ਮੋਗਾ (ਆਜ਼ਾਦ)-ਐਂਟੀ ਨਾਰਕੋਟਿਕਸ ਐਂਡ ਡਰੱਗ ਸੈੱਲ ਮੋਗਾ ਨੇ ਇਕ ਟਰੱਕ ਦੇ ਕੈਬਿਨ ’ਚੋਂ ਲੱਖਾਂ ਰੁਪਏ ਮੁੱਲ ਦਾ ਚੂਰਾ-ਪੋਸਤ ਬਰਾਮਦ ਕਰ ਕੇ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਜਗਤਾਰ ਸਿੰਘ ਅਤੇ ਐੱਸ.ਟੀ.ਐੱਫ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸਚਿਨ ਕੁਮਾਰ ਅਤੇ ਹੋਰ ਪੁਲਸ ਕਰਮਚਾਰੀਆਂ ਨਾਲ ਇਲਾਕੇ ਵਿਚ ਗਸ਼ਤ ਕਰਦੇ ਹੋਏ ਮੋਗਾ-ਲੁਧਿਆਣਾ ਰੋਡ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਟਰੱਕ ਚਾਲਕ ਗੁਰਤੇਜ ਸਿੰਘ ਉਰਫ ਛੈਣਾਂ ਰਾਜਸਥਾਨ ਤੋਂ ਵੱਡੀ ਮਾਤਰਾ ਵਿਚ ਆਪਣੇ ਟਰੱਕ, ਜਿਸ ਵਿਚ ਕੋਲਾ ਭਰਾ ਹੋਇਆ ਹੈ, ’ਚ ਚੂਰਾ-ਪੋਸਤ ਲੈ ਕੇ ਆ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਕਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕੀਤੀ ਤਾਂ ਟਰੱਕ ਨੂੰ ਰੋਕ ਕੇ ਜਦ ਟੂਲ ਬਾਕਸ ਅਤੇ ਕੈਬਿਨ ਦੀ ਤਲਾਸ਼ੀ ਲਈ ਤਾਂ ਉਥੋਂ ਛੇ ਬੋਰੀਆਂ (1 ਕੁਇੰਟਲ 80 ਕਿਲੋ) ਚੂਰਾ-ਪੋਸਤ ਬਰਾਮਦ ਕੀਤਾ। ਇਸ ਮੌਕੇ ਡੀ.ਐੱਸ.ਪੀ. ਆਈ. ਹਰਰਿੰਦਰ ਸਿੰਘ ਡੋਡ ਵੀ ਮੌਜੂਦ ਸਨ। ਬਰਾਮਦ ਕੀਤੇ ਗਏ ਚੂਰਾ-ਪੋਸਤ ਦੀ ਕੀਮਤ 7-8 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਟਰੱਕ ਚਾਲਕ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਕਥਿਤ ਦੋਸ਼ੀ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਸਮੇਂ ਟਰੱਕ ਚਾਲਕ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਜਾਮਨਗਡ਼੍ਹ ਗੁਜਰਾਤ ਤੋਂ ਟਰੱਕ ’ਚ ਕੋਲਾ ਭਰ ਕੇ ਲਿਆਇਆ ਸੀ, ਜਿਸ ਨੂੰ ਉਹ ਹੁਸ਼ਿਆਰਪੁਰ ਲੈ ਕੇ ਜਾ ਰਿਹਾ ਸੀ। ਉਸ ਨੇ ਰਸਤੇ ਵਿਚ ਰਾਜਸਥਾਨ ਤੋਂ ਉਕਤ ਚੂਰਾ-ਪੋਸਤ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਗੋਲਡਨ ਟ੍ਰੈਵਲ ਮੋਗਾ ਨੇ ਲਵਾਇਆ ਆਸਟਰੇਲੀਆ ਦਾ ਵਿਜ਼ਿਟਰ ਵੀਜ਼ਾ
NEXT STORY