ਪਟਿਆਲਾ (ਬਲਜਿੰਦਰ) - ਪਟਿਆਲਾ ਪੁਲਸ ਵੱਲੋਂ ਇਕ ਨਵੇਕਲੀ ਪਹਿਲ ਕਰਦੇ ਹੋਏ ਜ਼ਿਲੇ ਦੇ ਨਾਗਰਿਕਾਂ ਨੂੰ ਬਿਹਤਰ ਆਵਾਜਾਈ ਪ੍ਰਣਾਲੀ ਮੁਹੱਈਆ ਕਰਵਾਉਣ ਲਈ ਪਟਿਆਲਾ ਟ੍ਰੈਫਿਕ ਪੁਲਸ ਦੀ ਇਕ ਵਿਲੱਖਣ ਮੋਬਾਇਲ ਐਪ ਜਾਰੀ ਕੀਤੀ ਗਈ ਹੈ। ਪਟਿਆਲਾ ਦੇ ਆਈ. ਜੀ., ਏ. ਐੱਸ. ਰਾਏ ਨੇ ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ ਅਤੇ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਦੀ ਹਾਜ਼ਰੀ 'ਚ ਜਾਰੀ ਕੀਤੀ। ਆਈ. ਜੀ. ਨੇ ਮੋਬਾਇਲ ਐਪ ਬਾਰੇ ਮੀਡੀਆ ਨੂੰ ਦੱਸਿਆ ਕਿ ਪਟਿਆਲਾ ਦੀ ਐੱਸ. ਪੀ. ਟ੍ਰੈਫਿਕ ਕੰਵਰਦੀਪ ਕੌਰ ਆਈ. ਪੀ. ਐੱਸ. ਵੱਲੋਂ ਤਿਆਰ ਕਰਵਾਈ ਇਸ ਟ੍ਰੈਫਿਕ ਐਪ ਰਾਹੀਂ ਹੁਣ ਜ਼ਿਲੇ ਦਾ ਕੋਈ ਵੀ ਨਾਗਰਿਕ ਕਿਸੇ ਵੀ ਵਾਹਨ ਚਾਲਕ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜਾਂ ਟ੍ਰੈਫਿਕ ਸਿਗਨਲ ਦੇ ਖਰਾਬ ਹੋਣ ਦੀ ਫੋਟੋ ਖਿੱਚ ਕੇ ਤੁਰੰਤ ਇਸ ਐਪ 'ਤੇ ਅਪਲੋਡ ਕਰ ਸਕਦਾ ਹੈ।
ਆਈ. ਜੀ. ਨੇ ਦੱਸਿਆ ਕਿ ਇਸ ਐਪ 'ਤੇ ਸੂਚਨਾ ਆਉਣ ਸਾਰ ਟ੍ਰੈਫਿਕ ਕੰਟਰੋਲ ਜਿਥੇ ਉਸ ਵਾਹਨ ਚਾਲਕ ਦਾ ਚਲਾਨ ਕੱਟ ਦੇਵੇਗਾ, ਉਥੇ ਹੀ ਤੁਰੰਤ ਸੰਬੰਧਿਤ ਵਿਭਾਗ ਨਾਲ ਤਾਲਮੇਲ ਕਰ ਕੇ ਖਰਾਬ ਟ੍ਰੈਫਿਕ ਲਾਈਟਾਂ ਨੂੰ ਤੁਰੰਤ ਠੀਕ ਕਰਵਾਏਗਾ ਜਾਵੇਗਾ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇਸ ਐਪ ਨੂੰ ਪਟਿਆਲਾ ਜ਼ੋਨ ਦੇ ਸਾਰੇ ਸ਼ਹਿਰਾਂ 'ਚ ਲਾਗੂ ਕੀਤਾ ਜਾਵੇਗਾ। ਕੋਈ ਵੀ ਨਾਗਰਿਕ ਗੂਗਲ ਦੇ ਪਲੇਅ ਸਟੋਰ 'ਤੇ ਜਾ ਕੇ ਆਪਣੇ ਸਮਾਰਟ ਫੋਨ 