ਜਲੰਧਰ (ਵੈੱਬ ਡੈਸਕ, ਸਲਵਾਨ, ਅਨਿਲ, ਗੁਲਸ਼ਨ, ਦਿਲਬਾਗੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਵਿੱਚ ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਸਮੇਤ 15 ਏਅਰਪੋਰਟਾਂ ਦਾ ਵਰਚੂਅਲ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਸਮੁੱਚੇ ਦੋਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਕਈ ਮੰਤਰੀ ਅਤੇ ਨੇਤਾ ਹਵਾਈ ਅੱਡੇ 'ਤੇ ਪਹੁੰਚੇ। ਇਸ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਰਹੇ। ਉਥੇ ਹੀ ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੱਲੋਂ ਪ੍ਰੋਗਰਾਮ ਦੌਰਾਨ ਸ਼ਿਰਕਤ ਨਹੀਂ ਕੀਤੀ ਗਈ। ਉਥੇ ਹੀ ਪ੍ਰੋਗਰਾਮ ਨੂੰ ਧਿਆਨ ਵਿਚ ਰੱਖਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਉਤਸ਼ਾਹਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਤੋਂ ਵਰਚੁਅਲੀ ਆਦਮਪੁਰ ਹਵਾਈ ਅੱਡੇ ਸਣੇ ਦੇਸ਼ ਭਰ ਦੇ 15 ਹਵਾਈ ਅੱਡਿਆਂ ਦੇ ਨਵੇਂ ਟਰਮੀਨਲ ਭਵਨਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ।

ਪ੍ਰਧਾਨ ਮੰਤਰੀ ਵੱਲੋਂ ਪੁਣੇ, ਕੋਲਹਾਪੁਰ, ਗਵਾਲੀਅਰ, ਜਬਲਪੁਰ, ਦਿੱਲੀ, ਲਖਨਊ, ਅਲੀਗੜ੍ਹ, ਆਜਮਗੜ੍ਹ, ਚਿੱਤਰਕੂਟ, ਮੋਰਾਦਾਬਾਦ, ਸ਼੍ਰੀਵਸਤੀ ਤੇ ਆਦਮਪੁਰ ਹਵਾਈ ਅੱਡਿਆਂ ’ਤੇ 12 ਨਵੇਂ ਟਰਮੀਨਲ ਭਵਨਾਂ ਦਾ ਉਦਘਾਟਨ ਕੀਤਾ ਅਤੇ ਕਡੱਪਾ, ਹੁਬਲੀ ਤੇ ਬੇਲਗਾਵੀ ਹਵਾਈ ਅੱਡਿਆਂ ’ਤੇ 3 ਨਵੇਂ ਟਰਮੀਨਲ ਭਵਨਾਂ ਦੀ ਆਧਾਰਸ਼ਿਲਾ ਰੱਖੀ। ਇਨ੍ਹਾਂ ਟਰਮੀਨਲ ਭਵਨਾਂ ’ਚ ਅਤਿ ਆਧੁਨਿਕ ਯਾਤਰੀ ਸਹੂਲਤਾਂ ਹੋਣਗੀਆਂ। ਇਹ ਡਬਲ ਇੰਸੁਲੇਟਿਡ ਰੂਫਿੰਗ ਸਿਸਟਮ, ਊਰਜਾ ਬੱਚਤ ਲਈ ਕੈਨੋਪੀ ਦੀ ਵਿਵਸਥਾ, ਐੱਲ. ਈ. ਡੀ. ਲਾਈਟਿੰਗ ਵਰਗੀਆਂ ਵੱਖ-ਵੱਖ ਸਹੂਲਤਾਂ ਨਾਲ ਲੈਸ ਹੈ।
ਇਨ੍ਹਾਂ ਹਵਾਈ ਅੱਡਿਆਂ ਨੂੰ ਸਬੰਧਤ ਸੂਬਾ ਅਤੇ ਸ਼ਹਿਰ ਦੀ ਵਿਰਾਸਤ ਨੂੰ ਧਿਆਨ ’ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਹਵਾਈ ਅੱਡੇ ਸਬੰਧਤ ਖੇਤਰ ਦੀ ਸਥਾਨਕ ਸੰਸਕ੍ਰਿਤੀ ਤੇ ਵਿਰਾਸਤ ਨੂੰ ਵੀ ਉਜਾਗਰ ਕਰਨਗੇ। ਆਦਮਪੁਰ ਏਅਰਪੋਰਟ ’ਚ 2 ਨਵੇਂ ਟਰਮੀਨਲ ਭਵਨਾਂ ਦੀ ਸਾਂਝੇ ਸਮਰੱਥਾ ਸਾਲਾਨਾ 620 ਮਿਲੀਅਨ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਚ 9800 ਕਰੋੜ ਰੁਪਏ ਤੋਂ ਵੱਧ ਦੀ 15 ਹਵਾਈ ਅੱਡਾ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਤਾਂ ਕਿ ਨਵੇਂ ਵਿਕਸਤ ਭਾਰਤ ਦੀ ਕਲਪਨਾ ਨੂੰ ਸਾਕਾਰ ਕੀਤਾ ਜਾ ਸਕੇ।

