ਨਾਭਾ (ਜੈਨ): ਰਿਆਸਤੀ ਨਗਰੀ 2019 ਵਿਚ ਲੁੱਟਾਂ-ਖੋਹਾਂ ਤੇ ਕਤਲ/ਅਗਵਾ ਕਾਂਡ ਦੀਆਂ ਵਾਰਦਾਤਾਂ ਕਾਰਨ ਸੁਰਖੀਆਂ ਵਿਚ ਰਹੀ। ਅੱਧੀ ਦਰਜਨ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲੇ ਦਰਜ ਹੋਏ, ਜਿਨ੍ਹਾਂ ਵਿਚ ਇਕ 12 ਸਾਲਾਂ ਬੇਟੀ ਨਾਲ ਪਿਓ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਵਧੇਰੇ ਚਰਚਾ ਵਿਚ ਰਿਹਾ। ਡੇਂਗੂ ਨਾਲ ਦੋ ਅਧਿਆਪਕਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋਈ, ਜੋ ਕਿ ਪੰਜਾਬ ਵਿਚ ਇਸ ਸਾਲ ਰਿਕਾਰਡ ਰਿਹਾ। ਖੱਟੀਆਂ-ਮਿੱਠੀਆਂ ਯਾਦਾਂ ਕਾਰਨ ਨਾਭਾ ਵਿਵਾਦਾਂ ਵਿਚ ਰਿਹਾ।
ਨਾਭਾ ਦੀ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ ਅਤੇ ਨਵੀਂ ਜੇਲ ਵਿਚੋਂ ਇਸ ਸਾਲ 52 ਮੋਬਾਈਲ ਮਿਲੇ, ਜੋ ਕਿ ਪੰਜਾਬ ਦੀਆਂ ਜੇਲਾਂ ਵਿਚੋਂ ਰਿਕਾਰਡ ਹੈ। ਦੋ ਗੈਂਗਸਟਰਾਂ ਦੇ ਵਿਆਹ ਜੇਲ ਵਿਚ ਹੋਏ ਜਦੋਂ ਕਿ ਦੋ ਕੈਦੀਆਂ ਅਤੇ ਹਵਾਲਾਤੀਆਂ ਦੀ ਸ਼ੱਕੀ ਹਾਲਤ ਵਿਚ ਜੇਲ ਵਿਚ ਮੌਤ ਹੋਈ।
ਨਾਭਾ ਦੇ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਨਾਲ 2 ਲੱਖ 67 ਹਜ਼ਾਰ ਰੁਪਏ ਅਤੇ ਇਕ ਸੇਵਾਦਾਰ ਨਾਲ 4 ਲੱਖ 91 ਹਜ਼ਾਰ 969 ਰੁਪਏ ਦੀ ਬੈਂਕ ਖਾਤੇ ਵਿਚ ਠੱਗੀ ਹੋਈ। ਦੋਵੇਂ ਖਾਤੇ ਸਟੇਟ ਬੈਂਕ ਵਿਚ ਸਨ। ਇਸ ਸਾਲ ਸ਼ਹਿਰ ਵਿਚ ਇਕ ਸੇਵਾਮੁਕਤ ਪੁਲਸ ਇੰਸਪੈਕਟਰ ਰਤਨ ਸਿੰਘ ਸਮੇਤ 12 ਵਿਅਕਤੀਆਂ ਦੀ ਆਵਾਰਾ ਪਸ਼ੂਆਂ ਕਾਰਨ ਦਰਦਨਾਕ ਮੌਤਾਂ ਹੋਈਆਂ। ਇਲਾਕੇ ਵਿਚ ਦੋ ਦੋਸਤਾਂ ਸਮੇਤ 18 ਵਿਅਕਤੀ ਸੜਕ ਹਾਦਸਿਆਂ ਵਿਚ ਹਲਾਕ ਹੋ ਗਏ। ਇਕ 10 ਸਾਲਾ ਮਾਸੂਮ ਪ੍ਰਵਾਸੀ ਬੱਚਾ ਅਤੇ ਇਕ ਹੋਰ 8 ਸਾਲਾਂ ਬੱਚਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਏ। ਮਈ 