ਚੰਡੀਗੜ੍ਹ (ਰਾਏ) - ਨਗਰ ਨਿਗਮ ਵਿਚ ਭਾਜਪਾ ਬਹੁਮਤ ਹੋਣ ਦਾ ਲਾਭ ਪੰਜਾਬ ਭਾਜਪਾ ਨੂੰ ਵੀ ਮਿਲ ਰਿਹਾ ਹੈ। ਨਿਗਮ ਨੇ ਇਸੇ ਤਹਿਤ ਅੱਜ ਤਕ ਪੰਜਾਬ ਭਾਜਪਾ ਨੂੰ ਨਾਜਾਇਜ਼ ਰੂਪ ਨਾਲ ਬੈਨਰ ਤੇ ਝੰਡੇ ਲਾਉਣ ਦੇ ਮਾਮਲੇ ਵਿਚ ਨੋਟਿਸ ਤਕ ਨਹੀਂ ਜਾਰੀ ਕੀਤਾ। ਪੰਜਾਬ ਭਾਜਪਾ ਨੂੰ 1. 82 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਣ ਦੀ ਬਜਾਏ ਨਿਗਮ ਕਮਿਸ਼ਨਰ ਨੇ ਜੁਰਮਾਨਾ ਰਾਸ਼ੀ ਆਂਕਣ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਪਰ ਉਹ ਵੀ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਸਪੱਸ਼ਟ ਹੈ ਕਿ ਸਿਆਸੀ ਦਬਾਅ ਕਾਰਨ ਨਿਗਮ ਭਾਜਪਾ ਨੂੰ ਨੋਟਿਸ ਦੇਣ ਤੋਂ ਬਚ ਰਿਹਾ ਹੈ।
ਪੰਜਾਬ ਭਾਜਪਾ ਨੇ ਬੀਤੀ 12 ਅਪ੍ਰੈਲ ਨੂੰ ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਦੇ ਸਵਾਗਤ ਲਈ ਚੰਡੀਗੜ੍ਹ ਵਿਚ ਬਿਨਾਂ ਇਜਾਜ਼ਤ ਹੋਰਡਿੰਗ, ਝੰਡੇ ਤੇ ਬੈਨਰ ਲਾਏ ਸਨ। ਏਰੀਆ ਇਨਫੋਰਸਮੈਂਟ ਇੰਸਪੈਕਟਰ ਦੀ ਸੂਚਨਾ ਤੋਂ ਬਾਅਦ ਨਗਰ ਨਿਗਮ ਨੇ ਤੁਰੰਤ ਕਾਰਵਾਈ ਕਰਦਿਆਂ ਨਾ ਸਿਰਫ ਪੋਸਟਰ ਤੇ ਬੈਨਰ ਹਟਾ ਦਿੱਤੇ, ਬਲਕਿ ਇਸ ਲਈ 1.82 ਕਰੋੜ ਰੁਪਏ ਜੁਰਮਾਨਾ ਵੀ ਲਾਇਆ। ਉਦੋਂ ਤੋਂ ਲੈ ਕੇ ਅੱਜ ਤਕ ਨਿਗਮ ਨੇ ਪੰਜਾਬ ਭਾਜਪਾ ਨੂੰ ਇਸ ਲਈ ਨੋਟਿਸ ਤਕ ਨਹੀਂ ਭੇਜਿਆ ਹੈ। ਹਾਲਾਂਕਿ ਹੁਣ ਪੰਜਾਬ ਵਿਚ ਸਰਕਾਰ ਬਦਲ ਚੁੱਕੀ ਹੈ ਤੇ ਕਾਂਗਰਸ ਦਾ ਸ਼ਾਸਨ ਹੈ ਪਰ ਫਿਰ ਵੀ ਨਿਗਮ ਨੇ ਅਜੇ ਤਕ ਪੰਜਾਬ ਭਾਜਪਾ ਨੂੰ ਜੁਰਮਾਨੇ ਦਾ ਨੋਟਿਸ ਜਾਰੀ ਨਹੀਂ ਕੀਤਾ ਹੈ।
ਕਮੇਟੀ ਦਾ ਗਠਨ ਕਰਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਸੀ
ਨਿਗਮ ਵਿਚ ਭਾਜਪਾ ਸੱਤਾਧਾਰੀ ਹੈ ਤੇ ਉਸ ਸਮੇਂ ਪੰਜਾਬ ਸਰਕਾਰ ਵੀ ਸਹਿਯੋਗੀਆਂ ਦੀ ਸੀ ਤੇ ਨਿਗਮ ਕਮਿਸ਼ਨਰ ਵੀ ਪੰਜਾਬ ਤੋਂ ਡੈਪੂਟੇਸ਼ਨ 'ਤੇ ਸਨ। ਆਖਿਰਕਾਰ ਭਾਜਪਾ ਦੇ ਗੁੱਸੇ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਨਿਗਮ ਕਮਿਸ਼ਨਰ ਨੇ ਜੁਰਮਾਨੇ ਦੀ ਰਾਸ਼ੀ ਦਾ ਮੁਲਾਂਕਣ ਕਰਨ ਲਈ 3 ਮੈਂਬਰੀ ਕਮੇਟੀ ਦਾ ਗਠਨ ਕਰਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਇਸ ਕਮੇਟੀ ਵਿਚ ਨਿਗਮ ਦੇ ਲਾਅ ਅਧਿਕਾਰੀ, ਕਾਰਜਕਾਰੀ ਇੰਜੀਨੀਅਰ (ਰੋਡ) ਤੇ ਓ. ਐੱਸ. ਡੀ. ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸੇ ਕੰਮ ਲਈ ਨਿਗਮ ਨੇ ਕਾਂਗਰਸ ਪਾਰਟੀ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਨੂੰ ਨੋਟਿਸ ਦੇਣ ਵਿਚ ਦੇਰ ਨਹੀਂ ਕੀਤੀ ਸੀ। ਵਿਦਿਆਰਥੀਆਂ ਨੂੰ ਤਾਂ ਨੋਟਿਸ ਦੇ ਨਾਲ ਸਖਤ ਚਿਤਾਵਨੀ ਵੀ ਦਿੱਤੀ ਗਈ ਸੀ।
ਇਸ ਸਬੰਧੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਦਾ ਕਹਿਣਾ ਸੀ ਕਿ ਜੁਰਮਾਨੇ ਦੀ ਰਾਸ਼ੀ ਦਾ ਮੁਲਾਂਕਣ ਕਰਨ ਦਾ ਅਧਿਕਾਰ ਤਾਂ ਨਿਗਮ ਕੋਲ ਹੈ ਹੀ ਨਹੀਂ ਹੈ। ਜੁਰਮਾਨਾ ਰਾਸ਼ੀ ਪਹਿਲਾਂ ਤੋਂ ਹੀ ਪ੍ਰਸ਼ਾਸਨ ਵਲੋਂ ਬਕਾਇਦਾ 2008 ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਤੈਅ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ਼ਤਿਹਾਰ ਕੰਟ੍ਰੋਲ ਐਕਟ ਤਹਿਤ ਜੋ ਜੁਰਮਾਨਾ ਲਗਦਾ ਹੈ, ਉਹ ਅਦਾ ਕਰਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਭਾਜਪਾ ਦੇ ਪੋਸਟਰ ਤੇ ਬੈਨਰ ਉਤਾਰੇ ਗਏ ਸੀ ਤਾਂ ਉਨ੍ਹਾਂ ਦਾ ਸਾਈਜ਼ ਵੀ ਨੋਟ ਕੀਤਾ ਗਿਆ ਸੀ, ਹੁਣ ਉਨ੍ਹਾਂ 'ਤੇ ਕਿੰਨਾ ਜੁਰਮਾਨਾ ਲਗਦਾ ਹੈ, ਇਹ ਕਮੇਟੀ ਨੇ ਨਹੀਂ ਦੇਖਣਾ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਤੈਅ ਦਰਾਂ 'ਤੇ ਉਸ ਦਾ ਮੁਲਾਂਕਣ ਹੋ ਚੁੱਕਾ ਹੈ ਤੇ ਉਸ ਦਾ ਨੋਟਿਸ ਭੇਜਿਆ ਜਾਣਾ ਹੈ।
