ਆਏ ਦਿਨ ਮਿਲਾਵਟੀ ਖੁਰਾਕੀ ਅਤੇ ਹੋਰਨਾਂ ਪਦਾਰਥਾਂ ਵਿਚ ਮਿਲਾਵਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਸ਼ਾਇਦ ਹੀ ਅਜਿਹੀ ਕੋਈ ਚੀਜ਼ ਹੋਵੇਗੀ, ਜੋ ਮਿਲਾਵਟ ਤੋਂ ਬਚੀ ਹੋਈ ਹੋਵੇ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਇਹ ਹੇਠਾਂ ਦਰਜ ਪਿੱਛਲੇ ਲੱਗਭਗ 6 ਮਹੀਨਿਆਂ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 2 ਜੂਨ, 2025 ਨੂੰ ‘ਰਾਮਗੜ੍ਹ’ (ਝਾਰਖੰਡ) ਪੁਲਸ ਨੇ ਰਾਂਚੀ ਲਿਜਾਇਆ ਜਾ ਰਿਹਾ 750 ਕਿਲੋ ਨਕਲੀ ਖੋਇਆ, 150 ਕਿਲੋ ਨਕਲੀ ਪਨੀਰ ਅਤੇ 200 ਕਿਲੋ ਘਟੀਆ ਅਤੇ ਦੂਸ਼ਿਤ ਮੁਰੱਬਾ ਜ਼ਬਤ ਕੀਤਾ।
* 17 ਜੂਨ, 2025 ਨੂੰ ‘ਹਜ਼ਾਰੀ ਬਾਗ’ (ਝਾਰਖੰਡ) ਵਿਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ 4 ਹਜ਼ਾਰ ਕਿੱਲੋ ਨਕਲੀ ਪਨੀਰ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਵਾਇਆ।
* 25 ਜੁਲਾਈ, 2025 ਨੂੰ ਜੰਮੂ ਵਿਚ ਖੁਰਾਕ ਸੁਰੱਖਿਆ ਵਿਭਾਗ ਨੇ 800 ਕਿੱਲੋ ਨਕਲੀ ਪਨੀਰ ਜ਼ਬਤ ਕੀਤਾ, ਜਿਸ ਨੂੰ ਸਰੀਰ ਦੇ ਲਈ ਜ਼ਹਿਰ ਬਰਾਬਰ ਸਿੰਥੈਟਿਕ ਕੈਮੀਕਲ ਅਤੇ ਸਟਾਰਚ ਡਿਟਰਜੈਂਟ, ਯੂਰੀਆ, ਅਸ਼ੁੱਧ ਪਾਮ ਤੇਲ ਅਤੇ ਬਨਸਪਤੀ ਘਿਓ ਦੀ ਵਰਤੋਂ ਕਰ ਕੇ ਬਣਾਇਆ ਜਾ ਰਿਹਾ ਸੀ।
ਇਸ ਪਨੀਰ ਨਾਲ ਪਾਚਨ ਤੰਤਰ, ਕਿਡਨੀ ਫੇਲ ਹੋਣ ਸਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਨਾਲ ਲਿਵਰ ਅਤੇ ਕਿਡਨੀ ਨੂੰ ਭਾਰੀ ਨੁਕਸਾਨ ਪਹੁੰਚਣ ਤੋਂ ਇਲਾਵਾ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