2019 ਦੀਆਂ ਚੋਣਾਂ ਵਿਚ ਸ਼ਹਿਰ ਦੀਆਂ 8 ਕਾਲੋਨੀਆਂ ਦੇ ਸੈਂਕੜੇ ਵੋਟਰਾਂ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਆਗੂਆਂ ਦਾ ਬਾਈਕਾਟ ਕੀਤਾ। ਇਕ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ 17 ਮਾਰਚ ਨੂੰ ਖੁਦਕੁਸ਼ੀ ਕਰ ਲਈ, ਜੋ ਚਰਚਾ ਦਾ ਕੇਂਦਰ ਬਣਿਆ ਰਿਹਾ।
ਲੁਟੇਰਿਆਂ ਨੇ ਵਾਲੀਆਂ, ਮੋਬਾਈਲ ਅਤੇ ਨਗਦੀ ਖੋਹ ਦੀਆਂ 20 ਵਾਰਦਾਤਾਂ ਨੂੰ ਅੰਜਾਮ ਦਿੱਤਾ। ਦੋ ਦਰਜਨ ਤੋਂ ਵੱਧ ਚੋਰੀ ਦੀਆਂ ਘਟਨਾਵਾਂ ਵਾਪਰੀਆਂ। ਇਕੋ ਰਾਤ ਦੋ ਮੈਡੀਕਲ ਸਟੋਰਾਂ ਦੇ ਤਾਲੇ ਤੋੜੇ ਗਏ। ਅੱਧੀ ਦਰਜਨ ਅਗਵਾ ਦੇ ਮਾਮਲੇ ਦਰਜ ਹੋਏ। ਡੇਰਾਪ੍ਰੇਮੀ ਮਹਿੰਦਰਪਾਲ ਬਿੱਟੂ ਦੀ 22 ਜੂਨ ਨੂੰ ਨਾਭਾ ਜੇਲ ਵਿਚ ਹੋਈ ਹੱਤਿਆ ਨੇ ਜੇਲ ਬ੍ਰੇਕ ਕਾਂਡ ਵਾਂਗ ਰਿਆਸਤੀ ਨਗਰੀ ਨੂੰ ਮੀਡੀਆ ਵਿਚ ਚਮਕਾਇਆ। ਹਾਂਗਕਾਂਗ ਅਦਾਲਤ ਦੇ ਫੈਸਲੇ ਦੇ ਬਾਵਜੂਦ ਖਤਰਨਾਕ ਗੈਂਗਸਟਰ ਰੋਮੀ ਨੂੰ ਪੰਜਾਬ ਪੁਲਸ ਭਾਰਤ ਵਾਪਸ ਨਹੀਂ ਲਿਆ ਸਕੀ। ਇਕ ਦਰਜਨ ਤੋਂ ਵੱਧ ਕਤਲ ਹੋਏ। 45 ਸਾਲਾਂ ਦੁਕਾਨਦਾਰ ਗੁਰਮੇਲ ਸਿੰਘ ਤੇ ਇਕ ਵਿਦਿਆਰਥਣ ਸਮੇਤ 10 ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ। ਵਿਵਾਦਾਂ ਵਿਚ ਰਹਿਣ ਦੇ ਬਾਵਜੂਦ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਮਾੜੇ ਅਨਸਰਾਂ ਖਿਲਾਫ ਸਖਤ ਕਦਮ ਨਹੀਂ ਚੁੱਕੇ। ਯੂਥ ਕਾਂਗਰਸੀਆਂ ਦੇ ਦੋ ਧੜਿਆਂ ਦੀ ਆਪਸੀ ਲੜਾਈ ਨੇ ਕਾਂਗਰਸੀ ਖੇਮੇ ਵਿਚ ਨਿਰਾਸ਼ਾ ਪੈਦਾ ਕਰ ਦਿੱਤੀ। ਹੁਣ ਦੇਖਣਾ ਹੈ ਕਿ ਸਾਲ 2020 ਕਿਹੋ ਜਿਹਾ ਰਹਿੰਦਾ ਹੈ।
ਕੈਬਨਿਟ ਮੰਤਰੀ ਰੰਧਾਵਾ ਦੇ ਹੱਕ 'ਚ ਨਿਤਰੇ ਹਲਕੇ ਦੇ ਕਾਂਗਰਸੀ ਆਗੂ
NEXT STORY