ਹਿੰਡਨ, ਕੋਲਕਾਤਾ, ਗੋਆ, ਬੈਂਗਲੁਰੂ ਤੇ ਨਾਂਦੇੜ ਲਈ ਸ਼ੁਰੂ ਹੋਣਗੀਆਂ ਉਡਾਣਾਂ
ਵਰਣਨਯੋਗ ਹੈ ਕਿ 40 ਏਕੜ ’ਚ ਫੈਲੇ ਆਦਮਪੁਰ ਏਅਰਪੋਰਟ ਤੋਂ ਉਡਾਣ 5.0 ਤਹਿਤ ਹਿੰਡਨ, ਕੋਲਕਾਤਾ, ਗੋਆ, ਬੈਂਗਲੁਰੂ ਤੇ ਨਾਂਦੇੜ ਤੋਂ ਆਉਣ-ਜਾਣ ਦਾ ਰੂਟ ਦਿੱਤਾ ਗਿਆ ਹੈ। ਆਦਮਪੁਰ ਹਵਾਈ ਅੱਡੇ ਦੇ ਟਰਮੀਨਲ ਦਾ ਨਿਰਮਾਣ ਪੰਜਾਬ ਦੀ ਸੰਸਕ੍ਰਿਤ ਤੋਂ ਪ੍ਰੇਰਿਤ ਕਲਾਵਾਂ ਨਾਲ ਲੈਸ ਹੈ। ਡਿਜ਼ਾਈਨ ’ਚ ‘ਜਾਅਲੀ’ ਸ਼ਿਲਪ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪੰਜਾਬੀ ਔਰਤਾਂ ’ਚ ਲੋਕਪ੍ਰਿਯ ‘ਝੁਮਕਾ ਬਾਲੀ’ ਵਾਂਗ ਜਟਿਲ ਜਾਅਲੀ ਪੈਟਰਨ ਨਾਲ ਪ੍ਰੇਰਿਤ ਹੈ।

ਜਲੰਧਰ ਦੇ ਆਦਮਪੁਰ ਏਅਰਪੋਰਟ ਦੇ ਉਦਘਾਟਨ ਮੌਕੇ ਪਹੁੰਚੇ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਜੇਕਰ ਏਅਰਪੋਰਟ ਦਾ ਨਾਂ ਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਿਆ ਜਾਂਦਾ ਤਾਂ ਅੱਜ ਸਾਨੂੰ ਹੋਰ ਵੀ ਖ਼ੁਸ਼ੀ ਹੁੰਦੀ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਆਦਮਪੁਰ ਏਅਰਪੋਰਟ ਦਾ ਨਾਮ ਬਦਲਿਆ ਜਾ ਸਕੇ। ਇਸ ਮੌਕੇ ਪੁੱਜੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਜਲੰਧਰ ਐੱਨ. ਆਰ. ਆਈ. ਬੈਲਟ ਹੈ ਅਤੇ ਇਥੇ ਏਅਰਪੋਰਟ ਦੀ ਲੋੜ ਸੀ ਪਰ ਇਥੋਂ ਫਲਾਈਟਾਂ ਜਲਦੀ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਏਅਰਪੋਰਟ ਦਾ ਫਾਇਦਾ ਹੋਵੇਗਾ।

