ਲੁਧਿਆਣਾ (ਹਿਤੇਸ਼)- ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਜ਼ੋਨ-ਏ ਦੀ ਇਮਾਰਤ ਅਣਸੁਰੱਖਿਅਤ ਹੋ ਗਈ, ਜਿਸ ਦਾ ਸਬੂਤ ਮੇਨ ਰੋਡ ਤੋਂ ਗੁਜ਼ਰ ਰਹੀ ਸੀਵਰੇਜ ਦੀ ਲਾਈਨ ਵਿਚ ਲੀਕੇਜ ਹੋਣ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਕਾਰਨ ਬੇਸਮੈਂਟ ਵਿਚ ਕਾਫੀ ਜ਼ਿਆਦਾ ਪਾਣੀ ਭਰ ਗਿਆ ਹੈ ਅਤੇ ਨਗਰ ਨਿਗਮ ਦੇ ਮੇਨ ਆਫਿਸ ’ਤੇ ਹੀ ਕੋਈ ਹਾਦਸਾ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
ਇਸ ਦਹਾਕਿਆਂ ਪੁਰਾਣੀ ਬਿਲਡਿੰਗ ਵਿਚ ਮੇਅਰ-ਕਮਿਸ਼ਨਰ, ਪ੍ਰਾਪਰਟੀ ਟੈਕਸ, ਹੈਲਥ ਸ਼ਾਖਾ, ਅਕਾਊਂਟ ਬ੍ਰਾਂਚ ਦੇ ਅਫਸਰ ਬੈਠਦੇ ਹਨ ਪਰ ਇਸ ਇਮਾਰਤ ਦੀ ਸੇਫਟੀ ਨੂੰ ਲੈ ਕੇ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਦੇ ਅਫਸਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ।
ਕਿਤੇ ਰਿਕਾਰਡ ਨੂੰ ਖਤਮ ਕਰਨ ਦੀ ਸਾਜ਼ਿਸ਼ ਤਾਂ ਨਹੀਂ?
ਸੀਵਰੇਜ ਲਾਈਨ ਵਿਚ ਲੀਕੇਜ ਕਾਰਨ ਬੇਸਮੈਂਟ ਵਿਚ ਪਾਣੀ ਭਰਨ ਤੋਂ ਬਾਅਦ ਨਗਰ ਨਿਗਮ ਦਾ ਕਾਫੀ ਰਿਕਾਰਡ ਖਰਾਬ ਹੋ ਗਿਆ ਹੈ, ਜਿਸ ਵਿਚ ਮੁੱਖ ਤੌਰ ’ਤੇ ਪ੍ਰਾਪਰਟੀ ਟੈਕਸ ਅਤੇ ਇਮਾਰਤੀ ਸ਼ਾਖਾ ਦੀ ਰਸੀਦ ਬੁੱਕ ਸ਼ਾਮਲ ਹੈ। ਚਰਚਾ ਛਿੜ ਗਈ ਹੈ ਕਿ ਕਿਤੇ ਰਿਕਾਰਡ ਨੂੰ ਖਤਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ, ਕਿਉਂਕਿ ਪਾਣੀ ਭਰਨ ਤੋਂ 3 ਦਿਨ ਬਾਅਦ ਇਸ ਜਗ੍ਹਾ ਤੋਂ ਨਾ ਤਾਂ ਰਿਕਾਰਡ ਹਟਾਇਆ ਗਿਆ ਅਤੇ ਨਾ ਹੀ ਰਿਪੇਅਰ ਸ਼ੁਰੂ ਕੀਤੀ ਗਈ, ਜਿਸ ਦੇ ਲਈ ਰਿਕਾਰਡ ਰੂਮ ਦੇ ਸਟਾਫ ਵਲੋਂ ਵੋਟਰ ਲਿਸਟ ਰਿਵਾਈਜ਼ ਕਰਨ ਦੇ ਸਰਵੇ ਵਿਚ ਡਿਊਟੀ ਲੱਗੀ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੱਲੋਂ ਨਗਰ ਨਿਗਮ ਜ਼ੋਨ-ਏ ਆਫਿਸ ਦੀ ਬੇਸਮੈਂਟ ਵਿਚ ਪਾਣੀ ਭਰਨ ਦੀ ਸੂਚਨਾ ਮਿਲਣ ’ਤੇ ਸਾਈਟ ਦਾ ਦੌਰਾ ਕੀਤਾ ਗਿਆ, ਜਿਥੇ ਹੋ ਰਹੀ ਸੀਵਰੇਜ ਲਾਈਨ ਦੀ ਲੀਕੇਜ ਦੀ ਰਿਪੇਅਰ ਕਰਨ ਲਈ ਓ. ਐਂਡ ਐੱਮ. ਸੈੱਲ ਦੇ ਸਟਾਫ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਰਿਕਾਰਡ ਖਰਾਬ ਹੋਣ ਦੇ ਮਾਮਲੇ ਵਿਚ ਜੋ ਸਟਾਫ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਉਸ ਨੂੰ ਲੈ ਕੇ ਜ਼ਿੰਮੇਵਾਰੀ ਤੈਅ ਕਰਨ ਲਈ ਕਮਿਸ਼ਨਰ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਗਿਆ ਹੈ।
ਕਾਂਗਰਸ ਇੱਕਜੁਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ : ਬਲਬੀਰ ਸਿੱਧੂ
NEXT STORY