ਗਿੱਦੜਬਾਹਾ (ਰਿਣੀ) - ਪੰਜਾਬ ਦੇ ਗਿੱਦੜਬਾਹਾ ਹਲਕੇ ’ਚ ਮੁਸਲਿਮ ਨੌਜਵਾਨ ਨੇ ਉਸ ਸਮੇਂ ਸਰਦਾਰਾਂ ਦਾ ਦਿਲ ਜਿੱਤ ਲਿਆ, ਜਦੋਂ ਉਸ ਨੇ ਸਿਰ ਦਾ ਤਾਜ ਦਸਤਾਰ ਬੰਨ੍ਹ ਕੇ ਆਪਣਾ ਵਿਆਹ ਕਰਵਾਇਆ। ਮੁਸਲਿਮ ਮੁੰਡੇ ਵਲੋਂ ਸਜਾਈ ਗਈ ਦਸਤਾਰ ਦੀ ਹਰ ਧਰਮ ਦੇ ਲੋਕਾਂ ਵਲੋਂ ਤਾਰੀਫ ਕੀਤੀ ਗਈ। ਇਸ ਵਿਸ਼ੇਸ਼ ਮੌਕੇ ’ਤੇ ਨਿਕਾਹ ਕਰਵਾ ਰਹੇ ਮੁੰਡੇ ਦੇ ਨਾਲ-ਨਾਲ ਉਸ ਦੇ ਮੁਸਲਿਮ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਵੀ ਦਸਤਾਰ ਸਜਾਈ ਗਈ। ਜਾਣਕਾਰੀ ਅਨੁਸਾਰ ਅਬਦੁਲ ਹੁਸੈਨ ਪੁੱਤਰ ਜਨਾਬ ਸ਼ੌਕਤ ਅਲੀ ਪਿੰਡ ਪੰਜੋਲੀ ਫਤਿਹਗੜ੍ਹ ਤੋਂ ਗਿੱਦੜਬਾਹਾ ਦੀ ਮੁਸਲਿਮ ਪਰਿਵਾਰ ਦੀ ਕੁੜੀ ਸ਼ਹਿਨਾਜ਼ ਪੁੱਤਰੀ ਸਲੀਮ ਖਾਨ ਨਾਲ ਨਿਕਾਹ ਕਰਵਾਉਣ ਆਇਆ ਸੀ। ਨਿਕਾਹ ਦੇ ਸਮੇਂ ਸਭ ਤੋਂ ਸਕੂਨ ਦੇਣ ਵਾਲੀ ਗੱਲ ਇਹ ਦੇਖਣ ਨੂੰ ਮਿਲੀ ਕਿ ਜੋ ਮੁਸਲਿਮ ਪਰਿਵਾਰ ਗਿੱਦੜਬਾਹਾ ਵਿਚ ਕੁੜੀ ਨੂੰ ਵਿਆਹੁਣ ਆਇਆ ਹੋਇਆ ਸੀ, ਉਸ ’ਚ ਲਾੜੇ ਸਣੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਰੱਖਣ ਵਾਲੇ ਸਾਰੇ ਲੋਕਾਂ ਨੇ ਆਪਣੇ ਸਿਰ ’ਤੇ ਦਸਤਾਰ ਬੰਨੀ ਹੋਈ ਸੀ। ਦਸਤਾਰ ਬੰਨ੍ਹੀ ਦੇਖ ਮੌਕੇ ’ਤੇ ਮੌਜੂਦ ਸਾਰੇ ਧਰਮਾਂ ਦੇ ਲੋਕਾਂ ਵਲੋਂ ਉਕਤ ਭਾਈਚਾਰੇ ਦੀ ਬਹੁਤ ਤਾਰੀਫ ਕੀਤੀ ਗਈ।
ਨਿਕਾਹ ਦੇ ਸਮੇਂ ਜਦੋਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਵਿਚ ਕੁਝ ਦਿਨਾਂ ਤੋਂ ਫਿਰਕਾਪ੍ਰਸਤ ਦੰਗੇ ਹੋ ਰਹੇ ਹਨ, ਉੱਥੇ ਹੀ ਇਸ ਪਰਿਵਾਰ ਦੇ ਲੋਕਾਂ ਨੇ ਦਸਤਾਰ ਬੰਨ੍ਹ ਕੇ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ, ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਇਸ ਮੌਕੇ ਵੱਖ-ਵੱਖ ਲੋਕਾਂ ਜਿਵੇਂ ਕਿ ਜਥੇਦਾਰ ਹਰਵਿੰਦਰ ਸਿੰਘ ਕਾਕਾ, ਐਡਵੋਕੇਟ ਗੋਪਾਲ ਬਾਘਲਾ ਮੁਸਲਿਮ ਗੁਰੂ ਮੁਹੰਮਦ ਆਜ਼ਮ ਕਾਜ਼ਮੀ ਮੁੰਡੇ ਦੇ ਪਿਤਾ ਜਨਾਬ ਸ਼ੌਕਤ ਅਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵਿਆਹ ਨੂੰ ਭਾਈਚਾਰਕ ਸੰਦੇਸ਼ ਦੇਣ ਵਾਲਾ ਵਿਆਹ ਦੱਸਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਧਰਮ ਲੜਾਈ-ਝਗੜਾ, ਫਿਰਕਾਪ੍ਰਸਤ ਕਿਸੇ ਵੀ ਧਰਮ ਨੂੰ ਗ਼ਲਤ ਕਰਨ ਲਈ ਨਹੀਂ ਕਹਿੰਦਾ ਪਰ ਕੁਝ ਸ਼ਰਾਰਤੀ ਅਨਸਰ ਧਰਮ ਦੇ ਨਾਂ ’ਤੇ ਅਜਿਹੇ ਦੰਗੇ ਕਰ ਦਿੰਦੇ ਹਨ, ਜਿਸ ਨਾਲ ਮਾਹੌਲ ਖਰਾਬ ਗੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਬਰਾਬਰ ਹਨ। ਸਾਨੂੰ ਸਾਰੀਆਂ ਨੂੰ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਨਿਕਾਹ ’ਚ ਪੁੱਜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਨਵੇਂ ਵਿਆਹੇ ਜੋੜੇ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਤਰ੍ਹਾਂ ਦੀ ਭਾਈਚਾਰਕ ਸਾਂਝ ਦਿਖਾਉਣ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਗੜ੍ਹੇਮਾਰੀ ਨੇ ਕੀਤਾ ਫਸਲ ਦਾ ਨੁਕਸਾਨ
NEXT STORY