'ਤੇ ਪਟਿਆਲਾ ਟ੍ਰੈਫਿਕ ਪੁਲਸ ਨਾਂ ਦੀ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ। ਇਸ ਐਪ ਰਾਹੀਂ ਕੋਈ ਵੀ ਰਾਹਗੀਰ ਜਾਂ ਵਾਹਨ ਚਾਲਕ ਵੱਲੋਂ ਆਪਣੇ ਨਾਲ ਵਾਪਰੇ ਸੜਕ ਹਾਦਸੇ ਬਾਰੇ ਹੈਲਪ-ਮੀ ਬਟਨ ਦਬਾਉਣ ਦੀ ਸੂਰਤ 'ਚ 5 ਮਿੰਟ ਦੇ ਅੰਦਰ-ਅੰਦਰ ਪੁਲਸ ਦਾ ਪੈਟਰੋਲਿੰਗ ਵਾਹਨ ਉਸ ਦੀ ਮਦਦ ਲਈ ਪੁੱਜੇਗਾ। ਇਸ ਤੋਂ ਇਲਾਵਾ ਇਸ ਐਪ 'ਤੇ ਨੇੜਲੇ ਪੁਲਸ ਸਟੇਸ਼ਨ ਅਤੇ ਹੋਰ ਐਮਰਜੈਂਸੀ ਸੰਪਰਕ ਨੰਬਰ ਦਿੱਤੇ ਗਏ ਹਨ ਜਿਸ ਨੂੰ ਕਲਿੱਕ ਕਰਨ ਦੀ ਸੂਰਤ 'ਚ ਤੁਰੰਤ ਉਸ ਨੰਬਰ ਨਾਲ ਸੰਪਰਕ ਕੀਤਾ ਜਾ ਸਕੇਗਾ। ਆਈ. ਜੀ. ਨੇ ਦੱਸਿਆ ਕਿ ਇਨ੍ਹਾਂ ਐਮਰਜੈਂਸੀ ਨੰਬਰਾਂ 'ਚ ਸਾਰੇ ਪੁਲਸ ਸਟੇਸ਼ਨ, ਪੁਲਸ ਕੰਟਰੋਲ ਰੂਮ, ਮਹਿਲਾ ਹੈਲਪ ਲਾਈਨ, ਸੀਨੀਅਰ ਸਿਟੀਜ਼ਨ ਹੈਲਪਲਾਈਨ, ਚਿਲਡਰਨ ਹੈਲਪਲਾਈਨ ਆਦਿ ਵਰਗੇ ਮਹੱਤਵਪੂਰਨ ਨੰਬਰ ਦਿੱਤੇ ਗਏ ਹਨ। ਗੈਰ-ਪਾਰਕਿੰਗ ਵਾਲੇ ਸਥਾਨਾਂ ਤੋਂ ਟੋਅ ਕੀਤੇ ਗਏ ਵਾਹਨਾਂ ਸਬੰਧੀ ਵੀ ਇਸ ਐਪ 'ਤੇ ਵਿਸ਼ੇਸ਼ ਬਟਨ ਦਿੱਤਾ ਗਿਆ ਹੈ।
ਐੱਸ. ਪੀ. ਟ੍ਰੈਫਿਕ ਕੰਵਰਦੀਪ ਕੌਰ ਆਈ. ਪੀ. ਐੱਸ. ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੀ ਅਨੇਕਾਂ ਸੜਕੀ ਹਾਦਸੇ ਵਾਪਰਦੇ ਹਨ, ਜਿਸ ਕਾਰਨ ਭਾਰੀ ਜਾਨੀ ਨੁਕਸਾਨ ਹੁੰਦਾ ਹੈ। ਅੱਜ ਦੇ ਇਸ ਪੱਤਰਕਾਰ ਸੰਮੇਲਨ ਮੌਕੇ ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਅਤੇ ਡੀ. ਐੱਸ. ਪੀ. ਟ੍ਰੈਫਿਕ ਜਸਕੀਰਤ ਸਿੰਘ ਵੀ ਹਾਜ਼ਰ ਸਨ।
ਨਸ਼ੀਲੇ ਪਾਊਡਰ ਤੇ ਨਾਜਾਇਜ ਸ਼ਰਾਬ ਸਣੇ ਅੜਿੱਕੇ
NEXT STORY