* 10 ਅਕਤੂਬਰ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਵਿਚ ਖੁਰਾਕ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇ ਮਾਰ ਕੇ ਲੱਗਭਗ 14 ਹਜ਼ਾਰ ਕਿੱਲੋ ਘਟੀਆ ਅਤੇ ਮਿਲਾਵਟੀ ਖੁਰਾਕ ਸਮੱਗਰੀ ਤੋਂ ਇਲਾਵਾ 8 ਕੁਇੰਟਲ ਖੋਇਆ ਅਤੇ ਘਟੀਆ ਪਨੀਰ ਨਸ਼ਟ ਕਰਵਾਇਆ।
* 12 ਅਕਤੂਬਰ, 2025 ਨੂੰ ‘ਕੱਛ’ (ਗੁਜਰਾਤ) ਪੁਲਸ ਨੇ ਛਾਪੇਮਾਰੀ ਦੌਰਾਨ ਇਕ ਪ੍ਰਸਿੱਧ ਕੰਪਨੀ ਦੇ ਨਾਂ ਵਾਲੀ ਨਕਲੀ ਟੁੱਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਭੰਨ ਕੇ 9 ਲੱਖ ਰੁਪਏ ਮੁੱਲ ਦੀ ਸਿਹਤ ਦੇ ਲਈ ਅਤਿਅੰਤ ਨੁਕਸਾਨਦੇਹ ਨਕਲੀ ਟੁੱਥਪੇਸਟ ਜ਼ਬਤ ਕੀਤੀ।
* 16 ਨਵੰਬਰ, 2025, ‘ਇੰਦੌਰ’ (ਮੱਧ ਪ੍ਰਦੇਸ਼) ਵਿਚ ਅਧਿਕਾਰੀਆਂ ਨੇ ਇਕ ਕਰਿਆਨਾ ਵਪਾਰੀ ਦੇ ਗੋਦਾਮ ਵਿਚ ਛਾਪਾ ਮਾਰ ਕੇ ਹਾਨੀਕਾਰਕ ਹਰਾ ਰੰਗ ਮਿਲਾ ਕੇ ਤਿਆਰ ਕੀਤੀ ਗਈ 9 ਕੁਇੰਟਲ ਸੌਂਫ ਅਤੇ 4 ਕੁਇੰਟਲ ਖਸਖਸ ਜ਼ਬਤ ਕਰ ਕੇ ਗੋਦਾਮ ਨੂੰ ਸੀਲ ਕਰ ਦਿੱਤਾ। ਮਿਲਾਵਟੀ ਸੌਂਫ ਦੇ ਸੇਵਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਦੇ ਇਲਾਵਾ ਅੈਲਰਜੀ ਅਤੇ ਲਿਵਰ ਨੂੰ ਨੁਕਸਾਨ ਹੁੰਦਾ ਹੈ।
* 14 ਦਸੰਬਰ, 2025 ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ਵਿਚ ਇਕ ਪ੍ਰਸਿੱਧ ਕੰਪਨੀ ਦੀ 2.30 ਕਰੋੜ ਮੁੱਲ ਦੀਆਂ ਚਮੜੀ ਰੋਗਾਂ ਸਬੰਧੀ ਨਕਲੀ ਦਵਾਈਆਂ ਬਰਾਮਦ ਕਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
* 18 ਦਸੰਬਰ, 2025 ਨੂੰ ਖੁਰਾਕ ਵਿਭਾਗ ਨੇ ‘ਗੋਰਖਪੁਰ’ (ਉੱਤਰ ਪ੍ਰਦੇਸ਼) ਵਿਚ ਇਕ ਗੋਦਾਮ ’ਤੇ ਛਾਪਾ ਮਾਰ ਕੇ 750 ਬੋਰੀ ਭੁੰਨੇ ਹੋਏ ਛੋਲੇ ਜ਼ਬਤ ਕੀਤੇ, ਜਿਨ੍ਹਾਂ ਨੂੰ ਆਕਰਸ਼ਕ ਅਤੇ ਪੀਲਾ ਦਿਖਾਉਣ ਲਈ ਕੱਪੜੇ ਰੰਗਣ ਦੇ ਕੰਮ ਆਉਣ ਵਾਲੀ ‘ਸਿੰਥੈਟਿਕ ਯੈਲੋ ਡਾਈ’ ਦੀ ਵਰਤੋਂ ਕੀਤੀ ਗਈ ਸੀ। ਇਹ ਕੈਮੀਕਲ ਕੈਂਸਰ ਦਾ ਖਤਰਾ ਵਧਾਉਣ ਤੋਂ ਇਲਾਵਾ ਲਿਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ।
