ਮੋਗਾ (ਗੋਪੀ ਰਾਊਕੇ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਡਰੱਗ ਐਬਿਊਜ਼ ਪ੍ਰੀਵੈਂਸ਼ਨ ਅਫਸਰ (ਡੈਪੋ) ਮੁਹਿੰਮ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ ਅਤੇ ਨਸ਼ਿਆਂ ਦੀ ਸਮੱਸਿਆ ਵੱਡੇ ਪੱਧਰ ’ਤੇ ਹੱਲ ਹੋਈ ਹੈ। ਨਸ਼ਿਆਂ ਵਿਰੋਧੀ ਮੁਹਿੰਮ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 15,375 ਤੋਂ ਵੱਧ ਡੈਪੋ ਰਜਿਸਟਰ ਕੀਤੇ ਜਾ ਚੁੱਕੇ ਹਨ, ਇਨ੍ਹਾਂ ’ਚ ਜ਼ਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਪਿੰਡਾਂ ਦੇ ਪੰਚ ਤੇ ਸਰਪੰਚ ਵੀ ਸ਼ਾਮਲ ਹਨ, ਜਿਨ੍ਹਾਂ ਦੀ ਗਿਣਤੀ ਲਗਭਗ 2,216 ਬਣਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੈਪੋ ਮੁਹਿੰਮ ਸਦਕਾ ਨਸ਼ਿਆਂ ਖਿਲਾਫ ਜੰਗ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ। ਇਸ ਤਹਿਤ ਜਿਥੇ ਡੈਪੋ ਬਣਨ ਵਾਲਿਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਹੈ, ਉਥੇ ਇਨ੍ਹਾਂ ਵੱਲੋਂ ਅੱਗੇ ਹੋਰ ਵੀ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਤੇ ਕਿਸੇ ਡੈਪੋ ਨੂੰ ਨਸ਼ਾ ਪੀਡ਼ਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਨਸ਼ਾ ਪੀਡ਼ਤ ਅਤੇ ਉਸ ਦੇ ਪਰਿਵਾਰ ਨੂੰ ਮਿਲਾਪਣੇ ਢੰਗ ਨਾਲ ਸਮਝਾ ਕੇ ਇਲਾਜ ਲਈ ਤਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀਡ਼ਤਾਂ ਦਾ ਇਲਾਜ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੇ ਓਟ ਕਲੀਨਿਕਸ ’ਚ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਡੈਪੋ ਸਮੇਤ ਜ਼ਿਲੇ ’ਚ ‘ਤੂੰ ਮੇਰਾ ਬਡੀ’ ਪ੍ਰੋਗਰਾਮ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਅਤੇ ਇਸ ਤਹਿਤ 21,326 ਬਡੀ ਗਰੁੱਪ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਡੀ ਪ੍ਰੋਗਰਾਮ ’ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸਹੀ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 3,443 ਸੀਨੀਅਰ ਬਡੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਕੂਲਾਂ ’ਚ ਹਰ ਇਕ ਜਮਾਤ ਦੇ 5 ਵਿਦਿਆਰਥੀਆਂ ਦਾ ਇਕ ਗਰੁੱਪ ਭਾਵ ਬਡੀ ਗਰੁੱਪ ਬਣਾਇਆ ਗਿਆ ਹੈ, ਜਿਸ ਦੀ ਅਗਵਾਈ ਲਈ ਕਲਾਸ ਟੀਚਰ ਨੂੰ ਸੀਨੀਅਰ ਬਡੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਰੂਪੀ ਅਲ੍ਹਾਮਤ ਤੋਂ ਬਚਾਇਆ ਜਾ ਸਕੇ।
ਸਤਲੁਜ ਕਿਨਾਰੇ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਖਹਿਰਾ ਦਾ ਛਾਪਾ
NEXT STORY