ਲੁਧਿਆਣਾ(ਰਿਸ਼ੀ)-6 ਜੂਨ 2017 ਨੂੰ ਧੂਰੀ ਰੇਲਵੇ ਲਾਈਨਾਂ ਤੋਂ ਮਿਲੀ ਈ. ਡਬਲਯੂ. ਐੱਸ. ਕਾਲੋਨੀ ਦੇ ਰਹਿਣ ਵਾਲੇ ਦੀਪਕ ਕੁਮਾਰ (30) ਨੇ ਆਤਮਹੱਤਿਆ ਨਹੀਂ ਕੀਤੀ ਸੀ, ਸਗੋਂ ਉਸ ਦੀ ਹੱਤਿਆ ਕਰ ਕੇ ਗੱਗੂ ਗੈਂਗ ਦੇ 6 ਮੈਂਬਰਾਂ ਵਲੋਂ ਲਾਸ਼ ਲਾਈਨਾਂ 'ਤੇ ਸੁੱਟੀ ਗਈ ਸੀ। ਜੀ. ਆਰ. ਪੀ. ਦੀ ਪੁਲਸ ਨੇ ਭੈਣ ਸੁਨੀਤਾ ਦੇ ਬਿਆਨ 'ਤੇ ਐਕਸੀਡੈਂਟ ਮੰਨ ਕੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਫਾਈਲ ਬੰਦ ਕਰ ਦਿੱਤੀ, ਜਦੋਂਕਿ ਸੀ. ਆਈ. ਏ.-1 ਦੇ ਇੰਸਪੈਕਟਰ ਪ੍ਰੇਮ ਸਿੰਘ ਨੇ ਸਮਝਦਾਰੀ ਦਿਖਾਉਂਦੇ ਹੋਏ ਐੱਮ. ਐੱਲ. ਆਰ. ਦੇ ਆਧਾਰ 'ਤੇ 7 ਮਹੀਨਿਆਂ ਬਾਅਦ ਬਲਾਈਂਡ ਮਰਡਰ ਹੱਲ ਕਰ ਦਿੱਤਾ। ਪੁਲਸ ਨੇ ਕਤਲ ਕਰਨ ਵਾਲੇ ਗੱਗੂ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸ਼ਿਮਲਾਪੁਰੀ 'ਚ ਧਾਰਾ 302, 364, 201, 148, 149 ਦੇ ਤਹਿਤ ਕੇਸ ਦਰਜ ਕੀਤਾ ਹੈ। ਜਦੋਂਕਿ ਸਰਗਣਾ ਆਪਣੇ ਇਕ ਸਾਥੀ ਨਾਲ ਜੇਲ 'ਚ ਬੰਦ ਹੈ, ਜਿਨ੍ਹਾਂ ਨੂੰ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਜਾਵੇਗਾ ਅਤੇ 1 ਮੈਂਬਰ ਫਰਾਰ ਹੈ। ਉਪਰੋਕਤ ਖੁਲਾਸਾ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਅਤੇ ਏ. ਡੀ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਰਛਪਾਲ ਸਿੰਘ ਨਿਵਾਸੀ ਡਾਬਾ, ਗੁਰਬਖਸ਼ ਸਿੰਘ ਨਿਵਾਸੀ ਗਿੱਲ ਰੋਡ, ਅੰਕੁਸ਼ ਕੁਮਾਰ ਨਿਵਾਸੀ ਦਸਮੇਸ਼ ਨਗਰ, ਜੇਲ 'ਚ ਬੰਦ ਸਰਗਨਾ ਗਗਨਦੀਪ ਸਿੰਘ ਅਤੇ ਕਾਲੀ ਅਤੇ ਫਰਾਰ ਦੀ ਪਛਾਣ ਰੋਹਿਤ ਦੇ ਰੂਪ ਵਿਚ ਹੋਈ ਹੈ। ਸਾਰਿਆਂ ਦੀ ਉਮਰ 30 ਤੋਂ 32 ਸਾਲ ਦੇ ਵਿਚਕਾਰ ਹੈ ਅਤੇ ਸਾਰੇ ਨਸ਼ਾ ਕਰਨ ਦੇ ਆਦੀ ਹਨ। ਸਾਰਿਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਲੁੱਟ-ਖੋਹ, ਕਤਲ, ਇਰਾਦਾ ਕਤਲ, ਚੋਰੀ, ਨਸ਼ਾ ਸਮੱਗਲਿੰਗ ਦੇ ਦਰਜਨਾਂ ਕੇਸ ਦਰਜ ਹਨ। ਪੁਲਸ ਨੇ ਇਨ੍ਹਾਂ ਪਾਸੋਂ ਵਾਰਦਾਤ 'ਚ ਪ੍ਰਯੋਗ ਕੀਤੇ 3 ਦਾਤਰ, ਲੋਹੇ ਦੀ ਤਾਰ ਅਤੇ ਇਕ ਸਕੂਟਰ ਬਰਾਮਦ ਕਰ ਲਿਆ ਹੈ, ਜਦੋਂਕਿ 2 ਮੋਟਰਸਾਈਕਲ ਅਜੇ ਬਰਾਮਦ ਕਰਨੇ ਬਾਕੀ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
