ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿਥੇ ਰਾਖਵੇਂ ਹਲਕੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੁਹੰਮਦ ਸਦੀਕ ਨੂੰ ਮਿਲਣ ਮਗਰੋਂ ਉਨ੍ਹਾਂ ਦੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਹਲਕੇ ’ਚ ਵਿਰੋਧ ਦੀਆਂ ਉੱਠੀਆਂ ਸੁਰਾਂ ਮਗਰੋਂ ਹਲਕੇ ’ਚ ਨਵਾਂ ਘਸਮਾਨ ਮੱਚ ਗਿਆ ਹੈ। ਬੀਤੇ ਕੱਲ ਜੈਤੋ ਵਿਧਾਨ ਸਭਾ ਹਲਕੇ ’ਚ ਉੱਠੇ ਵਿਰੋਧ ਮਗਰੋਂ ਹੁਣ ਲੋਕ ਸਭਾ ਹਲਕੇ ਤਹਿਤ ਪੈਂਦੇ ਸਾਰੇ ਦੂੁਜੇ ਹਲਕਿਆਂ ’ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਸਭ ਤੋਂ ਤਿੱਖਾ ਵਿਰੋਧ ਵਾਲਮੀਕਿ ਮਜ਼੍ਹਬੀ ਸਿੱਖ ਭਾਈਚਾਰੇ ਵਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਦੋਸ਼ ਹੈ ਕਿ ਕਾਂਗਰਸ ਪਾਰਟੀ ਨੇ ਸੂਬੇ ਦੇ ਚਾਰ ਲੋਕ ਸਭਾ ਹਲਕਿਆਂ ’ਚੋਂ ਕਿਸੇ ਤੋਂ ਵੀ ਭਾਈਚਾਰੇ ਨਾਲ ਸਬੰਧਤ ਆਗੂ ਨੂੰ ਪਾਰਟੀ ਟਿਕਟ ਨਹੀਂ ਦਿੱਤੀ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਕਾਂਗਰਸ ਪਾਰਟੀ ਨੂੰ ਇਨ੍ਹਾਂ ਚੋਣਾਂ ’ਚ ਵਾਲਮੀਕਿ ਮਜ਼੍ਹੱਬੀ ਸਿੱਖ ਭਾਈਚਾਰੇ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੀਟ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਬੰਤ ਸਿੰਘ ਸੇਖੋ ਦੇ ਗ੍ਰਹਿ ਪੁੱਜੇ ਉਨ੍ਹਾਂ ਦੇ ਸਮਰਥਕਾਂ ਤੇ ਵਾਲਮੀਕਿ ਮਜ਼੍ਹੱਬੀ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਕਾਂਗਰਸ ਹਾਈਕਮਾਂਡ ਨੂੰ ਇਸ ਫੈਸਲੇ ’ਤੇ ਮੁਡ਼ ਰੀਵਿਊ ਕਰਨ ਦੀ ਮੰਗ ਕੀਤੀ। ਪਾਰਟੀ ਦੇ ਆਗੂ ਦਵਿੰਦਰ ਸਿੰਘ ਕੈਲਾ ਨੇ ਕਿਹਾ ਕਿ ਇਸ ਹਲਕੇ ’ਚ 3 ਲੱਖ ਤੋਂ ਵਧੇਰੇ ਮਜ਼੍ਹੱਬੀ ਸਿੱਖ ਭਾਈਚਾਰੇ ਦੀ ਵੋਟ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਮੁਹੰਮਦ ਸਦੀਕ ਨੂੰ ਪਾਰਟੀ ਟਿਕਟ ਦੇ ਦਿੱਤੀ। ਉਨ੍ਹਾਂ ‘ਚੇਤਾਵਨੀ’ ਭਰੇ ਸ਼ਬਦਾ ’ਚ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਇਹ ਫੈਸਲਾ ਨਾ ਬਦਲਿਆਂ ਤਾਂ ਵਾਲਮੀਕਿ ਮਜ਼੍ਹੱਬੀ ਸਿੱਖ ਭਾਈਚਾਰਾ ਇਨ੍ਹਾਂ ਚੋਣਾਂ ’ਚ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਇਕ ਸੀਟ ਵੀ ਵਾਲਮੀਕਿ ਮਜ਼੍ਹੱਬੀ ਸਿੱਖ ਭਾਈਚਾਰੇ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪਿੰਡ-ਪਿੰਡ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਮੰਗਲ ਸਿੰਘ ਬਲਾਕ ਸਕੱਤਰ ਧਰਮਕੋਟ, ਜਸਵਿੰਦਰ ਸਿੰਘ ਢੋਲੇਵਾਲਾ, ਪ੍ਰਮਿੰਦਰ ਸਿੰਘ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਗਿੱਲ, ਪਰਮਜੀਤ ਕੌਰ, ਅਜਮੇਰ ਸਿੰਘ ਸਾਦਿਕ, ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ, ਕਰਮਚੰਦ ਚਿੰਡਾਲੀਆਂ ਸੂਬਾ ਪ੍ਰਧਾਨ ਮਿਡ-ਡੇ-ਮੀਲ, ਬਾਬਾ ਮੰਗਲ ਸਿੰਘ, ਰਛਪਾਲ ਸਿੰਘ ਰੰਗਰੇਟਾ ਦਲ ਫਰੀਦਕੋਟ, ਹਰਨੇਕ ਸਿੰਘ ਵਾਈਸ ਚੇਅਰਮੈਨ ਤੋ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਸਾਹੋਕੇ ਦੇ ਇੰਚਾਰਜ ਬਣਨ ਨਾਲ ਹਲਕੇ ’ਚ ਅਕਾਲੀ ਦਲ ਹੋਵੇਗਾ ਮਜ਼ਬੂਤ : ਜਥੇ. ਤੋਤਾ ਸਿੰਘ
NEXT STORY