ਜਲੰਧਰ : ਮੈਂ ਪਹਿਲੀ ਵਾਰ ਨਨਕਾਣਾ ਸਾਹਿਬ ਫਰਵਰੀ 2018 ਵਿਚ ਗਈ ਸੀ। ਮੈਨੂੰ ਪੰਜਾਬੀ ਮਾਂ ਬੋਲੀ ਦਿਹਾੜੇ 'ਤੇ ਲਾਹੌਰ ਯੂਨੀਵਰਸਿਟੀ ਨੇ ਮੇਰੀ ਕਿਤਾਬ ਦੀ ਚੱਠ ਕਰਨ ਲਈ ਬੁਲਾਇਆ ਸੀ। ਉਦੋਂ ਲਾਹੌਰ 'ਚ ਸਮਾਗਮ ਤੋਂ ਬਾਅਦ ਮੈਂ ਪਹਿਲਾਂ ਨਨਕਾਣਾ ਸਾਹਿਬ ਤੇ ਫਿਰ ਕਰਤਾਰਪੁਰ ਸਾਹਿਬ ਗਈ ਸੀ। ਕਰਤਾਰਪੁਰ ਸਾਹਿਬ ਜਾ ਕੇ ਇਕ ਵੱਖਰਾ ਅਹਿਸਾਸ ਹੋਇਆ। ਮੈਂ ਉਥੇ ਦੀ ਮਿੱਟੀ ਨੂੰ ਆਪਣੇ ਮੱਥੇ ਲਾਇਆ ਤੇ ਮੇਰੇ ਹੰਝੂ ਨਹੀਂ ਰੁਕ ਰਹੇ ਸਨ। ਉੱਥੇ ਜਾ ਕੇ ਸੱਚੀ ਲਗਦੈ ਕਿ ਬਾਬੇ ਨਾਨਕ ਦੀ ਧਰਤੀ ਹੈ, ਉਥੋਂ ਦੀ ਮਿੱਟੀ ਅਤੇ ਆਬੋਹਵਾ 'ਚ ਗੁਰੂ ਸਾਹਿਬ ਦੀ ਮਹਿਕ ਮਹਿਸੂਸ ਹੁੰਦੀ ਹੈ। ਹੁਣ ਤਾਂ ਬਾਬੇ ਨਾਨਕ ਦੀ ਜ਼ਮੀਨ ਵੀ ਗੁਰਦੁਆਰਾ ਟਰੱਸਟ ਕੋਲ ਹੈ, ਜਿਥੇ ਦੇਸੀ ਖੇਤੀ ਕੀਤੀ ਜਾਂਦੀ ਹੈ ਅਤੇ ਬਾਬੇ ਨਾਨਕ ਦੇ ਖੇਤਾਂ ਵਿਚ ਪੈਦਾ ਕੀਤਾ ਅਨਾਜ-ਸਬਜ਼ੀਆਂ ਹੀ ਲੰਗਰ ਲਈ ਵਰਤੇ ਜਾਂਦੇ ਹਨ। ਲੰਗਰ ਦੌਰਾਨ ਵੀ ਜੋ ਵੇਖਿਆ ਬਿਆਨੋ ਬਾਹਰ ਹੈ, ਮੁਸਲਿਮ ਲਾਂਗਰੀ ਪ੍ਰਸ਼ਾਦੇ ਬਣਾ ਰਿਹਾ ਸੀ, ਈਸਾਈ ਛਕਾ ਰਿਹਾ ਸੀ ਤੇ ਅਸੀਂ ਸਿੱਖ ਬੈਠੇ ਛਕ ਰਹੇ ਸਾਂ।
ਹੁਣ ਲਾਂਘੇ ਦੀਆਂ ਗੱਲਾਂ ਚੱਲੀਆਂ ਹਨ, ਖੁਸ਼ੀ ਵਾਲੀ ਗੱਲ ਹੈ। ਇਮਰਾਨ ਖ਼ਾਨ ਕਹਿ ਰਹੇ ਹਨ ਕਿ ਆਉਂਦੇ ਸਾਲ ਅਸੀਂ ਬਹੁਤ ਸਾਰੀਆਂ ਸਹੂਲਤਾਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਦੇਵਾਂਗੇ ਪਰ ਮੈਂ ਇਮਰਾਨ ਸਾਹਿਬ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਕਰਤਾਰਪੁਰ ਸਾਹਿਬ ਨੂੰ ਜੇਕਰ ਇੰਝ ਕੁਦਰਤੀ ਮਾਹੌਲ 'ਚ ਹੀ ਰਹਿਣ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਨਵੀਨੀਕਰਨ ਕਰਕੇ ਵਿਰਾਸਤਾਂ ਦੀ ਦਿੱਖ ਅਤੇ ਹੋਰ ਵੀ ਬੜਾ ਕੁਝ ਗੁਆਚ ਜਾਂਦਾ ਹੈ। ਹਾਂ ਜੇਕਰ ਤੁਸੀਂ ਸ਼ਰਧਾਲੂਆਂ ਲਈ ਧਰਮਸ਼ਾਲਾ ਜਾਂ ਹੋਰ ਠਾਹਰ ਬਣਾਉਣੀ ਹੈ ਤਾਂ ਬਾਬੇ ਨਾਨਕ ਦੇ ਦਰਬਾਰ ਅਤੇ ਖੇਤਾਂ ਤੋਂ ਦੂਰ ਬਣਾਈ ਜਾਵੇ ਤਾਂ ਜੋ ਇਹ ਅਸਥਾਨ ਇਮਾਰਤਾਂ ਦੀ ਭੀੜ 'ਚ ਨਾ ਘਿਰੇ।
–ਗੁਰਮੀਤ ਕੌਰ, ਲੇਖਕ 'ਫੈਸੀਨੇਟਿੰਗ ਫੋਕਟੇਲ ਆਫ ਪੰਜਾਬ-ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ'
ਇਸ ਪਿੰਡ 'ਚ ਚੁਬਾਰਾ ਪਾਉਣ ਵਾਲਿਆਂ ਦੇ ਘਰ ਆਣ ਡੇਰਾ ਲਾਉਂਦੀ ਹੈ ਮੌਤ !
NEXT STORY