ਜਲੰਧਰ (ਅਮਰੀਕ ਟੁਰਨਾ) - ਫਰਾਂਸ ਦੇ ਸ਼ਹਿਰ ਨੇਫਸ਼ੈਪਲ ਦੇ ਚੌਕ ਵਿਚ ਪਹਿਲੀ ਸੰਸਾਰ ਯੰਗ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਨੂੰ ਸਮਰਪਿਤ ਇਕ ਬੁੱਤ ਲਾਇਆ ਜਾ ਰਿਹਾ ਹੈ। ਭਾਰਤੀ ਮੂਲ ਦੇ ਫਰਾਂਸੀਸੀ ਨਾਗਰਿਕ ਰਮੇਸ਼ ਚੰਦਰ ਵੋਹਰਾ, ਜੋ ਕਿ ਇੰਟਰ ਫੇਥ ਸ਼ਹੀਦੀ ਐਸੋਸੀਏਸ਼ਨ ਦੇ ਪ੍ਰਧਾਨ ਹਨ, ਨੇ 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਸੰਸਾਰ ਜੰਗ 'ਚ 70 ਤੋਂ 80 ਹਜ਼ਾਰ ਭਾਰਤੀ ਫੌਜੀ ਸ਼ਹੀਦ ਹੋਏ ਸਨ। ਚਾਹੇ ਉਹ ਭਾਰਤ ਵੱਲੋਂ ਨਹੀਂ ਸਗੋਂ ਬ੍ਰਿਟਿਸ਼ ਸਰਕਾਰ ਵੱਲੋਂ ਲੜੇ ਸਨ ਪਰ ਸੀ ਤਾਂ ਉਹ ਭਾਰਤੀ ਹੀ, ਇਸ ਲਈ ਉਨ੍ਹਾਂ ਸ਼ਹੀਦ ਫੌਜੀਆਂ ਦੀ ਯਾਦਗਾਰ ਵਜੋਂ ਇਹ ਬੁੱਤ ਆਉਂਦੀ ਨਵੰਬਰ ਨੂੰ ਲਗਾਉਣਾ ਹੈ। ਦੱਸਣਯੋਗ ਹੈ ਕਿ ਪਹਿਲੀ ਸੰਸਾਰ ਜੰਗ ਸਮੇਂ ਭਾਰਤੀ ਫੌਜੀਆਂ ਨੂੰ ਬ੍ਰਿਟਿਸ਼ ਸਰਕਾਰ ਨੇ ਵੱਧ ਤਨਖ਼ਾਹ ਦੇ ਕੇ ਫੌਜ ਵਿਚ ਭਰਤੀ ਕਰ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਅਨੇਕ ਦੇਸ਼ਾਂ ਵਿਚ ਲਿਜਾ ਕੇ ਲੜਾਈਆਂ ਲੜਵਾਈਆਂ ਗਈਆਂ ਸਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਫੌਜੀ ਫਰਾਂਸ ਵਿਚ ਦੂਸਰੀ ਸੰਸਾਰ ਜੰਗ ਸਮੇਂ ਸ਼ਹੀਦ ਹੋਏ ਸਨ।
ਸ਼੍ਰੀ ਵੋਹਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਸ ਸਮਾਰਕ ਲਈ ਤਾਂਬੇ ਦਾ ਬੁੱਤ ਬਣਵਾ ਰਹੇ ਹਨ। ਇਸ ਸਮਾਰਕ ਨੂੰ ਮੇਰਠ ਦੀ ਇਕ ਕੰਪਨੀ ਵੱਲੋਂ ਹਰਿਦੁਆਰ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਹ ਜੂਨ-ਜੁਲਾਈ ਤੱਕ ਬਣ ਕੇ ਤਿਆਰ ਹੋ ਜਾਵੇਗਾ ਤੇ 11 ਨਵੰਬਰ 2018 ਨੂੰ 'ਆਰਮਿਸਟਿਸ ਦਿਵਸ' ਮੌਕੇ ਫਰਾਂਸ ਵਿਚ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਹ ਬੁੱਤ 11 ਟਨ ਭਾਰਾ ਹੈ, ਜਿਸ ਦੀ ਲੰਬਾਈ 12 ਮੀਟਰ ਅਤੇ ਉਚਾਈ 4 ਮੀਟਰ ਦੇ ਲਗਭਗ ਹੈ।
ਉਨ੍ਹਾਂ ਮੁਤਾਬਕ 2015 ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਵੇਲੇ ਇਨ੍ਹਾਂ ਨੇ ਇੰਟਰ ਫੇਥ ਸ਼ਹੀਦੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਅਤੇ ਸ਼ਹੀਦ ਭਾਰਤੀ ਫੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਸੀ। ਉਸ ਵੇਲੇ ਹੀ ਸੋਚ ਲਿਆ ਗਿਆ ਸੀ ਕਿ ਇਨ੍ਹਾਂ ਸ਼ਹੀਦਾਂ ਲਈ ਕੋਈ ਯਾਦਗਾਰ ਵੀ ਸਥਾਪਿਤ ਕੀਤੀ ਜਾਵੇ। ਹੁਣ 11 ਨਵੰਬਰ 2018 ਨੂੰ ਇਸ ਸੋਚ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਵੋਹਰਾ 'ਅਨਸੰਗ ਇੰਡੀਅਨ ਹੀਰੋਜ਼ ਆਫ ਵਰਲਡ ਵਾਰ ਵਨ' ਦੇ ਟਾਈਟਲ ਹੇਠ ਇਕ ਕਿਤਾਬ ਵੀ ਇਸੇ ਸਾਲ ਦੇ ਅਖੀਰ ਤੱਕ ਪ੍ਰਕਾਸ਼ਿਤ ਕਰਵਾ ਰਹੇ ਹਨ। ਇਸ ਅੰਦਰ ਉਨ੍ਹਾਂ ਭਾਰਤੀ ਫੌਜੀਆਂ ਦੀਆਂ ਤਸਵੀਰਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਭਾਰਤ ਅਤੇ ਪੂਰੇ ਸੰਸਾਰ ਅੰਦਰ ਜੰਗਾਂ ਦੌਰਾਨ ਆਪਣਾ ਯੋਗਦਾਨ ਪਾਇਆ ਹੈ।
ਲੁੱਟਾਂ ਖੋਹਾਂ ਤੇ ਸ਼ਰਾਬ ਦਾ ਧੰਦਾ ਕਰਨ ਵਾਲੇ 7 ਦੋਸ਼ੀ ਗ੍ਰਿਫ਼ਤਾਰ
NEXT STORY