ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਮਾਮਲੇ 'ਤੇ ਦੂਜੇ ਦਿਨ ਵੀ ਨਿਗਮ ਨੇ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਪੁਰਾਣੀ ਦਾਣਾ ਮੰਡੀ 'ਚ 9 ਥਾਵਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ 'ਤੇ 'ਬੁਲਡੋਜ਼ਰ' ਚਲਾ ਦਿੱਤਾ। ਹਾਲਾਂਕਿ ਕੁੱਝ ਥਾਵਾਂ 'ਤੇ ਨਿਗਮ ਦੀ ਇਸ ਕਾਰਵਾਈ ਦਾ ਥੋੜ੍ਹਾ ਬਹੁਤਾ ਵਿਰੋਧ ਵੀ ਦੇਖਣ ਨੂੰ ਮਿਲਿਆ ਪਰ ਨਗਰ ਨਿਗਮ ਦੀ ਸਖਤੀ ਮੂਹਰੇ ਦੁਕਾਨਦਾਰਾਂ ਦਾ ਏਕਾ ਅੱਜ ਪੂਰੀ ਤਰ੍ਹਾਂ ਨਾਲ 'ਫਿੱਕਾ' ਪੈ ਗਿਆ। ਲੰਘੀ ਰਾਤ ਤੋਂ ਹੀ ਦੁਕਾਨਦਾਰ ਆਪੋ-ਆਪਣੀਆਂ ਦੁਕਾਨਾਂ ਨੂੰ ਖਾਲੀ ਕਰਨ ਦੇ ਨਾਲ-ਨਾਲ ਦੁਕਾਨਾਂ ਮੂਹਰੇ ਬਣਾਏ ਨਾਜਾਇਜ਼ ਸ਼ੈੱਡਾਂ ਨੂੰ ਆਪਣੇ ਪੱਧਰ 'ਤੇ ਉਤਾਰਦੇ ਨਜ਼ਰ ਆਏ। ਲਗਭਗ 1 ਵਜੇ ਨਿਗਮ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਧਾਵਾ ਬੋਲਿਆ ਗਿਆ ਪਰ ਜ਼ਿਆਦਾਤਰ ਦੁਕਾਨਦਾਰ ਆਪਣੇ ਪੱਧਰ 'ਤੇ ਖੋਖੇ ਖਾਲੀ ਕਰ ਰਹੇ ਹੋਣ ਕਰ ਕੇ ਨਿਗਮ ਦੀ ਟੀਮ ਨੇ ਆਪਣੀ ਕਾਰਵਾਈ ਸ਼ੁਰੂ ਨਹੀਂ ਕੀਤੀ, ਜਿਨ੍ਹਾਂ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦਾ ਯਤਨ ਸ਼ੁਰੂ ਨਹੀਂ ਕੀਤਾ ਗਿਆ, ਉਨ੍ਹਾਂ ਇਮਾਰਤਾਂ ਨੂੰ ਨਿਗਮ ਦੀ ਟੀਮ ਨੇ ਦੇਖਦੇ ਹੀ ਦੇਖਦੇ 'ਢਹਿ-ਢੇਰੀ' ਕਰ ਦਿੱਤਾ। ਇਸੇ ਦੌਰਾਨ ਹੀ ਨਿਗਮ ਵੱਲੋਂ ਪੁਰਾਣੀ ਸਬਜ਼ੀ ਮੰਡੀ 'ਚ ਇਹ ਮੁਨਿਆਦੀ ਵੀ ਵਾਰ-ਵਾਰ ਕਰਵਾਈ ਗਈ ਕਿ ਜੇਕਰ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਿਆਂ ਨੂੰ ਨਾ ਹਟਾਇਆ ਤਾਂ ਹਰ ਹਾਲ 'ਚ ਕਾਰਵਾਈ ਕੀਤੀ ਜਾਵੇਗੀ।
ਨਿਗਮ ਕਮਿਸ਼ਨਰ ਵੱਲੋਂ ਟੀਮ ਨੂੰ ਰੋਕਣ ਵਾਲੇ ਕੌਂਸਲਰਾਂ ਵਿਰੁੱਧ ਕਾਰਵਾਈ ਦੀ ਤਿਆਰੀ
ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜਗਵਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਜਦੋਂ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰਨੀ ਸੀ ਤਾਂ ਉਸ ਸਮੇਂ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਅਤੇ ਵਿਨੇ ਸ਼ਰਮਾ ਨੇ ਨਿਗਮ ਟੀਮ ਨੂੰ ਕਾਰਵਾਈ ਰੋਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਜਾ ਰਿਹਾ ਹੈ।
ਪੂਰਾ ਦਿਨ ਬਾਜ਼ਾਰ 'ਚ ਪੱਸਰੀ ਰਹੀ 'ਚੁੱਪ'
ਇਸ ਮਾਮਲੇ 'ਤੇ ਅੱਜ ਪੂਰਾ ਦਿਨ ਬਾਜ਼ਾਰ 'ਚ 'ਚੁੱਪ' ਪੱਸਰੀ ਰਹੀ। ਸ਼ਹਿਰ ਦੇ ਚਾਰੇ-ਪਾਸੇ 239 ਦੇ ਲਗਭਗ ਲੋਕਾਂ ਦਾ ਰੁਜ਼ਗਾਰ ਇਕਦਮ ਖੁੱਸਣ ਕਰ ਕੇ ਸਾਰੇ ਸ਼ਹਿਰ 'ਚ ਇਨ੍ਹਾਂ ਦੁਕਾਨਦਾਰਾਂ ਦੀਆਂ ਗੱਲਾਂ ਹੀ ਚੱਲਦੀਆਂ ਰਹੀਆਂ। ਦੁਕਾਨਦਾਰ ਸੋਨੂੰ ਦਾ ਕਹਿਣਾ ਸੀ ਕਿ ਹੁਣ ਰੁਜ਼ਗਾਰ ਮੁੜ ਚੱਲਣ ਦਾ ਉਨ੍ਹਾਂ ਨੂੰ ਭਰੋਸਾ ਨਹੀਂ ਹੈ।
ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਲਾਟਰੀ ਸਟਾਲਾਂ ਦੇ ਜ਼ਰੀਏ ਪਹੁੰਚ ਰਹੀ ਨੇਤਾਵਾਂ ਤੇ ਪੁਲਸ ਵਾਲਿਆਂ ਦੀ ਜੇਬ 'ਚ
NEXT STORY