ਨਡਾਲਾ (ਜ. ਬ.)— ਕਸਬਾ ਨਡਾਲਾ ਹਲਕਾ ਭੁਲੱਥ ਦਾ ਸੈਂਟਰਲ ਪੁਆਇੰਟ ਹੈ ਪਰ ਕਿਸੇ ਵੀ ਅਣਸੁਖਾਵੀਂ ਘਟਨਾ 'ਤੇ ਤੁਰੰਤ ਕਾਬੂ ਪਾਉਣ ਲਈ ਪੁਲਸ ਚੌਕੀ 'ਚ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਪੁਲਸ ਨਫਰੀ ਵੀ ਬਹੁਤ ਘੱਟ ਹੈ। ਹਲਕੇ 'ਚ ਚਾਰ ਥਾਣੇ ਅਤੇ ਇਕ ਪੁਲਸ ਚੌਕੀ ਹੈ, ਪੁਲਸ ਚੌਕੀ ਵਿਚ ਹਮੇਸ਼ਾ ਹੀ ਮੁਲਾਜ਼ਮਾਂ ਦੀ ਘਾਟ ਰਹਿੰਦੀ ਹੈ, ਨਾ ਹੀ ਕੋਈ ਗੱਡੀ ਹੈ। ਇਸ ਵੇਲੇ ਇਲਾਕੇ 'ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ।
ਕਸਬੇ 'ਚ ਖੱਖਾਂ ਦੇ ਗੁਰਦੁਆਰਾ ਸਾਹਿਬ ਕੋਲ ਚੋਰਾਂ ਨੇ ਦਿਨੇ ਦੁਪਹਿਰੇ ਦਾਖਲ ਹੋ ਕੇ 50 ਹਜ਼ਾਰ ਦੀ ਨਕਦੀ ਚੁਰਾ ਲਈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਦੋ ਘਰਾਂ 'ਚੋਂ ਚੋਰ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਗਏ ਸਨ ਨਡਾਲਾ ਪੁਲਸ ਕੋਲ ਵਾਰਦਾਤ ਦੇ ਮੌਕੇ 'ਤੇ ਪਹੁੰਚਣ ਲਈ ਕੇਵਲ ਇਕ ਹੀ ਪੀ. ਸੀ. ਆਰ. ਵਾਲਾ ਮੋਟਰਸਾਈਕਲ ਹੈ। ਜੇਕਰ ਨਡਾਲਾ ਪੁਲਸ ਕੋਲ ਕੋਈ ਗੱਡੀ ਹੋਵੇ ਤਾਂ ਸੈਂਟਰ 'ਚ ਹੋਣ ਕਰਕੇ ਦੂਜੇ ਥਾਣਿਆਂ ਲਈ ਵੀ ਮਦਦਗਾਰ ਬਣ ਸਕਦੀ ਹੈ। ਇਸ ਸਬੰਧੀ ਕੌਸਲਰਾਂ ਰਾਮ ਸਿੰਘ, ਬਲਰਾਮ ਸਿੰਘ, ਸੰਜੀਵ ਕੁਮਾਰ, ਡਾ. ਸੰਦੀਪ ਕੁਮਾਰ ਪਸਰੀਚਾ, ਇੰਦਰਜੀਤ ਸਿੰਘ ਖੱਖ, ਮਨਜਿੰਦਰ ਸਿੰਘ ਲਾਡੀ ਤੇ ਹਰਜਿੰਦਰ ਸਿੰਘ ਸਾਹੀ ਨੇ ਮੰਗ ਕੀਤੀ ਕਿ ਚੋਰੀਆਂ ਦੀ ਰੋਕਥਾਮ ਲਈ ਪੁਲਸ ਦੀ ਗਸ਼ਤ ਵਧਾਈ ਜਾਵੇ, ਨਡਾਲਾ ਪੁਲਸ ਚੌਕੀ ਲਈ ਗੱਡੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਨੇ ਆਖਿਆ ਕਿ ਨਡਾਲਾ ਚੌਕੀ ਲਈ ਨਵੀਂ ਗੱਡੀ ਲੈਣ ਲਈ ਪ੍ਰਵਾਨਗੀ ਭੇਜੀ ਹੋਈ ਹੈ। ਜਲਦੀ ਕੋਈ ਪ੍ਰਬੰਧ ਕੀਤਾ ਜਾਵੇਗਾ।
ਨਿਗਮ ਚੋਣਾਂ : ਅਗਲੇ ਹਫਤੇ ਫਾਈਨਲ ਹੋਵੇਗੀ ਮਹਾਨਗਰ ਦੀ ਵਾਰਡਬੰਦੀ
NEXT STORY