿੰਘ ਹੇਅਰ ਨੂੰ ਕੈਪਟਨ ਸਰਕਾਰ ਨੇ ਵੀ ਡੀ. ਆਈ. ਜੀ. ਲੁਧਿਆਣਾ ਰੇਂਜ ਜਿਹੇ ਅਹੁਦੇ 'ਤੇ ਬਿਠਾਇਆ ਹੋਇਆ ਸੀ। ਪੂਰੇ ਮਾਮਲੇ ਦੇ ਪਿੱਛੇ ਖੇਡ ਕੁੱਝ ਭੂ-ਮਾਫੀਆ ਨੂੰ ਸ਼ਹਿ ਦੇਣ ਦਾ ਸੀ। ਦਰਅਸਲ ਜਿੱਥੇ ਪਹਿਲਾਂ ਭਾਰਗੋ ਕੈਂਪ ਪੁਲਸ ਚੌਕੀ ਸੀ, ਇਸਦਾ ਕਾਫੀ ਦੇਰ ਅਦਾਲਤ ਵਿਚ ਕੇਸ ਚੱਲਦਾ ਰਿਹਾ। ਆਖਿਰਕਾਰ ਸੁਪਰੀਮ ਕੋਰਟ ਤੋਂ ਆਰਡਰ ਦੇ ਬਾਅਦ ਜਦੋਂ ਪਾਰਟੀ ਇਸ ਜਗ੍ਹਾ 'ਤੇ ਪੁਲਸ ਦੀ ਮਦਦ ਨਾਲ ਕਬਜ਼ਾ ਲੈਣਾ ਚਾਹੁੰਦੀ ਸੀ ਤਾਂ ਸੁਸ਼ੀਲ ਰਿੰਕੂ ਨੇ ਇਹ ਕਹਿ ਕੇ ਕਬਜ਼ਾ ਨਹੀਂ ਲੈਣ ਦਿੱਤਾ ਸੀ ਕਿ ਇਥੇ ਵਸਣ ਵਾਲੇ ਗਰੀਬ ਲੋਕਾਂ ਨੂੰ ਪਹਿਲਾਂ ਕਿਤੇ ਵਸਾਇਆ ਜਾਵੇ। ਫਿਰ ਜ਼ਮੀਨ ਨੂੰ ਖਾਲੀ ਕਰਵਾਇਆ ਜਾਵੇ। ਇਸ ਗੱਲ ਨੂੰ ਲੈ ਕੇ ਪਾਰਟੀ ਉਕਤ ਜ਼ਮੀਨ ਦਾ ਕਬਜ਼ਾ ਪਿਛਲੇ ਲੰਮੇ ਸਮੇਂ ਤੋਂ ਨਹੀਂ ਲੈ ਪਾ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਜ਼ਮੀਨ 'ਤੇ ਕਬਜ਼ਾ ਲੈਣ ਵਾਲੀ ਪਾਰਟੀ ਦੀ ਕਾਫੀ ਪੁਲਸ ਅਧਿਕਾਰੀਆਂ ਨਾਲ ਨੇੜਤਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਕੁਝ ਦਿਨ ਪਹਿਲਾਂ ਇਸੇ ਮਾਮਲੇ ਨੂੰ ਲੈ ਕੇ ਯੁਰਿੰਦਰ ਸਿੰਘ ਹੇਅਰ ਨੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਫੋਨ ਕੀਤਾ ਸੀ। ਸੁਸ਼ੀਲ ਰਿੰਕੂ ਦੀ ਮੰਨੀਏ ਤਾਂ ਡੀ. ਆਈ. ਜੀ. ਹੇਅਰ ਦੀ ਟੋਨ ਧਮਕਾਉਣ ਵਾਲੀ ਸੀ। ਪਹਿਲਾਂ ਹੇਅਰ ਨੇ ਰਿੰਕੂ ਨੂੰ ਉਸੇ ਸ਼ਾਮ 6 ਵਜੇ ਮਿਲਣ ਨੂੰ ਕਿਹਾ, ਫਿਰ ਫੋਨ ਕਰ ਕੇ 7 ਵਜੇ ਮਿਲਣ ਨੂੰ ਕਿਹਾ ਪਰ ਰਿੰਕੂ ਨੇ ਸਾਫ ਮਨ੍ਹਾ ਕਰ ਦਿੱਤਾ। ਅਗਲੇ ਦਿਨ ਫਿਰ ਰਿੰਕੂ ਨੂੰ ਹੇਅਰ ਦਾ ਫੋਨ ਆਇਆ ਅਤੇ ਮਿਲਣ ਨੂੰ ਕਿਹਾ ਪਰ ਰਿੰਕੂ ਨੇ ਦੁਬਾਰਾ ਮਿਲਣ ਤੋਂ ਇਨਕਾਰ ਕਰ ਦਿੱਤਾ। ਧਮਕੀ ਭਰੇ ਲਹਿਜੇ ਵਿਚ ਫੋਨ ਸੁਣ ਕੇ ਰਿੰਕੂ ਨੇ ਤੁਰੰਤ ਇਸਦੀ ਸ਼ਿਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੀਫ ਸੈਕਰੇਟਰੀ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਭੇਜ ਦਿੱਤੀ। ਸ਼ਿਕਾਇਤ ਦੇ ਬਾਅਦ ਬਕਾਇਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਵਿਧਾਇਕ ਸੁਸ਼ੀਲ ਰਿੰਕੂ ਨੂੰ ਆਇਆ ਅਤੇ ਉਨ੍ਹਾਂ ਨੇ ਪੂਰੇ ਮਾਮਲੇ ਵਿਚ ਹਕੀਕਤ ਬਾਰੇ ਜਾਣਕਾਰੀ ਲਈ। ਵਿਧਾਇਕ ਰਿੰਕੂ ਦੀ ਪੂਰੀ ਗੱਲ ਸੁਣਨ ਦੇ ਬਾਅਦ ਤੁਰੰਤ ਸੀ. ਐੱਮ. ਆਫਿਸ ਤੋਂ ਡੀ. ਆਈ. ਜੀ. ਯੁਰਿੰਦਰ ਸਿੰਘ ਹੇਅਰ ਦੇ ਟਰਾਂਸਫਰ ਆਰਡਰ ਆ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਕਿਸੇ ਵਿਧਾਇਕ ਖਿਲਾਫ ਕੋਈ ਗੱਲ ਸਵੀਕਾਰ ਨਹੀਂ ਕਰਨਗੇ ਤੇ ਜੇ ਵਿਧਾਇਕਾਂ ਦੇ ਮਾਮਲੇ ਵਿਚ ਕਿਸੇ ਵੀ ਅਧਿਕਾਰੀ ਦੀ ਕੋਈ ਸ਼ਿਕਾਇਤ ਆਈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
3 ਪੁਲਸ ਕਰਮਚਾਰੀਆਂ ਦੀ ਹੋਈ ਗਵਾਹੀ, ਐੱਸ. ਪੀ. ਨੂੰ ਭੇਜਿਆ ਸੰਮਨ
NEXT STORY