ਸ਼ੇਰਪੁਰ, (ਸਿੰਗਲਾ)- ਦੇਸ਼ ਦੀ ਆਜ਼ਾਦੀ ’ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕੌਮ ਦੇ ਮਹਾਨ ਸਪੂਤ ਆਜ਼ਾਦੀ ਘੁਲਾਟੀਏ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਕੌਮ ਦੀ ਸੇਵਾ ’ਚ ਲਾ ਦਿੱਤਾ, ਦੇ ਵਾਰਸ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਫਿਰ ਰਹੇ ਹਨ। ਪਿੰਡ ਗੋਬਿੰਦਪੁਰਾ ਦੇ ਆਜ਼ਾਦੀ ਘੁਲਾਟੀਏ ਸਵ. ਗੁਰਦਿਆਲ ਸਿੰਘ ਪੁੱਤਰ ਗਾਂਧਾ ਸਿੰਘ ਦਾ ਪਰਿਵਾਰ ਅੱਜ ਕੋਈ ਵੀ ਸਰਕਾਰੀ ਸਹੂਲਤ ਨੂੰ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ ’ਚੋਂ ਗੁਜ਼ਰ ਰਿਹਾ ਹੈ। ਗੁਰਦਿਆਲ ਸਿੰਘ ਚਡ਼੍ਹਦੀ ਉਮਰੇ 17 ਸਾਲ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੇਲ ਚਲੇ ਗਏ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੇ ਕਦਮ ਵਧਾ ਦਿੱਤੇ। ਉਨ੍ਹਾਂ ਆਪਣੇ ਸੰਘਰਸ਼ੀ ਜੀਵਨ ’ਚ ਅਮਰੌਦੀ, ਕਲਕੱਤਾ ਅਤੇ ਕਾਲੇ ਪਾਣੀਆਂ ਤੱਕ ਦੀਅਾਂ ਸਖਤ ਸਜ਼ਾਵਾਂ ਕੱਟੀਆਂ। ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀ ਭੁੱਖ ਹਡ਼ਤਾਲ ਨੂੰ ਇਕ ਵਾਰ ਮਾ. ਤਾਰਾ ਸਿੰਘ ਨੇ ਖੁੱਲ੍ਹਵਾਇਆ। ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਹੋਏ ਗਿਆਨੀ ਜ਼ੈਲ ਸਿੰਘ ਅਤੇ ਹੀਰਾ ਸਿੰਘ ਭੱਠਲ ਆਦਿ ਆਗੂਆਂ ਨਾਲ ਰਲ ਕੇ ਸੰਘਰਸ਼ ਕੀਤਾ। ਸੰਨ 1942 ’ਚ 15 ਅਗਸਤ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਗੁਰਦਿਆਲ ਸਿੰਘ ਨੂੰ ਸਨਮਾਨ ਦਿੰਦੇ ਹੋਏ ਤਾਮਰ ਪੱਤਰ ਭੇਟ ਕਰ ਕੇ ਆਜ਼ਾਦੀ ਘੁਲਾਟੀਏ ਦਾ ਖਿਤਾਬ ਦਿੱਤਾ। ਗੁਰਦਿਆਲ ਸਿੰਘ ਦੇ ਚਾਰ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚ ਰੂਪ ਸਿੰਘ, ਮੇਜਰ ਸਿੰਘ ਅਤੇ ਗੁਰਮੇਲ ਸਿੰਘ ਦੀ ਮੌਤ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਕਰਕੇ ਹੋਈ ਜਦੋਂਕਿ ਚੌਥੇ ਪੁੱਤਰ ਬਚਿੱਤਰ ਸਿੰਘ ਨੂੰ ਕੈਂਸਰ ਹੋਣ ਦੇ ਨਾਲ-ਨਾਲ ਆਰਥਕ ਤੰਗੀ ਦਾ ਜ਼ਿਆਦਾ ਸ਼ਿਕਾਰ ਹੋਣਾ ਪੈ ਰਿਹਾ ਸੀ, ਜਿਸ ਕਰਕੇ ਉਸ ਨੇ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ।