* ਅਤੇ ਹੁਣ 23 ਦਸੰਬਰ, 2025 ਨੂੰ ‘ਦਿੱਲੀ’ ਪੁਲਸ ਨੇ ਨਕਲੀ ਖੁਰਾਕੀ ਪਦਾਰਥ ਬਣਾਉਣ ਅਤੇ ਵੇਚਣ ਵਾਲੇ ਵੱਡੇ ਗਿਰੋਹ ’ਤੇ ਛਾਪਾ ਮਾਰ ਕੇ ਲੱਗਭਗ 14 ਹਜ਼ਾਰ ਲਿਟਰ ਨਕਲੀ ਕੋਲਡ ਡ੍ਰਿੰਕ, ‘ਐਕਸਪਾਇਰਡ’ ਚਾਕਲੇਟ ਅਤੇ ਬੇਬੀ ਫੂਡ ਆਦਿ ਜ਼ਬਤ ਕੀਤੇ। ਇਹ ਐਕਸਪਾਇਰਡ ਕੋਲਡ ਡ੍ਰਿੰਕ ’ਤੇ ਹਾਈਟੈਕ ਮਸ਼ੀਨਾਂ ਨਾਲ ਪੁਰਾਣੀ ਤਰੀਕ ਮਿਟਾ ਕੇ ਨਵੀਂ ਤਰੀਕ ਛਾਪੀ ਜਾ ਰਹੀ ਸੀ ਅਤੇ ਫਰਜ਼ੀ ਬਾਰਕੋਡ ਸਟਿੱਕਰ ਚਿਪਾ ਕੇ ਇਸ ਨੂੁੰ ਅਸਲੀ ਰੂਪ ਦਿੱਤਾ ਜਾ ਰਿਹਾ ਸੀ।
ਅਜਿਹੀਆਂ ਖਰਾਬ ਚੀਜ਼ਾਂ ਨਾਲ ਐਲਰਜੀ, ਪੇਟ ਦੀਆਂ ਬੀਮਾਰੀਆਂ ਆਦਿ ਰੋਗ ਹੋ ਸਕਦੇ ਹਨ। ਇਸ ਸਿਲਸਿਲੇ ਵਿਚ ਪੁਲਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਿਲਾਵਟੀ ਖੁਰਾਕ ਪਦਾਰਥਾਂ ਨਾਲ ਕਿਸੇ ਦਾ ਜੀਵਨ ਖਤਰੇ ਵਿਚ ਪਾਉਣਾ ਕਿਸੇ ਦੀ ਹੱਤਿਆ ਕਰਨ ਤੋਂ ਘੱਟ ਗੰਭੀਰ ਅਪਰਾਧ ਨਹੀਂ ਹੈ ਪਰ ਦੇਸ਼ ਵਿਚ ਮਿਲਾਵਟ ਨੂੰ ਲੈ ਕੇ ਕਾਨੂੰਨ ਸਖ਼ਤ ਨਾ ਹੋਣ ਦੇ ਕਾਰਨ ਅਪਰਾਧੀ ਜ਼ਮਾਨਤ ’ਤੇ ਬਾਹਰ ਆ ਕੇ ਦੁਬਾਰਾ ਮਿਲਾਵਟ ਦਾ ਧੰਦਾ ਸ਼ੁਰੂ ਕਰ ਦਿੰਦੇ ਹਨ।
ਅਜਿਹੇ ਵਿਚ ਸਭ ਤੋਂ ਪਹਿਲਾਂ ਕਾਨੂੰਨਾਂ ਵਿਚ ਸੋਧ ਕਰ ਕੇ ਇਨ੍ਹਾਂ ਨੂੰ ਸਖ਼ਤ ਬਣਾਉਣਾ ਚਾਹੀਦਾ ਅਤੇ ਅਜਿਹਾ ਘਿਨੌਣਾ ਅਪਰਾਧ ਕਰਨ ਵਾਲਿਆਂ ਵਿਰੁੱਧ ਫਾਸਟ ਟ੍ਰੈਕ ਅਦਾਲਤਾਂ ਵਿਚ ਸੁਣਵਾਈ ਕਰ ਕੇ ਮੌਤ ਦੀ ਸਜ਼ਾ ਵਰਗੀ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਮਿਲਾਵਟ ਦੇ ਇਸ ਧੰਦੇ ’ਤੇ ਲਗਾਮ ਲੱਗ ਸਕੇ ਅਤੇ ਦੂਜਿਆਂ ਨੂੰ ਨਸੀਹਤ ਮਿਲੇ।
-ਵਿਜੇ ਕੁਮਾਰ
ਦੂਸ਼ਿਤ ਪਾਣੀ ਅਤੇ ਸਿਆਸਤ ਦੇ ‘ਘੰਟੇ’ ਨਾਲ ਨਜਿੱਠਣ ਦਾ ਸਮਾਂ
NEXT STORY