ਜਲੰਧਰ, (ਮਹੇਸ਼)- ਕਮਿਸ਼ਨਰੇਟ ਪੁਲਸ ’ਚ ਅਪਰਾਧ ਕਿਵੇਂ ਵਧ ਰਿਹਾ ਹੈ, ਇਸਦਾ ਅੰਦਾਜਾ ਥਾਣਾ ਸਦਰ ਦੇ ਖੇਤਰ ਵਿਚ ਪਿਛਲੇ 7 ਦਿਨਾਂ ਵਿਚ ਹੋਏ 2 ਕਤਲ ਤੋਂ ਲਾਇਆ ਜਾ ਸਕਦਾ ਹੈ। ਪਹਿਲਾ ਕਤਲ 13 ਜੁਲਾਈ ਨੂੰ ਜੰਡਿਆਲਾ ਮੰਜਕੀ ਵਿਚ ਸੁਖਪ੍ਰੀਤ ਸਿੰਘ ਉਰਫ ਸੁੱਚਾ (27) ਪੁੱਤਰ ਕੰਵਰ ਸਿੰਘ ਵਾਸੀ ਪੱਤੀ ਰਾਮ ਦੀ ਜੰਡਿਆਲਾ ਦਾ ਕੀਤਾ ਗਿਆ ਸੀ, ਜਿਸ ਨੂੰ ਹੁਣ ਥਾਣਾ ਸਦਰ ਦੀ ਪੁਲਸ ਨੇ ਟਰੇਸ ਕੀਤਾ ਸੀ ਕਿ 19 ਜੁਲਾਈ ਦੀ ਦੇਰ ਰਾਤ ਨੂੰ ਜੰਡਿਆਲਾ ਮੰਜਕੀ ਦੇ ਹੀ ਨੇੜੇ ਪੈਂਦੇ ਪਿੰਡ ਰਾਏਪੁਰ ਪ੍ਰੌਹਲਾ ਵਿਚ ਕਿਸਾਨ ਪਲਵਿੰਦਰ ਸਿੰਘ ਦੇ 26 ਸਾਲ ਦੇ ਬੇਟੇ ਜਸਵੀਰ ਸਿੰਘ ਜੱਸੀ ਦਾ ਕਤਲ ਕਰ ਦਿੱਤਾ ਜੋ ਕਿ ਹੁਣ ਪੁਲਸ ਟਰੇਸ ਨਹੀਂ ਕਰ ਸਕੀ ਹੈ।
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਬਿਮਲਕਾਂਤ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ’ਤੇ ਫਰਾਰ ਹੋਏ ਮੁਲਜ਼ਮ ਰਾਜਵਿੰਦਰ ਸਿੰਘ ਟੋਨਾ ਵਾਸੀ ਰਾਏਪੁਰ ਪ੍ਰੌਹਲਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਭਾਲ ਵਿਚ ਪੁਲਸ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਅਾਂ ਹਨ। ਉਕਤ ਦੋਵੇਂ ਪਿੰਡ ਜਲੰਧਰ ਕੈਂਟ ਹਲਕੇ ਦੇ ਅਧੀਨ ਆਉਂਦੇ ਹਨ। ਇਕ ਹਫਤੇ ਵਿਚ 2 ਨੌਜਵਾਨਾਂ ਦੀ ਹੋਈ ਹੱਤਿਆ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉਹ ਇਸ ਗੱਲ ਨੂੰ ਲੈ ਕੇ ਸਹਿਮੇ ਹੋਏ ਹਨ ਕਿ ਖਤਰਨਾਕ ਮੁਲਜ਼ਮ ਕਿਸੇ ਵੀ ਸਮੇਂ ਜਾਨ ਦੇ ਦੁਸ਼ਮਣ ਬਣ ਸਕਦੇ ਹਨ।

ਪੋਸਟਮਾਰਟਮ ਦੌਰਾਨ ਜੱਸੀ ਦੀ ਗਰਦਨ ਤੋਂ ਨਿਕਲਿਆ ਅੱਧਾ ਚਾਕੂ
ਕਤਲ ਕੀਤੇ ਗਏ ਜਸਵੀਰ ਸਿੰਘ ਜੱਸੀ ਦਾ ਅੱਜ ਥਾਣਾ ਸਦਰ ਦੀ ਪੁਲਸ ਨੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ, ਜਿਸ ਦੌਰਾਨ ਜੱਸੀ ਦੀ ਗਰਦਨ ਤੋਂ ਅੱਧਾ ਚਾਕੂ ਬਰਾਮਦ ਹੋਇਆ। ਬੇਰਹਿਮੀ ਨਾਲ ਉਸ ਦਾ ਕਤਲ ਕਰਨ ਵਾਲੇ ਟੋਨਾ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਸਮੇਂ ਅੱਧਾ ਚਾਕੂ ਉਸ ਦੀ ਗਰਦਨ ਵਿਚ ਰਹਿਣ ਦਿੱਤਾ ਅਤੇ ਬਾਕੀ ਦਾ ਅੱਧਾ ਹਿੱਸਾ ਲੈ ਕੇ ਉਹ ਫਰਾਰ ਹੋ ਗਿਆ। ਐੱਸ. ਐੱਚ. ਓ. ਬਿਮਲਕਾਂਤ ਨੇ ਦੱਸਿਆ ਕਿ ਜੱਸੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਕਦੇ ਜੱਸੀ ਨੇ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ ਸੀ