ਇਹ ਸੀ ਮਾਮਲਾ
ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦਾ ਸੰਭਾਲਣ ਲਈ ਸੈਕਟਰ-37 ਵਿਚ ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਵਿਚ ਸਮਾਰੋਹ ਬੀਤੇ ਮਹੀਨੇ ਕਰਵਾਇਆ ਗਿਆ ਸੀ। ਉਸ ਦੇ ਸਵਾਗਤ ਵਿਚ ਪੰਜਾਬ ਭਾਜਪਾ ਵਲੋਂ ਪਿਕਾਡਲੀ ਚੌਕ ਤੋਂ ਸੈਕਟਰ-37 ਦੇ ਚੌਕ ਤਕ ਹੋਰਡਿੰਗ, ਬੈਨਰ ਤੇ ਝੰਡੇ ਲਾਏ ਗਏ ਸਨ। ਸਮਾਰੋਹ ਵਿਚ ਚੰਡੀਗੜ੍ਹ ਦੇ ਮੇਅਰ ਅਰੁਣ ਸੂਦ ਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਨਿਗਮ ਸੂਤਰਾਂ ਅਨੁਸਾਰ ਉਕਤ ਇਲਾਕੇ ਦੇ ਇਨਫੋਰਸਮੈਂਟ ਦੇ ਸਬ ਇੰਸਪੈਕਟਰ ਜਗਮੋਹਨ ਨੇ ਬਿਨਾਂ ਇਜਾਜ਼ਤ ਲਾਏ ਗਏ ਇਨ੍ਹਾਂ ਬੋਰਡਾਂ ਤੇ ਝੰਡਿਆਂ ਦੀ ਜਾਣਕਾਰੀ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਦੁਪਹਿਰ ਨੂੰ ਇਸ ਵਿਰੁੱਧ ਨਿਗਮ ਦੇ ਇਨਫੋਰਸਮੈਂਟ ਵਿਭਾਗ ਨੇ ਕਾਰਵਾਈ ਕੀਤੀ ਸੀ। ਝੰਡੇ ਤੇ ਹੋਰਡਿੰਗ ਨਗਰ ਨਿਗਮ ਦੀ ਮਨਜ਼ੂਰੀ ਦੇ ਬਿਨਾਂ ਲਾਉਣ 'ਤੇ 100 ਰੁਪਏ ਪ੍ਰਤੀ ਵਰਗ ਫੁੱਟ ਦਾ ਪ੍ਰਤੀਦਿਨ ਦੇ ਹਿਸਾਬ ਨਾਲ ਜੁਰਮਾਨਾ ਲਾਉਣ ਦਾ ਨਿਯਮ ਹੈ ਪਰ ਨਾ ਤਾਂ ਉਦੋਂ ਭਾਜਪਾ 'ਤੇ ਜੁਰਮਾਨਾ ਲੱਗਾ ਤੇ ਨਾ ਹੀ ਅਜੇ ਪੰਜਾਬ ਭਾਜਪਾ ਤੋਂ ਕੋਈ ਵਸੂਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਨਿਗਮ ਦੇ ਸਬੰਧਤ ਅਧਿਕਾਰੀ ਦਾ ਕਹਿਣਾ ਹੈ ਕਿ ਵਿਭਾਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੋਟਿਸ ਦਿੱਤਾ ਜਾਵੇਗਾ।
ਪੈਕ ਫੈਸਟ : ਜਸਪਾਲ ਅਤੇ ਸਵਿਤਾ ਭੱਟੀ ਦੀ ਰੀਅਲ ਅਤੇ ਰੀਲ ਲਾਈਫ ਦਿਖਾਈ
NEXT STORY