ਤਲਵੰਡੀ ਸਾਬੋ(ਮੁਨੀਸ਼)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਨਸ਼ਾ ਸਮੱਗਲਰ ਦੱਸ ਕੇ ਵੱਢ ਕੇ ਸੁੱਟੇ ਗਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਅੱਜ ਉਕਤ ਨੌਜਵਾਨ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੀੜਤ ਪਰਿਵਾਰ ਨਾਲ ਪੁਲਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਤੇ ਪੁਲਸ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਪੀੜਤ ਪਰਿਵਾਰ ਦੀਆਂ ਦੋ ਔਰਤਾਂ ਨੇ ਪੱਖੇ ਨਾਲ ਫਾਹਾ ਲੈਣ ਦੀ ਕੋਸ਼ਿਸ਼ ਨੂੰ ਮੌਕੇ 'ਤੇ ਇਕੱਤਰ ਵੱਡੀ ਗਿਣਤੀ ਪੁਲਸ ਨੇ ਨਾਕਾਮ ਬਣਾ ਦਿੱਤਾ। ਭਾਵੇਂ ਬਾਅਦ ਦੁਪਹਿਰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਪੀੜਤ ਪਰਿਵਾਰ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਗਿਆ ਪਰ ਖਬਰ ਲਿਖੇ ਜਾਣ ਤਕ ਐੱਫ. ਆਈ. ਆਰ. ਦੀ ਕਾਪੀ ਨਾ ਮਿਲਣ ਤਕ ਪਰਿਵਾਰ ਨੇ ਅੰਤਿਮ ਸੰਸਕਾਰ ਕੀਤੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਸੋਨੂੰ ਅਰੋੜਾ ਨਾਮੀ ਨੌਜਵਾਨ ਨੂੰ ਵੱਢ ਕੇ ਪਿੰਡ ਭਾਗੀਵਾਂਦਰ ਦੀ ਸੱਥ ਵਿਚ ਸੁੱਟਣ ਅਤੇ ਇਲਾਜ ਦੌਰਾਨ ਉਸਦੀ ਹੋਈ ਮੌਤ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ ਤੇ ਬੀਤੇ ਕੱਲ ਸੋਨੂੰ ਅਰੋੜਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਉਸਦੀ ਲਾਸ਼ ਘਰ ਪੁੱਜ ਗਈ ਸੀ ਪਰ ਮ੍ਰਿਤਕ ਦੇ ਪਿਤਾ ਨੂੰ ਜੇਲ 'ਚੋਂ ਪੈਰੋਲ ਨਾ ਮਿਲ ਸਕਣ ਕਾਰਨ ਉਸਦਾ ਅੰਤਿਮ ਸੰਸਕਾਰ ਨਹੀਂ ਸੀ ਹੋ ਸਕਿਆ। ਅੱਜ ਜਦੋਂ ਪੈਰੋਲ ਮਿਲਣ ਤੋਂ ਬਾਅਦ ਪੁਲਸ ਪਾਰਟੀ ਬਠਿੰਡਾ ਜੇਲ 'ਚੋਂ ਵਿਜੈ ਕੁਮਾਰ ਨੂੰ ਲੈ ਕੇ ਆਉਂਦਿਆਂ ਹੀ ਉਸਨੇ ਆਪਣੇ ਨੌਜਵਾਨ ਲੜਕੇ ਦਾ ਪੁਰਾਣੀ ਰੰਜ਼ਿਸ਼ ਤਹਿਤ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦੇ ਲੜਕੇ ਅਮਰਿੰਦਰ ਸਿੰਘ ਰਾਜੂ ਵਲੋਂ ਵੱਢ ਕੇ ਸੁੱਟਣ ਦੇ ਕਥਿਤ ਦੋਸ਼ ਲਗਾਏ। ਵਿਜੈ ਕੁਮਾਰ ਵਲੋਂ ਇਹ ਐਲਾਨ ਕਰਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਉਦੋਂ ਤਕ ਸੰਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤਕ ਰਾਜੂ ਭਾਗੀਵਾਂਦਰ ਅਤੇ ਸਾਥੀਆਂ 'ਤੇ ਮਾਮਲਾ ਦਰਜ ਨਹੀਂ ਕਰ ਲਿਆ ਜਾਂਦਾ। ਪੁਲਸ ਪਾਰਟੀ ਨੇ ਪਹਿਲਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬਾਅਦ 'ਚ ਬਠਿੰਡਾ ਜੇਲ 'ਚੋਂ ਉਸ ਨੂੰ ਦੋ ਘੰਟਿਆਂ ਦੀ ਪੈਰੋਲ 'ਤੇ ਲੈ ਕੇ ਆਏ ਮੁਲਾਜ਼ਮ ਨੂੰ ਉਸ ਨੂੰ ਵਾਪਸ ਜੇਲ ਲੈ ਜਾਣ ਲਈ ਕਹਿ ਦਿੱਤਾ। ਬਾਪ ਦੇ ਜਾਂਦਿਆਂ ਹੀ ਬਾਕੀ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਟ੍ਰੈਕਟਰ-ਟਰਾਲੀ ਵਿਚ ਪਾ ਕੇ ਰੋਸ ਧਰਨੇ ਲਈ ਲੈ ਜਾਣੀ ਚਾਹੀ ਤਾਂ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇਕੱਤਰ ਪੁਲਸ ਪਾਰਟੀ ਨੇ ਟ੍ਰੈਕਟਰ ਦੀ ਚਾਬੀ ਕੱਢ ਕੇ ਘਰ ਵਾਲਿਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਹੱਦ ਉਦੋਂ ਹੋ ਗਈ ਜਦੋਂ ਮ੍ਰਿਤਕ ਦੇ ਵਾਰਿਸਾਂ ਨੇ ਨੌਜਵਾਨ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ ਕੇ ਧਰਨੇ ਲਈ ਲੈ ਜਾਣਾ ਚਾਹਿਆ ਪ੍ਰੰਤੂ ਪੁਲਸ ਨੇ ਧੱਕੇਸ਼ਾਹੀ ਕਰਦਿਆਂ ਨਾ-ਕੇਵਲ ਪਰਿਵਾਰਕ ਮੈਂਬਰਾਂ ਨਾਲ ਧੱਕਾਮੁੱਕੀ ਕੀਤੀ, ਸਗੋਂ ਨੌਜਵਾਨ ਦੀ ਲਾਸ਼ ਦੀ ਵੀ ਰੱਜ ਕੇ ਬੇ-ਹੁਰਮਤੀ ਕੀਤੀ ਗਈ। ਪੁਲਸ ਦੀ ਉਕਤ ਧੱਕੇਸ਼ਾਹੀ ਤੋਂ ਦੁਖੀ ਪਰਿਵਾਰਿਕ ਮੈਂਬਰਾਂ ਨੇ ਪੁਲਸ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਤੇ ਇਸੇ ਦੌਰਾਨ ਪਰਿਵਾਰ ਦੀਆਂ ਦੋ ਔਰਤਾਂ ਨੇ ਅੰਦਰ ਜਾ ਕੇ ਪੱਖੇ ਨਾਲ ਚੁੰਨੀ ਪਾ ਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੌਕੇ 'ਤੇ ਤਾਇਨਾਤ ਵੱਡੀ ਗਿਣਤੀ ਪੁਲਸ ਨੇ ਨਾਕਾਮ ਬਣਾ ਦਿੱਤਾ। ਆਖਿਰ ਮਾਮਲਾ ਵਧਦਾ ਦੇਖ ਕੇ ਐੱਸ. ਪੀ. (ਐੱਚ) ਭੁਪਿੰਦਰ ਸਿੰਘ ਤੇ ਡਿਊਟੀ ਮੈਜਿਸਟ੍ਰੇਟ ਸੁਭਾਸ਼ ਚੰਦਰ ਖਟਕ ਐੱਸ. ਡੀ. ਐੱਮ. ਰਾਮਪੁਰਾ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੇ ਭਰੋਸੇ ਉਪਰੰਤ ਪਰਿਵਾਰਕ ਮੈਂਬਰ ਤਿਆਰ ਹੋਏ। ਬਾਅਦ ਦੁਪਹਿਰ ਮ੍ਰਿਤਕ ਨੌਜਵਾਨ ਸੋਨੂੰ ਅਰੋੜਾ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨ ਦਰਜ ਕਰ ਲਏ ਗਏ ਪ੍ਰੰਤੂ ਐੱਫ. ਆਈ. ਆਰ. ਦੀ ਕਾਪੀ ਪੁਲਸ ਦੇਣ ਤੋਂ ਆਨਾਕਾਨੀ ਕਰਨ ਲੱਗੀ, ਜਿਸ 'ਤੇ ਪਰਿਵਾਰ ਨੇ ਐੱਫ. ਆਈ. ਆਰ. ਦੀ ਕਾਪੀ ਨਾ ਮਿਲਣ ਤਕ ਸਸਕਾਰ ਨਾ ਕਰਨ ਦਾ ਐਲਾਨ ਕਰ ਦਿੱਤਾ। ਤਲਵੰਡੀ ਸਾਬੋ ਅੰਦਰ ਵੱਡੀ ਗਿਣਤੀ ਵਿਚ ਪੁਲਸ ਦੀ ਤਾਇਨਾਤੀ ਕਾਰਣ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ।
ਪੁਲਸ ਨੇ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰਕੇ ਕੀਤਾ ਗ੍ਰਿਫਤਾਰ
NEXT STORY