ਸ਼ਾਹਕੋਟ, (ਮਰਵਾਹਾ, ਤ੍ਰੇਹਨ)— ਸਥਾਨਕ ਮੋਗਾ ਰੋਡ ਨੈਸ਼ਨਲ ਹਾਈਵੇ 'ਤੇ ਸੀਵਰੇਜ ਦੇ ਨਵੇਂ ਪਾਏ ਪਾਈਪਾਂ ਦੇ ਬੰਦ ਹੋਣ ਕਾਰਨ ਸ਼ਹਿਰ ਦਾ ਗੰਦਾ ਪਾਣੀ ਮੁੱਖ ਸੜਕ 'ਤੇ ਜਮ੍ਹਾ ਹੋ ਗਿਆ ਹੈ, ਜਿਸ ਕਾਰਨ ਹੁਣ ਇਸ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੈ ਰਿਹਾ ਹੈ।
ਪਲਵਿੰਦਰ ਸਿੰਘ ਢਿੱਲੋਂ, ਜਗਦੀਸ਼ ਸਿੰਘ, ਸਮਾਜ ਸੇਵਕ ਰਾਕੇਸ਼ ਬਾਂਸਲ, ਆਲੂ ਵਪਾਰੀ ਰਾਕੇਸ਼ ਜੁਨੇਜਾ, ਕਰਮ ਚੰਦ ਸਲਹੋਤਰਾ, ਠੇਕੇਦਾਰ ਪੱਪੂ ਕੁਮਾਰ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸੀਵਰੇਜ ਦੇ ਨਵੇਂ ਪਾਏ ਹੋਏ ਪਾਈਪ ਬੰਦ ਹੋ ਜਾਣ ਕਾਰਨ ਸ਼ਹਿਰ ਦਾ ਗੰਦਾ ਪਾਣੀ ਹੁਣ ਨੈਸ਼ਨਲ ਹਾਈਵੇ 'ਤੇ ਇਕੱਠਾ ਹੋ ਰਿਹਾ ਹੈ, ਜਿਸ ਕਰ ਕੇ ਨਵੀਂ ਬਣੀ ਸੜਕ ਹੁਣ ਕਈ ਥਾਵਾਂ ਤੋਂ ਟੁੱਟ ਕੇ 2-2 ਫੁੱਟ ਦੇ ਡੂੰਘੇ ਟੋਇਆਂ 'ਚ ਬਦਲ ਗਈ ਹੈ। ਹੁਣ ਇੱਥੋਂ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਖਾਸ ਕਰਕੇ ਦੋ ਪਹੀਆ ਵਾਹਨਾਂ ਲਈ ਤਾਂ ਇਹ ਸੜਕ ਬਹੁਤ ਹੀ ਖਤਰਨਾਕ ਬਣ ਚੁੱਕੀ ਹੈ। ਵੱਡੇ ਵਾਹਨ ਟਰੱਕ ਵਗੈਰਾ ਵੀ ਇਨ੍ਹਾਂ ਡੂੰਘੇ ਟੋਇਆਂ 'ਚ ਫਸ ਕੇ ਇਥੇ ਖਰਾਬ ਹੋ ਕੇ ਖੜ੍ਹੇ ਆਮ ਦੇਖੇ ਜਾ ਸਕਦੇ ਹਨ। ਗੰਦੇ ਪਾਣੀ ਕਾਰਨ ਹੁਣ ਮੋਗਾ ਰੋਡ 'ਤੇ ਸਥਿਤ ਕਈ ਕਾਲੋਨੀਆਂ, ਜਿਨ੍ਹਾਂ 'ਚ ਮਾਲਵਾ ਕਾਲੋਨੀ, ਜੈਨ ਕਾਲੋਨੀ, ਸੂਰਿਆ ਇੰਨਕਲੇਵ, ਨੰਬਰਦਾਰ ਕਾਲੋਨੀ, ਮਾਡਲ ਟਾਊਨ ਅਤੇ ਸੀਵਰੇਜ ਪਲਾਂਟ ਦੇ ਨਜ਼ਦੀਕ ਸਥਿਤ ਕਾਲੋਨੀ ਦਾ ਸੰਪਰਕ ਹੁਣ ਬਾਕੀ ਸ਼ਹਿਰ ਨਾਲੋਂ ਟੁੱਟ ਗਿਆ ਹੈ ਕਿਉਂਕਿ ਨੈਸ਼ਨਲ ਹਾਈਵੇ ਹੀ ਨਹੀਂ ਸਵਰਗ ਆਸ਼ਰਮ ਰੋਡ ਸਹਿਤ ਸਾਰੇ ਹੋਰ ਰਸਤੇ ਪਹਿਲਾਂ ਹੀ ਬੰਦ ਹਨ। ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਸ ਇਲਾਕੇ ਦੇ ਦੁਕਾਨਦਾਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ।