ਭਾਰਤ ਸਰਕਾਰ ਪੰਜਾਬ ਦੀ ਸੇਵਾ ਲਈ ਪ੍ਰਤੀਬੱਧ : ਸੋਮ ਪ੍ਰਕਾਸ਼
ਆਦਮਪੁਰ ਹਵਾਈ ਅੱਡੇ ’ਤੇ ਪ੍ਰੋਗਰਾਮ ਦੌਰਾਨ ਵਿਸ਼ੇਸ਼ ਰੂਪ ਨਾਲ ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਜਨਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ ਤੇ ਭਾਰਤ ਸਰਕਾਰ ਪੰਜਾਬ ਦੀ ਸੇਵਾ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਨੂੰ 6 ਹਵਾਈ ਅੱਡੇ ਮਿਲੇ ਹਨ, ਜਿਨ੍ਹਾਂ ’ਚ 2 ਕੌਮਾਂਤਰੀ ਹਵਾਈ ਅੱਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਵਾਈ ਸੇਵਾਵਾਂ ਦੇ ਨਾਲ-ਨਾਲ ਰੇਲਵੇ ਤੇ ਸੜਕ ਰਾਜਮਾਰਗ ਵੀ ਪ੍ਰਗਤੀ ਦੇ ਰਾਹ ’ਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਵਿਕਾਸ ਦੇ ਰਾਹ ’ਤੇ ਲਿਜਾਣ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਸੰਸਦ ਮੈਂਬਰ ਅਸ਼ੋਕ ਮਿੱਤਲ, ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ, ਪੰਜਾਬ ਭਾਜਪਾ ਦੇ ਜਨ. ਸਕੱਤਰ ਰਾਕੇਸ਼ ਰਾਠੌਰ, ਉਪ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ, ਰਾਜੇਸ਼ ਬਾਘਾ, ਭਾਜਪਾ ਜਨ. ਸਕੱਤਰ ਰਾਕੇਸ਼ ਰਾਠੌਰ, ਜ਼ਿਲਾ ਭਾਜਪਾ ਪ੍ਰਧਾਨ ਸੁਨੀਲ ਸ਼ਰਮਾ, ਜ਼ਿਲਾ ਜਨ. ਸਕੱਤਰ ਰਾਜੇਸ਼ ਕਪੂਰ, ਇਕਬਾਲ ਸਿੰਘ ਅਟਵਾਲ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਰਮਨ ਪੱਬੀ, ਪ੍ਰਸ਼ਾਂਤ ਗੰਭੀਰ, ਅਨੁਜ ਸ਼ਾਰਦਾ ਸਣੇ ਕਈ ਭਾਜਪਾ ਨੇਤਾ ਹਾਜ਼ਰ ਸਨ।

ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਿਆ ਜਾਏ-ਸੰਸਦ ਮੈਂਬਰ ਅਸ਼ੋਕ ਮਿੱਤਲ
ਉਥੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਏਅਰਪੋਰਟ ਨੂੰ ਜੋੜਨ ਵਾਲੀ ਸੜਕ ਜਲਦੀ ਬਣਾਈ ਜਾਵੇ ਤੇ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਆਬਾ ਖੇਤਰ ਤੋਂ ਲੱਖਾਂ ਲੋਕ ਵਿਦੇਸ਼ਾਂ ’ਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਜਾਂ ਅੰਮ੍ਰਿਤਸਰ ਫਲਾਈਟ ਫੜਨ ਲਈ ਨਹੀਂ ਜਾਣਾ ਪਵੇਗਾ। ਜਲੰਧਰ ਉਂਝ ਵੀ ਸਪੋਰਟਸ ਹੱਬ ਦੇ ਰੂਪ ’ਚ ਜਾਣਿਆ ਜਾਂਦਾ ਹੈ ਤੇ ਵਪਾਰੀਆਂ ਨੂੰ ਵੀ ਫਲਾਈਟ ਸ਼ੁਰੂ ਕਰਨ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਜਲਦੀ ਏਅਰਪੋਰਟ ਤੋਂ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ।

‘ਆਪ’ ਸਰਕਾਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸਮਾਰੋਹ ਤੋਂ ਰਹੇ ਗੈਰ-ਹਾਜ਼ਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਦਮਪੁਰ ਹਵਾਈ ਅੱਡੇ ਦੇ ਟਰਮੀਨਲ ਦੇ ਉਦਘਾਟਨ ਸਮਾਰੋਹ ’ਚ ਪੰਜਾਬ ਸਰਕਾਰ ਦਾ ਕੋਈ ਵੀ ਵਿਧਾਇਕ ਅਤੇ ਕੈਬਨਿਟ ਮੰਤਰੀ ਨਹੀਂ ਪਹੁੰਚੇ ਸਨ ਜਦੋਂਕਿ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਸਮਾਰੋਹ ਤੋਂ ਗੈਰ-ਹਾਜ਼ਰ ਰਹੇ ਹਨ। ਹਾਲਾਂਕਿ ਸੰਸਦ ਮੈਂਬਰ ਰਿੰਕੂ ਨੇ ਹਵਾਈ ਅੱਡੇ ਨੂੰ ਜਲਦੀ ਸ਼ੁਰੂ ਕਰਨ ਲਈ ਕੇਂਦਰੀ ਹਵਾਬਾਜ਼ੀ ਮੰਤਰੀ ਨਾਲ ਮਿਲੇ ਸਨ। ਯਾਦ ਰਹੇ ਕਿ ਕੇਂਦਰ ਸਰਕਾਰ ਤਾਂ ਪੰਜਾਬ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਕਰਵਾ ਰਹੀ ਹੈ ਅਤੇ ਇਹ ਭਾਰਤ ਸਰਕਾਰ ਦਾ ਪ੍ਰੋਗਰਾਮ ਸੀ, ਉਸ ’ਚ ਆਪ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਸੀ।
ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ
NEXT STORY