ਮੋਗਾ (ਚਟਾਨੀ)-ਆਧਾਰ ਕਾਰਡਾਂ ਅੰਦਰਲੀਆਂ ਗਲਤੀਆਂ ਕਾਰਨ ਖੱਜਲ ਹੁੰਦੇ ਆ ਰਹੇ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਹੋਕਾ ਦੇਣ ਵਾਲੇ ‘ਸੇਵਾ ਕੇਂਦਰ’ ’ਚੋਂ ਹੁਣ ਰੱਤੀ ਭਰ ਵੀ ਨਿਜਾਤ ਨਹੀਂ ਮਿਲ ਰਹੀ ਸਗੋਂ ਗਲਤੀਆਂ ਦੀ ਦਰੁਸਤੀ ਲਈ ਭਰੀਆਂ ਫੀਸਾਂ ਅਤੇ ਸਮਾਂ ਵੀ ਨਸ਼ਟ ਹੋ ਰਿਹਾ ਹੈ। ਆਧਾਰ ਕਾਰਡਾਂ ਅੰਦਰਲੇ ਨਾਮ, ਉਪ ਨਾਮ, ਗੋਤ, ਜਨਮ ਮਿਤੀ ਆਦਿ ਅਨੇਕਾਂ ਗਲਤੀਆਂ ਦੇ ਸਤਾਏ ਲੋਕਾਂ ਨੂੰ ਸਰਕਾਰੀ ਤੌਰ ’ਤੇ ਮਿਲਣ ਵਾਲੇ ਲਾਭਾਂ ਤੋਂ ਇਸੇ ਕਰ ਕੇ ਵਾਂਝਾ ਰਹਿਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਆਧਾਰ ਕਾਰਡ ਨਾਲ ਮਿਲਾਨ ਨਹੀਂ ਹੁੰਦਾ। ਪਾਸਪੋਰਟ ਬਨਾਉਣ ਜਾਂ ਸਕੂਲਾਂ ਕਾਲਜਾਂ ਅੰਦਰ ਦਾਖਲਾ ਲੈਣ ਸਮੇਂ ਵੀ ਆਧਾਰ ਕਾਰਡ ਅੰਦਰਲੀਆਂ ਗਲਤੀਆਂ ਵੱਡਾ ਅਡ਼ਿੱਕਾ ਬਣ ਰਹੀਆਂ ਹਨ। ਸੇਵਾ ਕੇਂਦਰ ’ਚ ਆਧਾਰ ਕਾਰਡ ਨੂੰ ਦਰੁਸਤ ਕਰਵਾਉਣ ਲਈ ਬਿਨੈ ਕਰਨ ਵਾਲੇ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗੀ ਫੀਸ ਅਦਾ ਕਰ ਕੇ ਫੋਟੋ ਵੀ ਖਿਚਵਾ ਲਈ ਅਤੇ ਦਰੁਸਤੀ ਸਬੰਧੀ ਸਮੁੱਚਾ ਵੇਰਵਾ ਵੀ ਬਿਨੈ ਪੱਤਰ ’ਚ ਅੰਕਿਤ ਕਰ ਕੇ ਦੇ ਦਿੱਤਾ, ਪਰ 15 ਦਿਨਾਂ ਬਾਅਦ ਜਦ ਉਨ੍ਹਾਂ ਦੇ ਆਧਾਰ ਕਾਰਡ ਮਿਲੇ ਤਾਂ ਦਰੁਸਤੀ ਦੀ ਬਜਾਏ ਜਿਵੇਂ ਦੇ ਤਿਵੇਂ ਹੀ ਗਲਤੀਆਂ ਸ਼ੁਮਾਰ ਸਨ। ਅਜਿਹੇ ਨਾਗਰਿਕਾਂ ਦਾ ਸਥਾਨਕ ਸੇਵਾ ਕੇਂਦਰ ’ਚ ਅਕਸਰ ਤਾਂਤਾ ਲੱਗਾ ਰਹਿੰਦਾ ਹੈ। ਯਸ਼ਪਾਲ ਨਾਮੀ ਸਥਾਨਕ ਸ਼ਹਿਰ ਦੇ ਵਾਸੀ ਨੇ ਦੱਸਿਆ ਕਿ ਉਸ ਦੇ ਨਾਮ ਪਿੱਛੇ ਲੱਗਾ ਗੋਤ, ਦਰੁਸਤ ਕਰਵਾਉਣ ਲਈ ਸੇਵਾ ਕੇਂਦਰ ਤੋਂ ਸੇਵਾ ਤਾਂ ਲਈ ਗਈ, ਪਰ ਆਧਾਰ ਕਾਰਡ ’ਚ ਦਰੁਸਤੀ ਫਿਰ ਵੀ ਨਾ ਹੋਈ। ਸੇਵਾ ਕੇਂਦਰ ਦੇ ਇੰਚਾਰਜ ਯਸ਼ਪਾਲ ਨੂੰ ਇਹੀ ਉਤਰ ਦਿੱਤਾ ਕਿ ਉਨ੍ਹਾਂ ਨੇ ਤਾਂ ਸਭ ਕੁੱਝ ਦਰੁਸਤ ਕਰ ਕੇ ਫੀਡ ਕਰ ਦਿੱਤਾ ਸੀ, ਪਰ ਪਿੱਛੋਂ ਹੀ ਤਕਨੀਕੀ ਨੁਕਸ ਕਾਰਨ ਇਹ ਦਰੁਸਤੀ ਨਹੀਂ ਹੋਈ। ਸੇਵਾ ਕੇਂਦਰ ’ਚ ਰੋਜਾਨਾਂ ਹੀ ਅਜਿਹੇ ਪੀਡ਼੍ਹਤ ਨਾਗਰਿਕ ਅਧਿਕਾਰੀਆਂ ਨਾਲ ਬਹਿਸਬਾਜੀ ਕਰਦੇ ਦੇਖੇ ਜਾਂਦੇ ਹਨ। ਸੇਵਾ ਕੇਂਦਰ ਦੇ ਇੰਚਾਰਜ ਦਾ ਪੱਖ ਇਸ ਸਬੰਧੀ ਸਥਾਨਕ ਸੇਵਾ ਕੇਂਦਰ ਦੇ ਇੰਚਾਰਜ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ’ਚ ਤਕਨੀਕੀ ਨੁਕਸ ਅਕਸਰ ਪੈ ਹੀ ਜਾਂਦੇ ਹਨ, ਪਰ ਵਿਭਾਗ ਫਿਰ ਵੀ ਕੰਪਿਊਟਰ ਅੰਦਰਲੇ ਨੁਕਸ ਨੂੰ ਦੂਰ ਕਰਨ ’ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਉੱਚ ਦਫਤਰ ਦੀ ਕੰਪਿਊਟਰੀ ਪ੍ਰਣਾਲੀ ਨੂੰ ਤਾਂ ਦਰੁਸਤ ਕਰ ਲਿਆ ਗਿਆ ਹੈ, ਪਰ ਸੇਵਾ ਕੇਂਦਰਾਂ ਦੀਆਂ ਸ਼ਾਖਾਵਾਂ ਦੇ ਆਪਰੇਟਰਾਂ ਨਾਲ ਉੱਚ ਦਫਤਰ ਦੇ ਕੰਪਿਊਟਰਾਂ ਦਾ ਮੇਲ ਹੋਣ ’ਚ ਰੁਕਾਵਟਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਟੀਮ ਇਸ ਦਰੁਸਤੀ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਜਲਦ ਹੀ ਸੇਵਾ ਕੇਂਦਰਾਂ ’ਚ ਦਰੁਸਤੀ ਸਿਸਟਮ ਠੀਕ ਹੋ ਜਾਵੇਗਾ।
ਹਰ ਪਿੰਡ ਨੂੰ ਸ਼ਹਿਰ ਵਾਂਗ ਚਮਕਾ ਕੇ ਛੱਡਾਂਗੇ : ਵਿਧਾਇਕ ਬਰਾਡ਼
NEXT STORY