ਮ੍ਰਿਤਕ ਜਸਵੀਰ ਸਿੰਘ ਜੱਸੀ ਦੇ ਪਿਤਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਕੀਤਾ ਸੀ। ਉਹ ਖੇਤੀਬਾੜੀ ਵਿਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਸੀ। ਉਨ੍ਹਾਂ ਕਿਹਾ ਕਿ ਟੋਨਾ ਨੇ ਉਸ ਦੀ ਹੱਤਿਆ ਕਰਕੇ ਸਹੀ ਨਹੀਂ ਕੀਤਾ। ਭਗਵਾਨ ਉਸ ਨੂੰ ਬਖਸ਼ੇਗਾ ਨਹੀਂ। ਉਸ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਨੇ ਉਸ ਦੇ ਜਵਾਨ ਬੇਟੇ ਨੂੰ ਪਰਿਵਾਰ ਤੋਂ ਖੋਹ ਲਿਆ ਹੈ।
ਸੁੱਚਾ ਦੇ ਹਤਿਆਰੇ ਅਮਰਜੀਤ ਦੀ ਖੂਨ ਨਾਲ ਲਥਪਥ ਟੀ-ਸ਼ਰਟ ਬਰਾਮਦ
ਜੰਡਿਆਲਾ ਮੰਜਕੀ ਵਿਚ 13 ਜੁਲਾਈ ਨੂੰ ਕਤਲ ਕੀਤੇ ਗਏ ਸੁਖਪ੍ਰੀਤ ਸਿੰਘ ਸੁੱਚਾ ਦੇ ਹਥਿਆਰੇ ਅਮਰਜੀਤ ਦੀ ਖੂਨ ਨਾਲ ਲਥਪਥ ਟੀ-ਸ਼ਰਟ ਅੱਜ ਸਦਰ ਪੁਲਸ ਨੇ ਜਮਸ਼ੇਰ ਡੇਅਰੀਆਂ ਤੋਂ ਗੰਦੇ ਨਾਲੇ ਨੂੰ ਜਾਂਦੇ ਰਾਹ ਤੋਂ ਬਰਾਮਦ ਕਰ ਲਈ ਹੈ। ਜੋ ਕਿ ਉਸਨੇ ਸੱਚਾ ਦੀ ਹੱਤਿਆ ਕਰਨ ਦੇ ਸਮੇਂ ਵਰਤੋਂ ਕੀਤੀ ਸੀ। ਪੁਲਸ ਮੁਤਾਬਕ ਮੁਲਜ਼ਮਾਂ ਨੇ ਆਪਣੇ ਹੋਰ ਕੱਪੜਿਆਂ ਨੂੰ ਪਿੰਡ ਅਲੀਪੁਰ ਵਿਚ ਜਾ ਕੇ ਅੱਗ ਲਗਾ ਦਿੱਤੀ ਸੀ।
ਅਮਰਜੀਤ ਤੇ ਪਵਨੀ ਦਾ ਪੁਲਸ ਰਿਮਾਂਡ ਖਤਮ
ਸੁੱਚਾ ਦੀ ਹੱਤਿਆ ਕਰਨ ਵਾਲੇ ਅਮਰਜੀਤ ਪੁੱਤਰ ਧਰਮ ਪਾਲ, ਪਵਨ ਕੁਮਾਰ ਪਵਨੀ ਪੁੱਤਰ ਬਲਬੀਰ ਚੰਦ ਦਾ ਅੱਜ 3 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਦੋਵਾਂ ਦਾ ਹੋਰ ਪੁਲਸ ਰਿਮਾਂਡ ਨਾ ਦਿੰਦੇ ਹੋਏ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਅਮਰਜੀਤ ਤੇ ਪਵਨੀ ਦੇ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਸੁੱਚਾ ਦੇ ਪਿਤਾ ਕੰਵਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਕਾਂਗੜਾ (ਹਿਮਾਚਲ ਪ੍ਰਦੇਸ਼) ਤੋਂ ਕਾਬੂ ਕਰ ਲਿਆ ਸੀ।
ਸੂਬੇ 'ਚ ਨਿਰਮਾਣ ਕਾਮਿਆਂ ਨੂੰ ਜਾਨਲੇਵਾ ਬੀਮਾਰੀਆਂ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਰੁਪਏ ਕਰਨ ਦਾ ਐਲਾਨ
NEXT STORY