ਮੋਗਾ (ਬਿੰਦਾ)-ਲਿਖਾਰੀ ਸਭਾ ਮੋਗਾ ਦੀ ਅੱਜ ਹੋਈ ਚੋਣ ਦੌਰਾਨ ਪ੍ਰੋ. ਸੁਰਜੀਤ ਸਿੰਘ ਕਾਉਂਕੇ ਪ੍ਰਧਾਨ ਚੁਣੇ ਗਏ। ਅੱਜ ਨੇਚਰ ਪਾਰਕ ਮੋਗਾ ਵਿਖੇ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ’ਚ ਸਮੂਹ ਮੈਂਬਰਾਂ ਨੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਤਨਾਮ ਸਿੰਘ ਸੰਦੇਸ਼ੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਪਰੰਤ ਲਿਖਾਰੀ ਸਭਾ ਦੀ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਨਵੀਂ ਚੋਣ ਕੀਤੀ ਗਈ। ਨਵੇਂ ਚੁਣੇ ਅਹੁਦੇਦਾਰਾਂ ’ਚ ਲੇਖਕ ਪ੍ਰੋ. ਸੁਰਜੀਤ ਸਿੰਘ ਕਾਉਂਕੇ ਪ੍ਰਧਾਨ, ਜੰਗੀਰ ਸਿੰਘ ਖੋਖਰ ਜਨਰਲ ਸਕੱਤਰ, ਦਿਲਬਾਗ ਸਿੰਘ ਬੁੱਕਣ ਵਾਲਾ ਸਹਾਇਕ ਸਕੱਤਰ, ਮਾਸਟਰ ਆਤਮਾ ਸਿੰਘ ਚਡ਼ਿੱਕ ਸੀਨੀਅਰ ਮੀਤ ਪ੍ਰਧਾਨ, ਵਿੱਤ ਸਕੱਤਰ ਪ੍ਰੇਮ ਕੁਮਾਰ, ਮੁੱਖ ਸਰਪ੍ਰਸਤ ਜਸਵੰਤ ਸਿੰਘ ਕੰਵਲ ਅਤੇ ਸਰਪ੍ਰਸਤ ਨਰਿੰਦਰ ਸ਼ਰਮਾ ਚੁਣੇ ਗਏ। ਇਸ ਮੌਕੇ ਨਾਵਲਕਾਰ ਨਛੱਤਰ ਸਿੰਘ ਪ੍ਰੇਮੀ, ਡਾ ਮਲੂਕ ਸਿੰਘ ਲੁਹਾਰਾ, ਆਤਮਾ ਸਿੰਘ ਆਲਮਗੀਰ, ਪਰਮਜੀਤ ਸਿੰਘ ਚੂਹਡ਼ਚੱਕ ਅਤੇ ਬਲਵੀਰ ਸਿੰਘ ਪ੍ਰਦੇਸੀ ਨੂੰ ਸਭਾ ਦੇ ਕਾਰਜਕਾਰਨੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਸਭਾ ਦੇ ਨਵੇਂ ਚੁਣੇ ਪ੍ਰਧਾਨ ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ ਆਖਿਆ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋ ਕੇ ਪੰਜਾਬੀ ਭਾਸ਼ਾ ਦੇ ਪਸਾਰ ਤੇ ਪ੍ਰਸਾਰ ਲਈ ਨਿਰੰਤਰ ਯਤਨ ਕਰਦੇ ਰਹਿਣਗੇ। ਉਨ੍ਹਾਂ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੇਖਣੀ ਨਾਲ ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਲਈ ਵਿਸ਼ੇਸ਼ ਯਤਨ ਆਰੰਭਣ। ਇਸ ਮੌਕੇ ਅਸ਼ੋਕ ਚਟਾਨੀ, ਜੀਤ ਸਿੰਘ, ਗਰੀਬ ਦਾਸ, ਗੁਰਦੇਵ ਸਿੰਘ ਦਰਦੀ, ਪੀਰ ਕਾਦਰੀ ਆਦਿ ਹਾਜ਼ਰ ਮੈਂਬਰਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਏ ਹੋਏ ਲੇਖਕਾਂ ਨੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਖੂਬ ਰੰਗ ਬੰਨ੍ਹਿਆ ਅਤੇ ਰਚਨਾਵਾਂ ਉੱਪਰ ਭਰਵੀਂ ਬਹਿਸ ਕੀਤੀ।
ਕਾਂਗਰਸ ਦੀ ਸਰਕਾਰ ਤੋਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ-ਠੱਗੇ ਮਹਿਸੂਸ ਕਰਨ ਲੱਗੇ : ਪ੍ਰਧਾਨ ਬਚਿੱਤਰ ਘੋਲੀਆ
NEXT STORY