ਮੌਕੇ 'ਤੇ ਮੌਜੂਦ ਨਗਰ ਪੰਚਾਇਤ ਦੇ ਕਰਮਚਾਰੀਆਂ ਨੇ ਦੱਸਿਆ ਕਿ ਸੀਵਰੇਜ ਦੇ ਜੋ ਪਾਈਪ ਬੰਦ ਹੋਏ ਹਨ, ਨੂੰ ਚਾਲੂ ਕਰਨ ਲਈ ਉਹ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਯਤਨ ਕਰ ਰਹੇ ਹਨ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਨੈਸ਼ਨਲ ਹਾਈਵੇ 'ਤੇ ਗੰਦੇ ਪਾਣੀ ਨੂੰ ਕੱਢਣ ਲਈ ਵੀ ਪਹਿਲਾਂ ਇਕ ਇੰਜਣ 'ਤੇ ਪੰਪ ਲਾਇਆ ਗਿਆ ਸੀ, ਅੱਜ ਦੋ ਇੰਜਣਾਂ 'ਤੇ ਪੰਪ ਲਾ ਕੇ ਪਾਣੀ ਕੱਢਿਆ ਜਾ ਰਿਹਾ ਹੈ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਸਬੇ ਦੀ ਦਸ਼ਾ ਸੁਧਾਰਨ ਲਈ ਕਸਬੇ 'ਚ ਸੀਵਰੇਜ ਦੇ ਪਾਈਪ ਪਾਏ ਸਨ ਪਰ ਇਨ੍ਹਾਂ ਪਾਈਪਾਂ ਦੇ ਅਕਸਰ ਬੰਦ ਰਹਿਣ ਕਾਰਨ ਹੁਣ ਇਹ ਪਾਈਪ ਇਲਾਕੇ ਦੇ ਲੋਕਾਂ ਲਈ ਸਰਾਪ ਬਣ ਕੇ ਰਹਿ ਗਏ ਹਨ। ਪੰਜਾਬ ਦੇ ਇਸ ਅਹਿਮ ਨੈਸ਼ਨਲ ਹਾਈਵੇ 'ਤੇ ਕਸਬੇ ਦਾ ਗੰਦਾ ਪਾਣੀ ਲਗਾਤਾਰ ਖੜ੍ਹਾ ਰਹਿਣ ਕਰ ਕੇ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਇਥੋਂ ਹਰ ਰੋਜ਼ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕੇ ਸ਼ਹਿਰ ਤੋਂ ਕੱਟੇ ਹੋਏ ਹਨ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਕੇ ਨੈਸ਼ਨਲ ਹਾਈਵੇ ਨੂੰ ਠੀਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਥੋਂ ਲੰਘਣ 'ਚ ਕੋਈ ਸਮੱਸਿਆ ਨਾ ਪੇਸ਼ ਆਵੇ।
ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ
NEXT STORY