ਬਾਘਾਪੁਰਾਣਾ(ਚਟਾਨੀ)-ਸ਼ਹਿਰ ਵਾਸੀਆਂ ਦੀਆਂ ਸ਼ਹਿਰ ’ਚ ਕਾਰ ਪਾਰਕਿੰਗ, ਰੇਹਡ਼ੀ ਮਾਰਕੀਟ ਤੇ ਅੌਰਤਾਂ ਲਈ ਵੱਖਰੇ ਵਿਸ਼ਾਲ ਪਾਰਕ ਬਣਨ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆਉਣ ਲੱਗਾ ਹੈ। ਕਾਂਗਰਸ ਪਾਰਟੀ ਦੇ ਸਥਾਨਕ ਹਲਕੇ ਦੇ ਵਿਧਾਇਕ ਵੱਲੋਂ ਵਿਰੋਧੀ ਧਿਰ ’ਚ ਹੁੰਦਿਆਂ ਜਿਨ੍ਹਾਂ ਛੱਪਡ਼ਾਂ ’ਚ ਭਰਤੀ ਪਵਾ ਕੇ ਕਾਰ ਪਾਰਕਿੰਗ ਤੇ ਅੌਰਤਾਂ ਲਈ ਵੱਖਰੇ ਪਾਰਕ ਬਣਾਉਣ ਦੀ ਰਾਮ ਦੁਹਾਈ ਪਾਈ ਗਈ ਸੀ, ਹੁਣ ਸੱਤਾ ਧਿਰ ਦਾ ਹਿੱਸਾ ਬਣਨ ਉਪਰੰਤ ਉਸੇ ਵਿਧਾਇਕ ਵੱਲੋਂ ਉਕਤ ਦੋਵਾਂ ਯੋਜਨਾਵਾਂ ਨੂੰ ਖੂੰਝੇ ਲਾਇਆ ਜਾ ਰਿਹਾ ਹੈ। ਕੌਂਸਲ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਉਸੇ ਗਿਆਨੀ ਜ਼ੈਲ ਸਿੰਘ ਮਾਰਕੀਟ ਦੇ ਪਿਛਲੇ ਪਾਸੇ ਦੁਕਾਨਾਂ ਉਸਾਰੀਆਂ ਜਾ ਰਹੀਆਂ ਹਨ, ਜੋ 70 ਫੀਸਦੀ ਦੁਕਾਨਾਂ 43 ਸਾਲਾਂ ਦਾ ਸਮਾਂ ਬੀਤ ਜਾਣ ਪਿੱਛੋਂ ਵੀ ਅਾਬਾਦ ਨਹੀਂ ਹੋ ਸਕੀਆਂ। ਇੱਥੋਂ ਤੱਕ ਕਿ ਸ਼ਹਿਰ ਦੀ ਮੁੱਖ ਸਡ਼ਕ ਅਤੇ ਭੀਡ਼-ਭਡ਼ੱਕੇ ਵਾਲੇ ਕੇਂਦਰੀ ਖੇਤਰ ਬੱਸ ਅੱਡੇ ਵਿਚ ਕੌਂਸਲ ਵੱਲੋਂ ਉਸਾਰੀਆਂ ਗਈਆਂ ਆਲੀਸ਼ਾਨ ਦੁਕਾਨਾਂ ਵੱਲ ਕੋਈ ਕਿਰਾਏਦਾਰ ਮੂੰਹ ਨਹੀਂ ਕਰ ਰਿਹਾ ਤਾਂ ਫਿਰ ਰਿਹਾਇਸ਼ੀ ਖੇਤਰ ਵਿਚ ਕੌਂਸਲ ਦੀਆਂ ਦੁਕਾਨਾਂ ਕਿਵੇਂ ਅਾਬਾਦ ਹੋ ਸਕਣਗੀਆਂ? ਇੱਥੇ ਹੀ ਬਸ ਨਹੀਂ ਕਾਰੋਬਾਰ ’ਚ ਚੱਲ ਰਹੇ ਕਥਿਤ ਮੰਦੇ ਵਾਲੇ ਦੌਰ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਨਵਨਿਰਮਾਣਤ ਕਮਰਸ਼ੀਅਲ ਮਾਰਕੀਟਾਂ ਅੰਦਰ 350 ਦੁਕਾਨਾਂ ਅਤੇ ਸ਼ੋਅ ਰੂਮ ਖਾਲੀ ਪਏ ਹਨ। ਸਰਕਾਰੀ ਸੰਪਤੀ ਦੇ ਉਜਾਡ਼ੇ ਪ੍ਰਤੀ ਚਿੰਤਤ ਸ਼ਹਿਰ ਦੇ ਸੂਝਵਾਨ ਲੋਕਾਂ ਨੇ ਕਿਹਾ ਕਿ ਚਹੇਤਿਆਂ ਨੂੰ ਖੁਸ਼ ਕਰਨ ਅਤੇ ਨਵੀਆਂ ਉਸਾਰੀਆਂ ’ਚੋਂ ਹੱਥ ਰੰਗਣ ਦੀ ਤਾਕ ’ਚ ਬੈਠੇ ਅਧਿਕਾਰੀ ਅਤੇ ਆਗੂ ਆਪਣੇ ਸਵਾਰਥ ਪੂਰੇ ਕਰਨ ਲਈ ਬੇਤਰਤੀਬ ਅਤੇ ਬੇਤਰਕ ਯੋਜਨਾਵਾਂ ਬਣਾਉਣ ਦੇ ਰਾਹ ਤੁਰਨ ਤੋਂ ਗੁਰੇਜ਼ ਕਰਨ। ਓਧਰ ਸ਼ਹਿਰ ਦੀਆਂ ਅੌਰਤਾਂ ਨੇ ਵੀ ਵਿਧਾਇਕ ਦਰਸ਼ਨ ਸਿੰਘ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਵਾਅਦੇ ਪ੍ਰਤੀ ਵਫਾਦਾਰੀ ਦਿਖਾਉਣ ਅਤੇ ਬਲਾਕ ਦਫਤਾਰ ਦੇ ਪਿਛਲੇ ਪਾਸੇ ਪਈ ਜਗ੍ਹਾ ਵਿਚ ਅੌਰਤਾਂ ਲਈ ਵੱਖਰੀ ਸੈਰਗਾਹ ਬਣਾਉਣ ਦੀ ਸ਼ੁਰੂਆਤ ਬਿਨਾਂ ਦੇਰੀ ਤੋਂ ਕਰਨ।
ਕਿਸੇ ਸਰਕਾਰ ਨੇ ਵੀ ਨਹੀਂ ਕੀਤਾ ਪਾਰਕਿੰਗ ਦਾ ਮਸਲਾ ਹੱਲ
ਸ਼ਹਿਰ ਦੇ ਬਾਜ਼ਾਰਾਂ ’ਚ ਆਵਾਜਾਈ ’ਚ ਆਉਂਦੇ ਅਡ਼ਿੱਕਿਆਂ ਦਾ ਮੁੱਖ ਕਾਰਨ ਸਡ਼ਕਾਂ ਦੇ ਕਿਨਾਰਿਆਂ ’ਤੇ ਖਡ਼੍ਹਦੇ ਵਾਹਨ ਹੀ ਹਨ, ਜਿਨ੍ਹਾਂ ਲਈ ਸ਼ਹਿਰ ’ਚ ਸੁਰੱਖਿਅਤ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ। ਪਾਰਕਿੰਗ ਦੀ ਸਹੂਲਤ ਲਈ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਨਿਭਾਇਆ ਕਿਸੇ ਨੇ ਵੀ ਨਹੀਂ। ਵਿਧਾਇਕ ਬਰਾਡ਼ ਨੇ ਇਸ ਵਾਰ ਪਾਰਕਿੰਗ ਅਤੇ ਅੌਰਤਾਂ ਦੀ ਸੈਰਗਾਹ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਨਿਭਾਉਣਾ ਵਿਧਾਇਕ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ।
ਪਾਰਕ ਦੀ ਥਾਂ ’ਤੇ ਨਾ ਬਣਾਈ ਜਾਵੇ ਮਾਰਕੀਟ
ਵਿਧਾਇਕ ਨੇ ਵਾਰ-ਵਾਰ ਕਿਹਾ ਸੀ ਕਿ ਬਲਾਕ ਦਫਤਰ ਦੇ ਪਿੱਛੇ ਪਾਰਕ ਅਤੇ ਪਾਰਕਿੰਗ ਹੀ ਬਣਾਈ ਜਾਵੇਗੀ, ਫਿਰ ਉਸੇ ਗੱਲ ਉਪਰ ਵਿਧਾਇਕ ਨੂੰ ਹਰ ਹੀਲੇ ਕਾਇਮ ਰਹਿਣਾ ਚਾਹੀਦਾ ਹੈ ਨਾ ਕਿ ਅਜਿਹੀ ਖੁੱਲ੍ਹੀ ਅਤੇ ਸੁਰੱਖਿਅਤ ਥਾਂ ’ਤੇ ਮਾਰਕੀਟ ਬਣਾ ਕੇ ਲੋਡ਼ੀਂਦੀਆਂ ਸਹੂਲਤਾਂ ਦੇ ਰਾਹ ਬੰਦ ਕਰਨੇ ਚਾਹੀਦੇ ਹਨ।
ਅੌਰਤਾਂ ਸੜਕਾਂ ’ਤੇ ਸੈਰ ਕਰਨ ਲਈ ਮਜਬੂਰ
ਸ਼ਹਿਰ ਦੀਆਂ ਅੌਰਤਾਂ ਪਿਛਲੇ ਲੰਮੇ ਸਮੇਂ ਤੋਂ ਸਡ਼ਕਾਂ ’ਤੇ ਸੈਰ ਕਰਨ ਲਈ ਮਜਬੂਰ ਹਨ। ਅੌਰਤਾਂ ਨੇ ਇਸ ਵਾਰ ਦਰਸ਼ਨ ਸਿੰਘ ਬਰਾਡ਼ ਦੇ ਹੱਕ ’ਚ ਇਸੇ ਕਰ ਕੇ ਵੱਡਾ ਫਤਵਾ ਦਿੱਤਾ ਸੀ ਕਿ ਉਹ ਵੱਖਰਾ ਪਾਰਕ ਬਣਾਉਣਗੇ ਪਰ ਆਸ ਹੁਣ ਮੱਧਮ ਹੁੰਦੀ ਜਾਪਦੀ ਹੈ।
ਸਰਕਾਰ ਦੀ ਬੇਰੁਖੀ ਕਾਰਨ ਪਿੰਡ ਭੁੰਬਲੀ ਵਿਕਾਸ ਪੱਖੋਂ ਪੂਰੀ ਤਰ੍ਹਾਂ ਸੱਖਣਾ
NEXT STORY