ਇਸ ਸਮੇਂ ਬਚਿੱਤਰ ਸਿੰਘ ਸਾਬਕਾ ਫੌਜੀ ਦੇ 2 ਨੌਜਵਾਨ ਲਡ਼ਕੇ ਬੇਰੋਜ਼ਗਾਰ ਹਨ, ਜਿਨ੍ਹਾਂ ’ਚੋਂ ਇਕ ਲਡ਼ਕਾ ਕਈ ਭਰਤੀਆਂ ਵੀ ਦੇਖ ਚੁੱਕਿਆ ਹੈ ਅਤੇ ਨੌਕਰੀ ਦੇ ਕਾਬਿਲ ਹੈ ਪਰ ਉਸ ਨੂੰ ਅਜੇ ਤੱਕ ਆਪਣੇ ਦਾਦਾ ਗੁਰਦਿਆਲ ਸਿੰਘ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਮਿਲ ਸਕਿਆ, ਜਿਸ ਕਾਰਨ ਨੌਜਵਾਨ ਦੇ ਮਨ ’ਚ ਸਰਕਾਰ ਪ੍ਰਤੀ ਵੀ ਰੋਸ ਹੋਣਾ ਸੁਭਾਵਿਕ ਹੈ। ਜਦੋਂਕਿ ਬਚਿੱਤਰ ਸਿੰਘ ਦਾ ਦੂਜਾ ਲਡ਼ਕਾ ਇਕ ਛੋਟੀ ਪ੍ਰਾਈਵੇਟ ਨੌਕਰੀ ਕਰਦਾ ਹੈ। ਇਨ੍ਹਾਂ ਲਡ਼ਕਿਆ ਦੀ ਮਾਂ (ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦੀ ਨੂੰਹ) ਬੀਮਾਰੀਆਂ ਨਾਲ ਜੂਝ ਰਹੀ ਹੈ। ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦੀ ਵੱਡੀ ਨੂੰਹ ਮਾਤਾ ਰਛਪਾਲ ਕੌਰ ਦੇ ਪਤੀ ਰੂਪ ਸਿੰਘ ਦੀ ਕੈਂਸਰ ਦੀ ਬੀਮਾਰੀ ਨਾਲ 2005 ’ਚ ਕਰੀਬ 13 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਅੱਜ ਤੱਕ ਉਸ ਦੀ ਵਿਧਵਾ ਪੈਨਸ਼ਨ ਤੱਕ ਨਹੀਂ ਲੱਗੀ।
ਪੋਤੇ ਮਜ਼ਦੂਰੀ ਕਰਨ ਲਈ ਮਜਬੂਰ
ਇਸ ਤੋਂ ਇਲਾਵਾ ਗੁਰਦਿਆਲ ਸਿੰਘ ਦੇ ਲਡ਼ਕੇ ਰੂਪ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਸ ਦੇ ਦੋ ਲਡ਼ਕਿਆਂ ਦੀ ਆਰਥਕ ਹਾਲਤ ਵੀ ਕਾਫੀ ਖਰਾਬ ਹੈ, ਪਰਿਵਾਰ ਦੀ ਕੋਈ ਵੀ ਜ਼ਮੀਨ ਉਨ੍ਹਾਂ ਪਾਸ ਨਹੀਂ, ਸਗੋਂ ਗੁਰਦਿਆਲ ਸਿੰਘ ਦੇ ਪੋਤੇ ਜਗਤਾਰ ਸਿੰਘ ਅਤੇ ਸੁਖਪਾਲ ਸਿੰਘ ਦੋਵੇਂ ਹੀ ਪਿੰਡ ’ਚ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਸੁਖਪਾਲ ਸਿੰਘ ਦੇ ਘਰ ਦੀ ਹਾਲਤ ਇਹ ਹੈ ਕਿ ਪਰਿਵਾਰ ਦੇ 5 ਮੈਂਬਰ ਇਕ ਕਮਰੇ ਦੀ ਛੱਤ ਹੇਠ ਆਪਣਾ ਜੀਵਨ ਬਤੀਤ ਕਰਦੇ ਹਨ। ਜੋ ਇਕ ਕਮਰਾ ਬਣਾਇਆ ਗਿਆ ਹੈ ਉਸ ਨੂੰ ਵੀ 2 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਕੁਝ ਸਮਾਂ ਪਹਿਲਾਂ ਹੀ ਤਿਆਰ ਕੀਤਾ ਗਿਆ ਹੈ। ਸੁਖਪਾਲ ਸਿੰਘ ਦੇ ਦੋ ਬੱਚੇ ਇਕ ਲਡ਼ਕਾ ਤੇ ਲਡ਼ਕੀ ਆਰਥਕ ਤੰਗੀਆਂ ’ਚੋਂ ਗੁਜ਼ਰਦੇ ਹੋਏ ਆਪਣੀ ਪਡ਼੍ਹਾਈ ਕਰ ਰਹੇ ਹਨ।
ਇਸ ਦੇ ਨਾਲ ਹੀ ਰੂਪ ਸਿੰਘ ਦੇ ਦੂਜੇ ਲਡ਼ਕੇ ਜਗਤਾਰ ਸਿੰਘ ਦੀ ਗੱਲ ਕਰੀਏ ਤਾਂ ਉਸ ਦੀ ਆਰਥਕ ਹਾਲਤ ਵੀ ਕਾਫੀ ਚਿੰਤਾਜਨਕ ਹੈ। ਉਸ ਪਾਸ ਵੀ ਕੋਈ ਜ਼ਮੀਨ ਨਹੀਂ ਅਤੇ ਉਹ ਵੀ ਪਿੰਡ ’ਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਡ਼ੀ ਮੁਸ਼ਕਲ ਨਾਲ ਚਲਾ ਰਿਹਾ ਹੈ।
ਆਜ਼ਾਦੀ ਦਿਵਸ ਸਮਾਗਮ ਸਬੰਧੀ ਨਹੀਂ ਮਿਲਿਆ ਸੁਨੇਹਾ
15 ਅਗਸਤ ਨੂੰ ਜਿਥੇ ਪੂਰੇ ਪੰਜਾਬ ’ਚ ਮਨਾਏ ਜਾ ਰਹੇ ਅਾਜ਼ਾਦੀ ਦਿਵਸ ਮੌਕੇ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ, ਉਥੇ ਸਵ. ਗੁਰਦਿਆਲ ਸਿੰਘ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ 14 ਅਗਸਤ ਸ਼ਾਮ ਤੱਕ ਕੋਈ ਆਜ਼ਾਦੀ ਦਿਵਸ ਸਮਾਗਮ ’ਚ ਸ਼ਾਮਲ ਹੋਣ ਸਬੰਧੀ ਸੁਨੇਹਾ ਨਹੀਂ ਮਿਲਿਆ। ਇਸ ਦੀ ਪੁਸ਼ਟੀ ਦੋਵੇ ਨੂੰਹਾਂ ਰਛਪਾਲ ਕੌਰ ਅਤੇ ਬਲਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨੇ ਕੀਤੀ।
ਕੀ ਕਹਿੰਦੇ ਨੇ ਐੱਸ. ਡੀ. ਐੱਮ. ਧੂਰੀ
ਇਸ ਮਾਮਲੇ ’ਤੇ ਸਬ-ਡਵੀਜ਼ਨ ਧੂਰੀ ਦੇ ਐੱਸ. ਡੀ. ਐੱਮ. ਦੀਪਕ ਰੁਹੇਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ‘ਜਗ ਬਾਣੀ’ ਵੱਲੋਂ ਹੀ ਲਿਆਂਦਾ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਤੁਸੀਂ ਹੀ ਸੁਨੇਹਾ ਲਾ ਦਿਉ ਕਿ ਉਹ ਸਮਾਗਮ ’ਚ ਸ਼ਾਮਲ ਹੋਣ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕੀਤਾ ਜਾਵੇਗਾ।
ਜ਼ਹਿਰੀਲੀ ਵਸਤੂ ਨਿਗਲਣ ਨਾਲ ਨੌਜਵਾਨ ਦੀ ਮੌਤ
NEXT STORY