ਬਠਿੰਡਾ(ਪਰਮਿੰਦਰ)-ਮੋਦੀ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਦੇਸ਼ ਨੂੰ ਤਬਾਹੀ ਵੱਲ ਧੱਕ ਰਹੀਆਂ ਹਨ। ਜੀ. ਐੱਸ. ਟੀ. ਤੇ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਪਹੁੰਚਾਈ ਹੈ। ਨੌਕਰੀਆਂ ਦੇ ਮੌਕੇ ਵਧਣ ਦੀ ਬਜਾਏ ਘੱਟ ਹੋ ਗਏ ਹਨ। ਛੋਟਾ ਵਪਾਰ ਤੇ ਕਿਸਾਨੀ ਤਬਾਹ ਹੋ ਚੁਕੀ ਹੈ। ਉਕਤ ਵਿਚਾਰ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਪਹਿਲੀ 3 ਦਿਨਾ ਜਥੇਬੰਦਕ ਕਾਨਫਰੰਸ ਦੌਰਾਨ ਕੇਂਦਰੀ ਕਮੇਟੀ ਮੈਂਬਰ ਹਰਕੰਵਲ ਸਿੰਘ ਨੇ ਜ਼ਾਹਿਰ ਕੀਤੇ। ਉਕਤ ਕਾਨਫਰੰਸ ਗਦਰ ਲਹਿਰ ਦੇ ਸ਼ਹੀਦ ਹਰਮਤ ਅਲੀ ਵਜੀਦਕੇ ਦੇ ਨਾਂ 'ਤੇ ਬਣਾਏ ਗਏ ਨਗਰ ਦੇ ਗਦਰੀ ਬਾਬਾ ਮੰਗੂ ਰਾਮ ਹਾਲ ਵਿਚ ਆਯੋਜਿਤ ਕੀਤੀ ਗਈ, ਜਿਸ ਦਾ ਉਦਘਾਟਨ ਹਰਕੰਵਲ ਸਿੰਘ ਤੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਆਦਿ ਨੇ ਝੰਡਾ ਲਹਿਰਾ ਕੇ ਕੀਤਾ।
ਹਰਕੰਵਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਦੇਸ਼ ਦੀ ਆਰਥਿਕਤਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਕਰਾਰ ਦਿੱਤਾ ਸੀ ਪਰ ਇਨ੍ਹਾਂ ਦੋਵਾਂ ਕਦਮਾਂ ਨੇ ਆਰਥਿਕਤਾ ਨੂੰ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਾਗਡੋਰ ਸੰਭਾਲ ਕੇ ਬੈਠੀ ਆਰ. ਐੱਸ. ਐੱਸ. ਦੇ ਸੰਪ੍ਰਦਾਇਕ ਏਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਘੱਟ-ਗਿਣਤੀਆਂ, ਦਲਿਤਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਜਕਾਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਰਕਾਰ ਖਿਲਾਫ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਜਾ ਰਿਹਾ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਕੰਵਲ ਸਿੰਘ ਨੇ ਕਿਹਾ ਕਿ ਪੂੰਜੀਵਾਦ ਇਕ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬੇਰੁਜ਼ਗਾਰੀ ਤੇ ਮਹਿੰਗਾਈ ਵਧ ਰਹੀ ਹੈ ਤੇ ਇਸ ਮੁਸ਼ਕਲ ਤੋਂ ਨਿਕਲਣ ਲਈ ਪੂੰਜੀਵਾਦ ਆਪਣਾ ਸਾਰਾ ਬੋਝ ਵਿਕਾਸਸ਼ੀਲ ਦੇਸ਼ਾਂ 'ਤੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਮਰਾਜ ਦੇਸ਼ਾਂ ਖਾਸ ਕਰਕੇ ਅਮਰੀਕਾ ਵੱਲੋਂ ਇਕ ਖਤਰਨਾਕ ਯੁੱਧ ਵਾਲੇ ਹਾਲਾਤ ਪੈਦਾ ਕਰਨ ਦੀ ਖੇਡ ਖੇਡੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਪੂਰੀ ਦੁਨੀਆ ਵਿਚ ਹਲਚਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ 'ਤੇ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਤੇ ਇਸ ਮਾਮਲੇ ਵਿਚ ਸਰਕਾਰ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਰਸਤੇ 'ਤੇ ਹੀ ਚÎਲ ਰਹੀ ਹੈ। ਕਾਨਫਰੰਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਰਾਜਨੀਤਿਕ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਰਿਪੋਰਟ ਵਿਚ ਉਨ੍ਹਾਂ ਰਿਵਾਇਤੀ ਕੰਪਿਊਟਰ ਪਾਰਟੀਆਂ ਦੀ ਲੀਕ ਤੋਂ ਹੱਟ ਕੇ ਇਕ ਮਜ਼ਬੂਤ ਇਨਕਲਾਬੀ ਜਥੇਬੰਦਕ ਢਾਂਚੇ ਦੀ ਉਸਾਰੀ ਕਰਨ, ਜਾਤੀ ਪ੍ਰਥਾ ਖਤਮ ਕਰਨ, ਦਲਿਤਾਂ ਤੇ ਔਰਤਾਂ 'ਤੇ ਹੋਣ ਵਾਲੇ ਜੁਰਮਾਂ ਨੂੰ ਰੋਕਣ ਲਈ ਮਾਰਕਸਵਾਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ ਆਪਣੇ ਹਿੱਤਾਂ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਜਸਪਾਲ ਮਾਨਖੇੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਲੱਖਾਂ ਦੇ ਗਹਿਣੇ ਤੇ ਕੀਮਤੀ ਸਾਮਾਨ ਚੋਰੀ
NEXT STORY