ਐੱਮ. ਐੱਲ. ਆਰ. ਦੀਆਂ ਸੱਟਾਂ ਨੇ ਕੀਤੀ ਮਦਦ
ਇੰਸਪੈਕਟਰ ਪ੍ਰੇਮ ਅਨੁਸਾਰ ਜਦ ਕੇਸ ਫਾਈਲ ਉਨ੍ਹਾਂ ਕੋਲ ਆਈ ਤਾਂ ਐੱਮ. ਐੱਲ. ਆਰ. ਦੇਖਣ 'ਤੇ ਪਤਾ ਲੱਗਿਆ ਕਿ ਦੀਪਕ ਦੇ ਸਰੀਰ 'ਤੇ 8 ਤੋਂ ਜ਼ਿਆਦਾ ਸੱਟਾਂ ਦੇ ਨਿਸ਼ਾਨ ਸਨ, ਜਿਨ੍ਹਾਂ 'ਚ ਕਈ ਸੱਟਾਂ ਤੇਜ਼ਧਾਰ ਹਥਿਆਰਾਂ ਨਾਲ ਮਾਰੀਆਂ ਗਈਆਂ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਟੀਮ ਦੀ ਮਦਦ ਨਾਲ ਕੁੱਝ ਦਿਨਾਂ ਤੱਕ ਦੀ ਜਾਂਚ ਤੋਂ ਬਾਅਦ ਕੇਸ ਸੁਲਝਾ ਲਿਆ। ਪੁਲਸ ਅਨੁਸਾਰ ਦੋਸ਼ੀ ਇੰਨੇ ਚਲਾਕ ਹਨ ਕਿ ਪੁਲਸ ਨੂੰ ਗੁੰਮਰਾਹ ਕਰਨ ਲਈ ਰੇਲਵੇ ਲਾਈਨਾਂ 'ਤੇ ਲਾਸ਼ ਸੁੱਟ ਗਏ ਸੀ, ਤਾਂ ਕਿ ਮਾਮਲਾ ਆਤਮਹੱਤਿਆ ਦਾ ਲੱਗੇ।
ਸ਼ਰਾਬ ਪੀਣ ਦੇ ਬਹਾਨੇ ਦਾਣਾ ਮੰਡੀ ਬੁਲਾਇਆ
ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਕਾਤਲ ਅਤੇ ਦੀਪਕ ਆਪਸ 'ਚ ਇਕ ਦੂਜੇ ਨੂੰ ਜਾਣਦੇ ਸਨ, ਕਾਤਲਾਂ ਵਲੋਂ ਇਕ ਚੋਰੀ ਕੀਤੀ ਗਈ ਸੀ, ਜਿਸ 'ਚ ਪੁਲਸ ਨੇ ਥਾਣਾ ਸ਼ਿਮਲਾਪੁਰੀ 'ਚ ਕੇਸ ਦਰਜ ਕੀਤਾ ਸੀ ਅਤੇ ਦੀਪਕ ਨੇ ਹੀ ਕਾਤਲਾਂ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ। ਫੜੇ ਜਾਣ ਤੋਂ ਬਾਅਦ ਉਹ ਜੇਲ ਚਲੇ ਗਏ ਅਤੇ ਜ਼ਮਾਨਤ 'ਤੇ ਆ ਕੇ ਦੀਪਕ ਨਾਲ ਰੰਜਿਸ਼ ਰੱਖਣ ਲੱਗ ਪਏ ਅਤੇ ਉਸ ਨੂੰ ਕਤਲ ਕਰਨ ਦੀ ਯੋਜਨਾ ਬਣਾਈ। 5 ਜੂਨ 2017 ਨੂੰ ਸ਼ਾਮ 7.30 ਵਜੇ ਗੁਰਬਖਸ਼ ਨੇ ਫੋਨ ਕਰ ਕੇ ਦੀਪਕ ਨੂੰ ਸ਼ਰਾਬ ਪੀਣ ਲਈ ਦਾਣਾ ਮੰਡੀ ਬੁਲਾਇਆ, ਜਿੱਥੇ ਸਾਰਿਆਂ ਨੇ ਪਹਿਲਾਂ ਸ਼ਰਾਬ ਪੀਤੀ, ਜਿਸ ਦੇ ਬਾਅਦ ਗੈਂਗ ਨੇ ਤੇਜ਼ਧਾਰ ਹਥਿਆਰ ਨਾਲ ਸਿਰ 'ਤੇ ਕਈ ਵਾਰ ਕੀਤੇ ਅਤੇ ਲਹੂ-ਲੁਹਾਨ ਹਾਲਤ 'ਚ ਰੇਲਵੇ ਲਾਈਨਾਂ 'ਤੇ ਬੇਹੋਸ਼ੀ ਦੀ 'ਚ ਸੁੱਟ ਆਏ, ਕਾਤਲ 2 ਮੋਟਰਸਾਈਕਲਾਂ ਅਤੇ 1 ਸਕੂਟਰ 'ਤੇ ਰਾਤ ਦੇ ਹਨੇਰੇ 'ਚ ਦੀਪਕ ਨੂੰ ਲੈ ਕੇ ਗਏ ਸੀ।
ਨਗਰ ਨਿਗਮ ਦੀ ਸਖਤੀ ਮੂਹਰੇ 'ਫਿੱਕਾ' ਪਿਆ ਦੁਕਾਨਦਾਰਾਂ ਦਾ 'ਏਕਾ'
NEXT STORY