ਮੋਗਾ (ਕਸ਼ਿਸ਼ ਸਿੰਗਲਾ) : ਮਾਂ ਸ਼ਬਦ ਬੇਸ਼ੱਕ ਸਭ ਤੋਂ ਛੋਟਾ ਸ਼ਬਦ ਹੈ ਪਰ ਇਸ ਦੀ ਪਰਿਭਾਸ਼ਾ ਬਹੁਤ ਉੱਤਮ ਹੈ। ਉਹ ਮਾਂ ਜੋ ਆਪਣੇ ਬੱਚਿਆਂ ਨੂੰ ਨੌਂ ਮਹੀਨੇ ਆਪਣੇ ਪੇਟ ਵਿਚ ਰੱਖ ਕੇ ਉਸ ਨੂੰ ਜੱਗ ਦਿਖਾਉਂਦੀ ਹੈ ਅਤੇ ਜਿੰਨਾ ਚਿਰ ਉਹ ਮਰ ਨਹੀਂ ਜਾਂਦੀ ਓਨਾ ਚਿਰ ਉਸ ਦੇ ਦਿਲ ਵਿਚ ਆਪਣੇ ਪੁੱਤਰਾਂ ਧੀਆਂ ਪ੍ਰਤੀ ਪਿਆਰ ਰਹਿੰਦਾ ਹੈ। ਪਰ ਅੱਜ ਦੇ ਹਾਲਾਤਾਂ ਵਿਚ ਪੁੱਤਰ ਧੀਆਂ ਹੋਣ ਦੇ ਬਾਵਜੂਦ ਵੀ ਮਾਪਿਆਂ ਨੂੰ ਬਿਰਧ ਆਸ਼ਰਮ ਵਿਚ ਰਹਿ ਕੇ ਆਖ਼ਰੀ ਸਮਾਂ ਗੁਜ਼ਾਰਨਾ ਪੈਂਦਾ ਹੈ। ਅਜਿਹੀ ਹੀ ਇਕ ਮਿਸਾਲ ਦੇਖਣ ਨੂੰ ਮਿਲੀ ਮੋਗਾ ਸਥਿਤ ਇਕ ਬਿਰਧ ਆਸ਼ਰਮ ਵਿਚ ਜਿੱਥੇ 4 ਧੀਆਂ ਅਤੇ 2 ਪੁੱਤਰਾਂ ਨੂੰ ਜਨਮ ਦੇ ਕੇ ਪਾਲ ਪੋਸ ਕੇ ਵੱਡਾ ਕਰਕੇ ਫ਼ਰਜ਼ ਅਦਾ ਕਰ ਚੁੱਕੀ ਮਾਂ ਨੂੰ ਪੁੱਤਰ ਅਤੇ ਧੀਆਂ ਨੇ ਬੁਢਾਪੇ ਵਿਚ ਨਹੀਂ ਸੰਭਾਲਿਆ ਜਿਸ ਨੂੰ ਆਖ਼ਿਰ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਪਿਤਾ ਦੇ ਅਲਟੀਮੇਟਮ ’ਤੇ ਮਾਨ ਦੇ ਮੰਤਰੀ ਦਾ ਵੱਡਾ ਬਿਆਨ
ਫਿਰੋਜ਼ਪੁਰ ਦੇ ਪਿੰਡ ਲਹਿਰਾ ਤੋਂ ਆਈ ਬਜ਼ੁਰਗ ਮਾਤਾ ਬਲਵੀਰ ਕੌਰ ਜਿਸ ਨੇ ਇਸ ਬਿਰਧ ਆਸ਼ਰਮ ਵਿਚ ਡੇਢ ਸਾਲ ਬੱਚਿਆਂ ਦੀ ਉਡੀਕ ਕੀਤੀ ਤੇ ਇੱਥੇ ਹੀ ਆਖ਼ਰੀ ਸਾਹ ਲਏ ਪਰ ਆਖ਼ਰੀ ਰਸਮਾਂ ਵਿਚ ਨਾ ਚਾਰਾਂ ਧੀਆਂ 'ਚੋਂ ਕੋਈ ਧੀ ਅਤੇ ਨਾ ਦੋਹਾਂ ਪੁੱਤਰਾਂ 'ਚੋਂ ਕੋਈ ਪੁੱਤਰ ਪੁੱਜਿਆ। ਇਸ ਮੌਕੇ ਸਿਰਫ਼ ਮਾਤਾ ਦੀ ਭੈਣ ਆਈ ਜੋ ਆਪਣੀ ਮਰੀ ਪਈ ਭੈਣ ਨੂੰ ਦੇਖ ਕੇ ਧਾਹਾਂ ਮਾਰਦੀ ਰਹੀ। ਮਾਤਾ ਦੀਆਂ ਅੰਤਮ ਰਸਮਾਂ ਪੰਜਾਬ ਪੁਲਿਸ ਦੇ ਵਿਚ ਤਾਇਨਾਤ ਅਤੇ ਇਸ ਬਿਰਧ ਆਸ਼ਰਮ ਨੂੰ ਚਲਾ ਰਹੇ ਜਸਬੀਰ ਸਿੰਘ ਨੇ ਨਿਭਾਈਆਂ ਅਤੇ ਪੁੱਤਰ ਧੀਆਂ ਨੂੰ ਲਾਹਨਤਾਂ ਪਾਉਂਦਿਆਂ ਜਸਬੀਰ ਸਿੰਘ ਨੇ ਕਿਹਾ ਕਿ ਲੱਖ ਲਾਹਣਤ ਅਜਿਹੇ ਪੁੱਤਰ ਧੀਆਂ ਦੇ ਜੋ ਆਖ਼ਰੀ ਸਮੇਂ ਵਿਚ ਆਪਣੀ ਮਾਂ ਦੀਆਂ ਅੰਤਮ ਰਸਮਾਂ ਵੀ ਨਿਭਾਅ ਨਹੀਂ ਸਕੇ।
ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨੂੰ ਸੰਭਾਲਣ ਲਈ ਅੱਗੇ ਆਉਣ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿਚ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ। ਇਸ ਮੌਕੇ ਜਸਬੀਰ ਸਿੰਘ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਕ ਮਾਂ ਨੇ ਤਾਂ ਬੱਚਿਆਂ ਨੂੰ ਪਾਲ ਕੇ ਵੱਡਾ ਕਰ ਦਿੱਤਾ ਪਰ 6 ਬੱਚੇ ਆਪਣੀ ਇਕ ਮਾਂ ਨੂੰ ਸੰਭਾਲ ਨਹੀਂ ਸਕੇ। ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਂ ਦੀ ਮੌਤ ਤੋਂ ਬਾਅਦ ਕਈ ਵਾਰ ਉਨ੍ਹਾਂ ਦੇ ਧੀਆਂ ਪੁੱਤਰਾਂ ਨੂੰ ਫੋਨ ਕੀਤਾ ਕਿ ਉਹ ਆ ਕੇ ਅੰਤਿਮ ਰਸਮਾਂ ਨਿਭਾਉਣ ਪਰ ਕੋਈ ਨਹੀਂ ਆਇਆ।
ਪੰਜਾਬ ਪੁਲਸ ਦੀ AGTF ਟੀਮ ‘ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ’ ਨਾਲ ਸਨਮਾਨਿਤ
NEXT STORY